455 ਵਿਦਿਆਰਥੀਆਂ ਨੂੰ ਸੂਬੇ ਦੀਆਂ ਕਰੀਬ 20 ਕੰਪਨੀਆਂ ਦੇ ਨੁਮਾਇੰਦਿਆਂ ਨੇ ਸੂਚੀਬੱਧ ਕੀਤਾ
ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਸਿੱਖਿਆ ਵਿਭਾਗ ਵੱਲੋਂ ‘ਸਰਬ ਸਿੱਖਿਆ ਅਭਿਆਨ ਪੰਜਾਬ’ ਤਹਿਤ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਡਿਪਟੀ ਸਟੇਟ ਪ੍ਰੋਜੈਕੇਟ ਡਾਇਰੈਕਟਰ ਸੁਭਾਸ਼ ਮਹਾਜਨ ਦੀ ਅਗਵਾਈ ਹੇਠ ਪਹਿਲਾ ਨੌਕਰੀ ਮੇਲਾ ਲਾਇਆ ਗਿਆ। ਇਸ ਵਿੱਚ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ। ਕਿੱਤਾਮੁਖੀ ਸਿੱਖਿਆ ਨੂੰ ਹਾਸਲ ਕਰਨ ਵਾਲੇ ਪੰਜਾਬ ਦੇ 11 ਜ਼ਿਲ੍ਹਿਆਂ ਨਾਲ ਸਬੰਧਿਤ ‘ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ’ ਵਿਸ਼ਾ ਪਾਸ ਵੱਖ-ਵੱਖ ਟ੍ਰੇਡਾਂ ਦੇ 455 ਵਿਦਿਆਰਥੀਆਂ ਨੂੰ ਸੂਬੇ ਦੀਆਂ ਕਰੀਬ 20 ਕੰਪਨੀਆਂ ਦੇ ਨੁਮਾਇੰਦਿਆਂ ਨੇ ਸੂਚੀਬੱਧ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸਿੱਖਿਆ ਵਿਭਾਗ ਦੇ ਡੀਪੀਆਈ (ਸੈ. ਸਿ.) ਪੰਜਾਬ ਪਰਮਜੀਤ ਸਿੰਘ ਨੇ ਮੇਲੇ ਦੇ ਮੁਆਇਨਾ ਕਰਨ ਉਪਰੰਤ ਦੱਸਿਆ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕੌਂਸਲ ਭਾਰਤ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਲਾਏ ਇਸ ਨੌਕਰੀ ਮੇਲੇ ‘ਚ ਚੁਣੇ ਗਏ। ਵਿਦਿਆਰਥੀਆਂ ਨੂੰ ਬਾਅਦ ਵਿੱਚ ਸੂਚਿਤ ਕਰਨ ਉਪਰੰਤ ਸੂਬਾ ਸਰਕਾਰ ਵੱਲੋਂ ਬਣਾਏ ਪ੍ਰੋਗਰਾਮ ਅਨੁਸਾਰ ਨਿਯੁਕਤੀ ਪੱਤਰ ਵੰਡੇ ਜਾਣਗੇ। ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਪੂਰੀ ਕਰਨ ਉਪਰੰਤ ਪਰਿਵਾਰ ਦਾ ਵਿੱਤੀ ਰੂਪ ‘ਚ ਸਹਿਯੋਗ ਦੇਣ ਦੇ ਕਾਬਿਲ ਬਣਾਉਣ ਲਈ 9ਵੀਂ ਜਮਾਤ ਤੋਂ ਕਿੱਤਾਮੁਖੀ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ, ਜਿਸ ਨੂੰ ਵਿਦਿਆਰਥੀ 12ਵੀਂ ਜਮਾਤ ਤੱਕ ਪੜ੍ਹ ਕੇ ਕਿਸੇ ਕੰਪਨੀ ਜਾਂ ਅਦਾਰੇ ਵਿੱਚ ਨੌਕਰੀ ਹਾਸਲ ਕਰਨ ਦੇ ਕਾਬਲ ਹੋ ਜਾਂਦਾ ਹੈ।
ਇਸ ਤੋਂ ਪਹਿਲਾਂ ਸਕੂਲ ਪੁੱਜਣ ‘ਤੇ ਡੀਪੀਆਈ ਪਰਮਜੀਤ ਸਿੰਘ, ਸੁਭਾਸ਼ ਮਹਾਜਨ ਡਿਪਟੀ ਐੱਸਪੀਡੀ ਤੇ ਹੋਰਨਾਂ ਸਖਸ਼ੀਅਤਾਂ ਦਾ ਪ੍ਰਿੰਸੀਪਲ ਮਨਦੀਪ ਕੌਰ ਤੇ ਸਕੂਲ ਸਟਾਫ ਵੱਲੋਂ ਫੁੱਲ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਭਾਸ਼ ਮਹਾਜਨ ਡਿਪਟੀ ਐੱਸਪੀਡੀ, ਪਰਮਿੰਦਰ ਕੌਰ, ਮੈਡਮ ਸੰਜਮ (ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ), ਇੰਦਰਜੀਤ ਸਿੰਘ ਸਹਾਇਕ ਮੈਨੇਜਰ ਵੋਕੇਸ਼ਨਲ ਪੰਜਾਬ, ਅਸੀਮ ਜੇਤਲੀ ਸਹਾਇਕ ਮੈਨੇਜਰ ਆਦਿ ਹਾਜ਼ਰ ਸਨ।