ਪੰਜਾਬ ਰਾਈਟ ਟੂ ਬਿਜ਼ਨੈਸ ਐਕਟ ਤਹਿਤ ਸੂਬੇ ਦਾ ਪਹਿਲਾ ਸਰਟੀਫਿਕੇਟ ਪਟਿਆਲਾ ‘ਚ ਜਾਰੀ

ਨਵੇਂ ਵਪਾਰ/ਕਾਰੋਬਾਰ ਸ਼ੁਰੂਆਤ ਲਈ ਪੰਜਾਬ ਦੀ ਪਹਿਲਕਦਮੀ : ਡਿਪਟੀ ਕਮਿਸ਼ਨਰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਰਾਈਟ ਟੂ ਬਿਜ਼ਨੈਸ ਐਕਟ-2020 ਤਹਿਤ ਅੱਜ ਸੂਬੇ ਦਾ ਪਹਿਲਾ ਸਰਟੀਫਿਕੇਟ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਕਾਰੋਬਾਰੀ ਰਤਨਦੀਪ ਗੜੰਗ ਨੂੰ ਖਿਡੌਣਿਆਂ ਦੀ ਫੈਕਟਰੀ ਲਾਉਣ ਲਈ ਜਾਰੀ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਐਕਟ ਦੀ ਵਿਸ਼ੇਸ਼ਤਾ ਦੱਸਦਿਆਂ ਕਿਹਾ ਕਿ ਇਸ ਐਕਟ ਤਹਿਤ ‘ਬਿਜ਼ਨੈਸ ਫਸਟ ਪੋਰਟਲ’ ‘ਤੇ ਰਾਜ ਵਿੱਚ ਨਵਾਂ ਵਪਾਰ/ਕਾਰੋਬਾਰ ਸ਼ੁਰੂ ਕਰਨ ਵਾਲੇ ਨੂੰ ਇੱਕ ਥਾਂ ‘ਤੇ ਹੀ ਅਰਜ਼ੀ ਦੇਣ ਤੋਂ ਬਾਅਦ ਰਿਕਾਰਡ ਸਮੇਂ ‘ਚ ਸਾਰੀਆਂ ਐਨ.ਓ.ਸੀਜ ਤੇ ਲੋੜੀਂਦੀਆਂ ਪ੍ਰਵਾਨਗੀਆਂ ਦੇ ਕੇ ਸਰਟੀਫਿਕੇਟ ਜਾਰੀ ਕਰਨ ਦੀ ਪਹਿਲਕਦਮੀ ਲਿਆਂਦੀ ਗਈ ਹੈ।

ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ-ਘਨੌਰ ਨੇੜੇ ਖਿਡੌਣਿਆਂ ਦੀ ਨਵੀਂ ਫੈਕਟਰੀ ਲਗਾਉਣ ਲਈ ਸਬੰਧਤ ਵਿਭਾਗਾਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ 13 ਦਿਨਾਂ ਦੇ ਰਿਕਾਰਡ ਸਮੇਂ ‘ਚ ਪ੍ਰਾਪਤ ਕਰਕੇ ਮੈਸਰਜ ਪਲੈਟੀਨਮ ਟੁਆਏਜ਼ ਦਾ ਮਾਲਕ ਰਤਨਦੀਪ ਗੜੰਗ ਸੂਬੇ ਦਾ ਅਜਿਹਾ ਪਹਿਲਾ ਉਦਮੀ ਬਣ ਗਿਆ ਹੈ, ਜਿਸ ਨੂੰ ਆਨਲਾਈਨ ਅਰਜ਼ੀ ਦੇਣ ਦੇ 13ਵੇਂ ਦਿਨ ਸਾਰੀਆਂ ਪ੍ਰਵਾਨਗੀਆਂ ਹਾਸਲ ਹੋ ਗਈਆਂ ਹੋਣ।

ਸਿੰਗਲ ਵਿੰਡੋ ਪ੍ਰਣਾਲੀ ‘ਬਿਜ਼ਨੈਸ ਫਰਸਟ ਪੋਰਟਲ’ ਰਾਹੀਂ ਪ੍ਰਾਪਤ ਪ੍ਰਵਾਨਗੀਆਂ ਦਾ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਕੋਲੋਂ ਹਾਸਲ ਕਰਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਰਤਨਦੀਪ ਨੇ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਵਾਨਗੀਆਂ ਸਮੇਂ ਸਿਰ ਨਾ ਮਿਲਣ ਕਰਕੇ ਨਵੇਂ ਉੱਦਮੀ ਦਾ ਉਤਸ਼ਾਹ ਸ਼ੁਰੂਆਤੀ ਸਮੇਂ ‘ਚ ਹੀ ਮੱਠਾ ਪੈ ਜਾਂਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ਼ ਵਿਭਾਗ ਵੱਲੋਂ ਲਾਗੂ ਕੀਤੇ ਗਏ ‘ਪੰਜਾਬ ਰਾਈਟ ਟੂ ਬਿਜਨੈਸ ਐਕਟ-2020’ ਦਾ ਲਾਭ ਨਵੇਂ ਉਦਮੀਆਂ ਨੂੰ ਜਰੂਰ ਮਿਲੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਜਗਨੂਰ ਸਿੰਘ ਗਰੇਵਾਲ (ਪੀ.ਸੀ.ਐਸ. ਟ੍ਰੇਨੀ), ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਧਰਮਪਾਲ ਭਗਤ, ਫੰਕਸ਼ਨਲ ਮੈਨੇਜਰ ਅੰਗਦ ਸਿੰਘ ਸੋਹੀ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.