ਅੰਧਵਿਸ਼ਵਾਸ ਦਾ ਕਹਿਰ
ਦਿੱਲੀ ਦੀ ਲੋਧੀ ਕਾਲੋਨੀ ’ਚ ਦੋ ਵਿਅਕਤੀਆਂ ਵੱਲੋਂ ਇੱਕ ਛੇ ਸਾਲਾਂ ਦੇ ਬੱਚੇ ਦਾ ਕਤਲ ਕੀਤੇ ਜਾਣ ਦੀ ਦੁਖਦਾਈ ਘਟਨਾ ਵਾਪਰੀ ਹੈ ਮੁਲਜ਼ਮਾਂ ਨੇ ਪੁਲਿਸ ਕੋਲ ਮੰਨਿਆ ਹੈ ਕਿ ਉਨ੍ਹਾਂ ਨੇ ਬਲੀ ਦੇਣ ਲਈ ਬੱਚੇ ਦਾ ਕਤਲ ਕੀਤਾ ਹੈ ਦਿੱਲੀ ਵਰਗੇ ਮਹਾਂਨਗਰ ਤੇ ਦੇਸ਼ ਦੀ ਰਾਜਧਾਨੀ ’ਚ ਅਜਿਹਾ ਹੋਣਾ ਬੇਹੱਦ ਚਿੰਤਾਜਨਕ ਹੈ ਇਸ ਘਟਨਾ ਦੇ ਦੋ ਪਹਿਲੂ ਹਨ ਇੱਕ ਹੈ ਕਿ ਬੱਚਿਆਂ ’ਤੇ ਹਿੰਸਾ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ ਅਪਰਾਧੀਆਂ ਲਈ ਬੱਚਾ ਨਿਰਬਲ ਤੇ ਮਾਸੂਮ ਹੈ ਜੋ ਕਾਤਲ ਤੋਂ ਬਚਣ ’ਚ ਨਾਕਾਮ ਰਹਿੰਦਾ ਹੈ ਤੇ ਅਪਰਾਧੀ ਦਾ ਆਸਾਨ ਨਿਸ਼ਾਨਾ ਹੁੰਦਾ ਹੈ ਰੋਜ਼ਾਨਾ ਹੀ ਕਿਤੇ ਨਾ ਕਿਤੇ ਬੱਚਿਆਂ ਨੂੰ ਮਾਰਨ ਦੀਆਂ ਖਬਰਾਂ ਆਉਂਦੀਆਂ ਹਨ
ਕਿਤੇ ਫਿਰੌਤੀ ਲਈ, ਕਿਤੇ ਗੁਆਂਢੀ ਨਾਲ ਝਗੜੇ ਦਾ ਬਦਲਾ ਲੈਣ ਲਈ ਬੱਚਿਆਂ ਨੂੰ ਅਗਵਾ ਤੇ ਕਤਲ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਹਰ ਸਾਲ ਗੁੰਮ ਹੋਣ ਪਿੱਛੇ ਵੀ ਬਹੁਤੇ ਮਾਮਲਿਆਂ ਨੂੰ ਅੰਜ਼ਾਮ ਅਪਰਾਧੀਆਂ ਵੱਲੋਂ ਹੀ ਦਿੱਤਾ ਜਾਂਦਾ ਹੈ ਪਿਛਲੇ ਸਾਲ 10 ਹਜ਼ਾਰ ਤੋਂ ਵੱਧ ਬੱਚੇ ਗੁੰਮ ਹੋਣ ਦੀ ਚਰਚਾ ਹੈ ਬੱਚਿਆਂ ਨਾਲ ਹੈਵਾਨੀਅਤ ਇਸ ਕਦਰ ਹੋ ਰਹੀ ਹੈ ਕਿ ਅਪਰਾਧੀਆਂ ਦੇ ਦਿਲਾਂ ’ਚ ਕਾਨੂੰਨ ਦਾ ਭੈਅ ਹੀ ਨਾ ਹੋਵੇ ਜੇਕਰ ਦੋਸ਼ੀਆਂ ਨੂੰ ਸਜ਼ਾ ਦੇ ਅੰਜ਼ਾਮ ਤੱਕ ਪਹੁੰਚਾਇਆ ਜਾਵੇ ਤਾਂ ਕਾਨੂੰਨ ਦਾ ਕੋਈ ਡਰ ਭੈਅ ਪੈਦਾ ਹੋ ਸਕਦਾ ਹੈ ਅਸਲ ’ਚ ਗਰੀਬ ਤੇ ਸਾਧਾਰਨ ਪਰਿਵਾਰ ਦੇ ਬੱਚੇ ਗੁੰਮ ਹੋਣ ਜਾਂ ਮਾਰੇ ਜਾਣ ’ਤੇ ਕਾਰਵਾਈ ਬਹੁਤ ਘੱਟ ਹੁੰਦੀ ਹੈ ਤੇ ਦੋਸ਼ੀ ਬਚ ਨਿੱਕਲਦੇ ਹਨ
ਜਿਸ ਕਾਰਨ ਅਪਰਾਧੀ ਅਜਿਹੇ ਗੁਨਾਹਾਂ ਨੂੰ ਅੱਗੇ ਵੀ ਦੁਹਰਾਉਂਦੇ ਹਨ ਗਰੀਬ ਕੋਲ ਕਿੱਥੇ ਵਕਤ ਹੈ ਕਿ ਆਪਣੀ ਸੁਣਵਾਈ ਕਰਵਾਉਣ ਲਈ ਧਰਨੇ ਦਿੰਦਾ ਫ਼ਿਰੇ ਧਰਨਿਆਂ ਤੋਂ ਬਿਨਾਂ ਗੱਲ ਅੱਗੇ ਪਹੁੰਚਦੀ ਨਹੀਂ ਲੋਧੀ ਕਾਲੋਨੀ ਦੀ ਘਟਨਾ ਦਾ ਇਹ ਪਹਿਲੂ ਵੀ ਚਿੰਤਾਜਨਕ ਹੈ ਕਿ 21ਵੀਂ ਸਦੀ ਅੰਦਰ ਵੀ ਬਲੀ ਜਿਹੀਆਂ ਕੁਪ੍ਰਥਾਵਾਂ ਜਾਰੀ ਹਨ ਅਬਾਦੀ ਦਾ ਕੁਝ ਹਿੱਸਾ ਅਜੇ ਵੀ ਬਲੀ ਵਰਗੀਆਂ ਕੁਰੀਤੀਆਂ ’ਚ ਵਿਸ਼ਵਾਸ ਰੱਖਦਾ ਹੈ
ਇਹ ਕਹਿਣਾ ਗਲਤ ਨਹੀਂ ਹੋਵੇਗਾ, ਕਿ ਨਾ ਤਾਂ ਆਧੁਨਿਕ ਸਿੱਖਿਆ ਦਾ ਪ੍ਰਸਾਰ ਪੂਰੀ ਤਰ੍ਹਾਂ ਹੋ ਸਕਿਆ ਹੈ ਤੇ ਨਾ ਹੀ ਆਧੁਨਿਕ ਸਿੱਖਿਆ ਨਾਗਰਿਕਾਂ ਦਾ ਬਹੁਪੱਖੀ ਵਿਕਾਸ ਕਰ ਸਕੀ ਆਧੁਨਿਕ ਸਿੱਖਿਆ ਸਮਾਜ-ਸੁਧਾਰ ਦੇ ਸਮਰੱਥ ਨਹੀਂ ਹੋਈ ਜਿਸ ਕਰਕੇ ਪੜ੍ਹੇ-ਲਿਖੇ ਲੋਕ ਵੀ ਜੜ ਪੂਜਾ ਤੇ ਧਰਮ ਦੇ ਨਾਂਅ ’ਤੇ ਕੁਰੀਤੀਆਂ ’ਚ ਉਲਝੇ ਹੋਏ ਹਨ, ਹਾਲਾਂਕਿ ਸੱਚਾਈ ਇਹ ਹੈ ਕਿ ਸਾਰੇ ਧਰਮ ਅੰਧਵਿਸ਼ਵਾਸ ਦਾ ਖੰਡਨ ਕਰਦੇ ਹਨ ਸਿੱਖਿਆ ਦਾ ਪਸਾਰ ਹੋ ਰਿਹਾ ਹੈ ਪਰ ਰਫ਼ਤਾਰ ਬਹੁਤ ਮੱਠੀ ਤੇ ਅਸਰ ਵੀ ਘੱਟ ਹੈ ਸਮਾਜ ਨੂੰ ਬੁਰਾਈਆਂ ਤੋਂ ਮੁਕਤ ਕਰਨ ਲਈ ਜਿੱਥੇ ਅਮਨ ਤੇ ਕਾਨੂੰਨ ਪ੍ਰਬੰਧ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਉੱਥੇ ਸਿੱਖਿਆ ਰਾਹੀਂ ਗਿਆਨ-ਵਿਗਿਆਨ ਦਾ ਪ੍ਰਸਾਰ ਵੀ ਕੀਤਾ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ