ਦਿੱਲੀ ’ਚ ਸ਼ਹੀਦ ਹੋਏ ਕਿਸਾਨਾਂ ਦੀ ਸੂਬੇ ਦੀ ਪਹਿਲੀ ਯਾਦਗਾਰ ਸੰਗਰੂਰ ’ਚ ਬਣੀ

Vijayinder Singla Sachkahoon

ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੀਤਾ ਲੋਕਾਂ ਦੇ ਸਪੁਰਦ

ਸਟੀਲ ਦੀਆਂ ਵੱਡੀਆਂ ਵੱਡੀਆਂ ਪਲੇਟਾਂ ’ਤੇ ਉੱਕਰੇ ਨੇ ਕਿਸਾਨ ਸ਼ਹੀਦਾਂ ਦੇ ਨਾਂਅ
ਪ੍ਰੋਗਰਾਮ ’ਚ ਪੁੱਜੇ ਸ਼ਹੀਦ ਕਿਸਾਨਾਂ ਦੇ ਪਰਿਵਾਰ

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਅੱਜ ਸੰਗਰੂਰ ਵਿਖੇ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਸੰਗਰੂਰ ਦੇ ਪੰਜਾਹ ਤੋਂ ਜ਼ਿਆਦਾ ਕਿਸਾਨਾਂ ਦੀ ਯਾਦਗਾਰ ਬਣਾ ਕੇ ਸੂਬੇ ਵਿੱਚੋਂ ਕਿਸਾਨਾਂ ਦੇ ਹਿੱਤ ’ਚ ਪਲੇਠਾ ਯਤਨ ਕੀਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਜੀ ਦੀ ਮਹਾਨ ਸ਼ਹਾਦਤ ਪ੍ਰਤੀ ਨਤਮਸਤਕ ਹੁੰਦੇ ਹੋਏ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਵਿਖੇ ਸ਼ਹੀਦ ਕਿਸਾਨ ਸਮਾਰਕ ‘ਯਾਦਗਾਰ-ਏ-ਸ਼ਹੀਦਾਂ’ ਦਾ ਉਦਘਾਟਨ ਕੀਤਾ।

ਇਸ ਸਮਾਰਕ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਮ ਲਿਖੇ ਗਏ ਹਨ। ਸ੍ਰੀ ਸਿੰਗਲਾ ਨੇ ਗੁਰੂ ਜੀ ਦੀ ਮਹਾਨ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰਾਖੀ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਅਤੇ ਉਨ੍ਹਾਂ ਦੁਆਰਾ ਦਿਖਾਏ ਹੱਕ ’ਤੇ ਸੱਚ ਦੇ ਮਾਰਗ ’ਤੇ ਚਲਦਿਆਂ ਸਾਡੇ ਕਿਸਾਨ ’ਤੇ ਮਜ਼ਦੂਰ ਭਰਾਵਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਇਕਜੁਟਤਾ ਨਾਲ ਟੱਕਰ ਲਈ ਅਤੇ ਜਾਨ ਦੀਆਂ ਕੁਰਬਾਨੀਆਂ ਦੇਣ ਵਿੱਚ ਵੀ ਪਿਛਾਂਹ ਨਾਹਟਣ ਦਾ ਜੇਰਾ ਦਿਖਾ ਕੇ ਇਤਿਹਾਸ ਬਣਾ ਦਿੱਤਾ ਹੈ। ਸਮਾਰਕ ਦਾ ਉਦਘਾਟਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਇਸ ਕਿਸਾਨ ਅੰਦੋਲਨ ਵਿਚ ਪੰਜਾਬ ਦੇ ਸਾਰੇ ਤਬਕਿਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ ਭਾਵੇਂ ਉਹ ਕਿਸਾਨ ਸਨ ਜਾਂ ਮਜ਼ਦੂਰ ਜਾਂ ਫੇਰ ਕੋਈ ਦੁਕਾਨਦਾਰ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਪੰਜਾਬੀਅਤ ਦੀ ਸੱਚੀ ਨੁਮਾਇੰਦਗੀ ਕਰਦਾ ਹੈ ਜਿੱਥੇ ਲੋਕ ਕਿਸੇ ਮੁੱਕਦੱਸ ਮਕਸਦ ਲਈ ਸਿਰ ਜੋੜ ਕੇ ਲੜੇ।

ਸ੍ਰੀ ਸਿੰਗਲਾ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਉਹ ਪਹਿਲਾਂ ਪੰਜਾਬੀ ਹਨ ਅਤੇ ਉਹਨਾਂ ਨੂੰ ਇਸ ਗੱਲ ‘ਤੇ ਮਾਣ ਹੈ ਕਿ ਪੰਜਾਬੀਆਂ ਨੇ ਪੂਰੇ ਮੁਲਕ ਦੀ ਅਗਵਾਈ ਕੀਤੀ ਅਤੇ ਭਾਰਤ ਦੇ ਸਭ ਕਿਸਾਨ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਖਿਲਾਫ਼ ਲਾਮਬੰਦ ਕੀਤਾ। ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬੀਆਂ ਨੇ ਡੱਟ ਕੇ ਇਹ ਲੜਾਈ ਲੜੀ ਅਤੇ ਇੱਕ ਜਾਬਰ ਕੇਂਦਰ ਸਰਕਾਰ ਨੂੰ ਆਪਣੇ ਕਦਮ ਪਿੱਛੇ ਖਿੱਚਣ ਲਈ ਮਜ਼ਬੂਰ ਕੀਤਾ। ਲੋਕ ਨਿਰਮਾਣ ਮੰਤਰੀ ਨੇ ਇਹ ਵੀ ਕਿਹਾ ਇਸ ਇਤਿਹਾਸਕ ਅੰਦੋਲਨ ਵਿਚ 700 ਤੋਂ ਵੱਧ ਸ਼ਹੀਦ ਹੋਏ ਹਨ ਅਤੇ ਸਾਡੇ ਪੰਜਾਬ ’ਚ ਸ਼ਹਾਦਤਾਂ ਨੂੰ ਮਨਾਉਣ ਦਾ ਦਸਤੂਰ ਹੈ। ਉਹਨਾਂ ਨੇ ਕਿਹਾ ਕਿ ਪੰਜਾਬੀ ਹੋਣ ਦੇ ਨਾਂ ‘ਤੇ ਉਹਨਾਂ ਦਾ ਪਹਿਲਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਸ਼ਹੀਦ ਹੋਈਆਂ ਰੂਹਾਂ ਦੀ ਕਦਰ ਕਰਨ ਅਤੇ ਉਹਨਾਂ ਦੇ ਪਰਿਵਾਰਾਂ ਦਾ ਖਿਆਲ ਰੱਖਣ।

ਉਹਨਾਂ ਨੇ ਕਿਹਾ ਕਿ ਸੰਗਰੂਰ ਜ਼ਿਲੇ੍ਹ ਦੇ ਸਾਰੇ ਸ਼ਹੀਦਾਂ ਦੇ ਨਾਮ ਇਸ ਸਮਾਰਕ ਵਿਚ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਮਿਲੇ। ਸਿੰਗਲਾ ਨੇ ਫਿਰਕਾਪਰਸਤ ਆਰਐਸਐਸ ਨੂੰ ਪੰਜਾਬ ਦੀ ਦੁਸ਼ਮਣ ਜਮਾਤ ਗਾਰਨਾਣਦਿਆਂ ਕਿਹਾ ਕਿ ਇਹ ਲੋਕ ਸਮਾਜ ਵਿਚ ਧਰਮ ਅਤੇ ਜਾਤ ਦੇ ਨਾਮ ਤੇ ਵੰਡੀਆਂ ਪਾਉਂਦੇ ਹਨ ਅਤੇ ਇੱਕ ਇਨਸਾਨ ਨੂੰ ਦੂਜੇ ਇਨਸਾਨ ਦਾ ਦੁਸ਼ਮਣ ਬਣਾਉਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਸਮਝਦਾਰ ਹਨ ਅਤੇ ਉਹਨਾਂ ਨੂੰ ਯਕੀਨ ਹੈ ਕਿ ਲੋਕ ਪੰਜਾਬ ਵਿਚ ਕਦੇ ਵੀ ਆਰ ਐਸ ਐਸ ਦੇ ਅਤੇ ਉਸ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।

ਇਸ ਮੌਕੇ ਕਿਸਾਨਾਂ ਦੇ ਵਾਰਸਾਂ ਨੇ ਸ੍ਰੀ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ’ਤੇ ਮਜ਼ਦੂਰਾਂ ਨੂੰ
ਸਮਰਪਿਤ ਨਾ ਕੇਵਲ ਪੰਜਾਬ ਦੀ ਬਲਕਿ ਦੇਸ ਦੀ ਪਹਿਲੀ ਵਿਲੱਖਣ ਯਾਦਗਾਰ ਹੈ ਜਿਸ ਨੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਦੀਵੀ ਅਮਰ ਕਰ ਦਿੱਤਾ ਹੈ। ਇਸ ਮੌਕੇ ਸ਼ਾਮਿਲ ਹੋਏ ਜਿਲ੍ਹਾ ਸੰਗਰੂਰ ਨਾਲ ਸਬੰਧਤ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਮੇਸ਼ਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨ ਅੰਦੋਲਨ ਦੌਰਾਨ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਖੜੀ ਹੈ ਅਤੇ ਭਵਿੱਖ ਵਿੱਚ ਵੀ ਚੱਟਾਨ ਵਾਂਗ ਖੜੀ ਰਹੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਐਸ ਐਸ ਪੀ ਸ੍ਰੀ ਸਵਪਨ ਸ਼ਰਮਾ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ