ਜਥੇਬੰਦੀਆਂ ਦੀ ਫੁੱਟ ਨੇ ਕੱਖੋਂ ਹੌਲ਼ੇ ਪਾਏ ਬਿਜਲੀ ਮੁਲਾਜ਼ਮ

ਜਥੇਬੰਦੀਆਂ ਦੀ ਫੁੱਟ ਨੇ ਕੱਖੋਂ ਹੌਲ਼ੇ ਪਾਏ ਬਿਜਲੀ ਮੁਲਾਜ਼ਮ

ਦੇਸ਼ ਦੀ ਤਰੱਕੀ ਪਿੱਛੇ ਬਿਜਲੀ ਕਾਰਪੋਰੇਸ਼ਨਾਂ ਦਾ ਵੀ ਵਡਮੁੱਲਾ ਯੋਗਦਾਨ ਹੈ। ਬਿਜਲੀ ਮੁਲਾਜ਼ਮਾਂ ਦੀ ਆਪਣੀ ਹੱਡ-ਭੰਨ੍ਹਵੀਂ ਮਿਹਨਤ ਸਦਕਾ ਅੱਜ ਪੂਰੇ ਦੇਸ਼ ਅੰਦਰ ਆਧੁਨਿਕ ਤੇ ਵਿਸ਼ਾਲ ਬਿਜਲੀ ਢਾਂਚਾ ਖੜ੍ਹਾ ਕੀਤਾ ਗਿਆ ਹੈ। ਜਿਸ ਦੀ ਬਦੌਲਤ ਦੇਸ਼ ਦਾ ਹਰ ਛੋਟਾ-ਵੱਡਾ ਬਾਸ਼ਿੰਦਾ ਸਹੂਲਤਾਂ ਮਾਣਦਾ ਹੋਇਆ, ਆਪੋ-ਆਪਣਾ ਰੁਜ਼ਗਾਰ ਚਲਾ ਕੇ ਗੁਜ਼ਰ-ਬਸਰ ਕਰ ਰਿਹਾ ਹੈ। ਪਰੰਤੂ ਇਸ ਵਿਸ਼ਾਲ ਢਾਂਚੇ ਦੇ ਸਿਰਜਣਹਾਰੇ ਨੂੰ ਅੱਜ ਸਰਕਾਰਾਂ ਵੱਲੋਂ ਅਣਗੌਲਿਆ ਕਰਕੇ ਇਸ ਦੇ ਸਨਮਾਨ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਜਿਸ ਕਾਰਨ ਇਸ ਵਿਸ਼ਾਲ ਢਾਂਚੇ ਦੀ ਅਜੇ ਹੋਰ ਹੋਣ ਵਾਲੀ ਤਰੱਕੀ ਵਿੱਚ ਖੜੋਤ ਆਈ ਹੈ।

ਇਸ ਖੜੋਤ ਨੂੰ ਦੂਰ ਕਰਨ ਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਕੁਝ ਸੂਝਵਾਨ ਲੋਕਾਂ ਨੇ ਅਗਵਾਈ ਕਰਕੇ ਪੰਜਾਬ ਰਾਜ ਬਿਜਲੀ ਬੋਰਡ, ਹੁਣ ਪੀਐਸਪੀਸੀਐਲ, ਅੰਦਰ ਮੁਲਾਜ਼ਮ ਜਥੇਬੰਦੀਆਂ ਦਾ ਆਗਾਜ਼ ਕੀਤਾ, ਜਿਸ ਨੂੰ ਚਾਰੇ ਪਾਸਿਓਂ ਸਫਲਤਾ ਵੀ ਮਿਲੀ ਮੁਲਾਜ਼ਮ ਏਕਤਾ ਤੇਜ਼ੀ ਨਾਲ ਵਧੀ। ਮੁਲਾਜ਼ਮਾਂ ਦੀ ਜੱਥੇਬੰਦੀ ਬਿਜਲੀ ਬੋਰਡ ਵਿੱਚ ਆਪਣੇ ਜੋਬਨ ’ਤੇ ਸੀ, ਤਾਂ ਉਸ ਸਮੇਂ ਦੇ ਮੌਜ਼ੂਦਾ ਆਗੂਆਂ ਵੱਲੋਂ ਪ੍ਰਧਾਨਗੀਆਂ ਦੇ ਨਸ਼ੇ ’ਚ ਵੱਡੀਆਂ ਗਲਤੀਆਂ ਕੀਤੀਆਂ ਗਈਆਂ।

ਨਤੀਜਾ ਏਕਤਾ ਟੁੱਟ ਕੇ ਖਿੰਡਣ ਲੱਗ ਪਈ, ਮੁਲਾਜ਼ਮਾਂ ਦੀਆਂ ਮੰਗਾਂ ਮੁਸ਼ਕਲਾਂ ਦੇ ਵੱਡੇ ਢੇਰ ਲੱਗਣੇ ਸ਼ੁਰੂ ਹੋ ਗਏ। ਜਥੇਬੰਦੀਆਂ ਅੰਦਰ ਸਿਆਸਤ ਦੀ ਘੁਸਪੈਠ ਸ਼ੁਰੂ ਹੋ ਗਈ, ਮੁਸ਼ਕਲਾਂ ਦਾ ਚਾਰ ਚੁਫੇਰਿਉਂ ਘੇਰਾ ਪੈਣ ਤੇ ਏਕਤਾ ਟੁੱਟਣ ਕਾਰਨ ਸ਼ਕਤੀ ਘਟਣ ਲੱਗੀ। ਇਸ ਵਰਤਾਰੇ ਦੀ ਬਦੌਲਤ ਏਕਤਾ ਖਿੱਲਰ ਕੇ ਧੜੇਬੰਦੀਆਂ ’ਚ ਵੰਡੀ ਜਾਣ ਲੱਗੀ, ਜੋ ਬਾਅਦ ਵਿਚ ਧੜੇਬੰਦੀਆਂ ਨੇ ਵੱਖ-ਵੱਖ ਕੇਡਰਾਂ ਤੇ ਕੈਟੇਗਰੀਆਂ ਦੇ ਤਹਿਤ ਵੱਖ-ਵੱਖ ਜਥੇਬੰਦੀਆਂ ਨੂੰ ਜਨਮ ਦਿੱਤਾ

ਜਥੇਬੰਦੀਆਂ ਦੀ ਏਕਤਾ ਦਾਣਿਆਂ ਵਾਂਗ ਖਿੰਡਣ ਕਾਰਨ ਮੈਨੇਜ਼ਮੈਂਟਾਂ ਨੇ ਕੁੱਝ ਗਰੁੱਪਾਂ ਨੂੰ ਆਪਣੇ ਵੱਸ ਵਿੱਚ ਕਰਨ ਤੇ ਪਾੜੇ ਨੂੰ ਹੋਰ ਵਧਾਉਣ ਤੇ ਪੱਕਾ ਕਰਨ ਲਈ ਕਈ ਧਿਰਾਂ ਨਾਲ ਅੰਦਰੂਨੀ ਸਮਝੌਤਾ ਕਰਕੇ ਮੰਗਾਂ ਨੂੰ ਦੂਰ ਕਰਨ ਦੇ ਨਾਂਅ ’ਤੇ ਕੁੱਝ ਦੇ ਦਿੱਤਾ, ਤੇ ਕਈਆਂ ਨੂੰ ਲਾਰਿਆਂ ਦੇ ਛਣਕਣੇ ਫੜਾ ਦਿੱਤੇ, ਜੋ ਕੱਟੜ ਸਨ ਉਹ ਕਲਪਦੇ ਰਹੇ, ਪਰ ਕਰ ਕੁੱਝ ਵੀ ਨਾ ਸਕੇ। ਅਕਸਰ ਮੈਨੇਜਮੈਂਟਾਂ ਤੇ ਸਰਕਾਰਾਂ ਇਹੀ ਚਾਹੁੰਦੀਆਂ ਸੀ। ਬਹੁਤੇ ਵੱਡੇ ਪ੍ਰਧਾਨ ਅੰਤ ਤੱਕ ਪ੍ਰਧਾਨ ਰਹਿਣਾ ਚਾਹੁੰਦੇ ਸਨ। ਰਿਟਾਇਰਮੈਂਟ ਤੋਂ ਬਾਅਦ ਵੀ ਪ੍ਰਧਾਨਗੀਆਂ ਛੱਡਣਾ ਉਨ੍ਹਾਂ ਨੂੰ ਸਹਿਣ ਨਹੀਂ ਸੀ। ਇਸ ਕਾਰਨ ਵੀ ਹੇਠਲੇ ਪੱਧਰ ’ਤੇ ਮੁਲਾਜ਼ਮਾਂ ਦੀ ਆਪਸੀ ਗੁੱਟਬਾਜ਼ੀ ਵਧੀ

ਮੁਲਾਜ਼ਮ ਆਗੂਆਂ ਦੀ ਆਪਸੀ ਫੁੱਟ ਦੇ ਨਤੀਜਿਆਂ ਕਾਰਨ ਮਿਲਣ ਵਾਲਾ ਬਹੁਤ ਕੁੱਝ ਪ੍ਰਧਾਨਗੀਆਂ ਨਾ ਛੱਡਣ ਦੀ ਭੇਟ ਚੜ੍ਹਾ ਦਿੱਤਾ। ਬਿਜਲੀ ਮੁਲਾਜ਼ਮਾਂ ਨੂੰ ਪਹਿਲਾਂ ਪੇ ਕਮਿਸ਼ਨ ਦੇ ਸਕੇਲ ਵੱਖਰੇ ਤੌਰ ’ਤੇ ਵੱਧ ਮਿਲਦੇ ਸਨ ਫੁੱਟ ਕਾਰਨ ਉਸ ਤੋਂ ਹੱਥ ਧੋਣੇ ਪੈ ਗਏ ਹਨ। ਪੁਰਾਣੀ ਬਿਜਲੀ ਬੋਰਡ ਵਾਲੀ ਭਰਤੀ ਤੋਂ ਮਹਿਕਮਾ ਅੱਜ ਖਹਿੜਾ ਛੁਡਾਉਣ ਵਾਲੇ ਪਾਸੇ ਤੁਰ ਪਿਆ ਹੈ। ਆਪਸੀ ਫੁੱਟ ਦੇ ਨਤੀਜੇ ਹੋਰ ਵੀ ਭਿਆਨਕ ਰੂਪ ਧਾਰਨ ਕਰਨਗੇ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਪੈਨਸ਼ਨਰਾਂ ਨੂੰ ਵੀ ਇਸ ਦਾ ਸੰਤਾਪ ਭੋਗਣਾ ਪੈ ਸਕਦਾ ਹੈ। ਬੋਰਡ ਕਰਮਚਾਰੀ ਦਾ ਆਪਣੇ ਪਰਿਵਾਰ ਲਈ ਭਰਤੀ ਦਾ ਕੋਟਾ, ਨਵੀਂ ਭਰਤੀ ਨੂੰ ਪੈਨਸ਼ਨ ਨਾ ਦੇਣਾ, ਤੇ ਬਿਜਲੀ ਯੂਨਿਟਾਂ ਦੀ ਰਿਆਇਤ ਵੀ ਨਵੀਂ ਭਰਤੀ ਤੋਂ ਖੋਹ ਲਈ ਗਈ ਹੈ। ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਮੈਡੀਕਲ ਸਹੂਲਤ ਤੇ ਬਾਜ਼ ਅੱਖ ਰੱਖ ਕੇ ਬੰਦ ਕਰਨ ਲਈ ਅੰਦਰੋਂ-ਅੰਦਰੀਂ ਖਿਚੜੀ ਪਕਾਈ ਜਾ ਰਹੀ ਹੈ।

ਸਰਕਾਰੀ ਥਰਮਲ ਪਲਾਂਟਾਂ ਨੂੰ ਕਾਰਪੋਰੇਸ਼ਨਾਂ ਤੇ ਸਰਕਾਰਾਂ ਨੇ ਬੰਦ ਕਰਕੇ ਕੌਡੀਆਂ ਦੇ ਭਾਅ ਵੇਚਣ ਲਈ ਕਮਰਕੱਸੇ ਕੱਸ ਲਏ ਹਨ, ਤੇ ਹੋਰ ਅੱਗੇ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਨੂੰ ਜ਼ਿੰਦੇ ਲਾਉਣ ਦੇ ਆਸਾਰ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤਾਂ ਮੈਨੇਜਮੈਂਟਾਂ ਤੇ ਸਰਕਾਰਾਂ ਦੇ ਹੌਂਸਲੇ ਮੁਲਾਜ਼ਮ ਆਗੂਆਂ ਦੀ ਆਪਸੀ ਫੁੱਟ ਕਾਰਨ ਏਨੇ ਬੁਲੰਦ ਹੋ ਗਏ ਹਨ, ਕਿ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਵਿਰੋਧ ਕਰਨ ਵਾਲਾ ਕੋਈ ਦਿਸਦਾ ਹੀ ਨਹੀਂ, ਜੇਕਰ ਕੋਈ ਵਿਰੋਧ ਕਰੇਗਾ ਤਾਂ ਉਹ ਭਲੀਭਾਂਤ ਜਾਣੂ ਹਨ ਕਿ ਇਹ ਵਿਰੋਧ ਸਿਰਫ਼ ਆਪਣੀ ਹੋਂਦ ਕਾਇਮ ਰੱਖਣ ਲਈ ਮਾਰੀ ਫੋਕੀ ਬੜ੍ਹਕ ਹੀ ਹੈ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਟਰੇਡ ਜੱਥੇਬੰਦੀਆਂ ਦੀ ਸਾਂਝ ਸਿਆਸੀ ਪਾਰਟੀਆਂ ਨਾਲ ਵੀ ਹੈ।

ਕਿਸੇ ਸਮੇਂ ਜੱਥੇਬੰਦੀਆਂ ਇੱਕ ਅਦਾਰਾ, ਇੱਕ ਯੂਨੀਅਨ, ਦਾ ਨਾਅਰਾ ਮਾਰਦੀਆਂ ਸਨ। ਪਰ ਸਿਆਸੀ ਧਿਰਾਂ ਨੇ ਆਪਣੇ ਵਿੰਗ ਬਣਾ ਕੇ ਬਿਜਲੀ ਕਾਰਪੋਰੇਸ਼ਨਾਂ ਅੰਦਰ ਮੁਲਾਜ਼ਮਾਂ ਧੜਿਆਂ ਵਿਚ ਵੰਡ ਕੇ, ਆਪਸੀ ਫੁੱਟ ਨੂੰ ਹੋਰ ਗੂੜ੍ਹਾ ਕੀਤਾ ਹੈ। ਸਿੱਟੇ ਵਜੋਂ ਪੰਜਾਬ ਦੀ ਟਰੇਡ ਯੂਨੀਅਨ ਲਹਿਰ ਅੱਜ ਲਗਭਗ ਸਾਰੇ ਅਦਾਰਿਆਂ ਵਿਚੋਂ ਖ਼ਤਮ ਹੋਣ ਕਿਨਾਰੇ ਜਾ ਪਹੁੰਚੀ ਹੈ। ਇਸ ਦਾ ਨਤੀਜਾ ਅੱਜ ਬਿਲਕੁੱਲ ਸਾਹਮਣੇ ਹੈ। ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਇਕੱਤੀ ਦੇ ਕਰੀਬ ਕਿਸਾਨ ਜੱਥੇਬੰਦੀਆਂ ਸੰਘਰਸ਼ ਦੇ ਰਾਹ ਪਈਆਂ ਹਨ। ਇਕੱਤੀ ਕਿਉਂ? ਇੱਕ ਹੀ ਹੋਣੀ ਚਾਹੀਦੀ ਸੀ।

ਇਹੀ ਹਾਲ ਬਿਜਲੀ ਮਹਿਕਮੇ ਦਾ ਹੈ। ਇੱਕ ਅਦਾਰਾ, ਇੱਕ ਯੂਨੀਅਨ, ਦੀ ਜਗ੍ਹਾ ਸਿਆਸੀ ਧਿਰਾਂ ਨੇ ਇਨ੍ਹਾਂ ਨੂੰ ਵੰਡ ਕੇ ਆਪਣੇ ਵਿੰਗ ਖੜ੍ਹੇ ਕੀਤੇ ਹਨ। ਕਿਸੇ ਮਗਰ ਪੰਜ ਤੇ ਕਿਸੇ ਮਗਰ ਪੰਜਾਹ ਬੰਦੇ, ਸਭ ਆਪੋ ਆਪਣੇ ਰਾਗ ਅਲਾਪਣ ਵਿੱਚ ਮਸਤ ਹਨ। ਜੇਕਰ ਨਿਰੋਲ ਮੁਲਾਜ਼ਮ ਹਿੱਤਾਂ ਦੀ ਗੱਲ ਕਰਨ ਵਾਲੀਆਂ ਜੱਥੇਬੰਦੀਆਂ ਹੁੰਦੀਆਂ ਤਾਂ ਫਿਰ ਹਾਲਾਤ ਇਹੋ-ਜਿਹੇ ਨਹੀਂ ਹੋਣੇ ਸਨ। ਨਾ ਮੁਲਾਜ਼ਮਾਂ ਦੇ ਤੇ ਨਾ ਹੀ ਮਹਿਕਮਿਆਂ ਦੇ। ਜੱਥੇਬੰਦੀਆਂ ਦੀ ਆਪਸੀ ਫੁੱਟ ਕਾਰਨ ਅੱਜ ਨਵੀਂ ਭਰਤੀ ਨੂੰ ਤਿੰਨ ਸਾਲ ਨਾ-ਮਾਤਰ ਗੁਜ਼ਾਰਾ ਭੱਤਾ ਦੇ ਕੇ ਸ਼ਰੇਆਮ, ਸਰਕਾਰ ਵੱਲੋਂ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪੜ੍ਹੀ-ਲਿਖੀ ਨੌਜੁਆਨ ਪੀੜ੍ਹੀ ਦਾ ਹੋ ਰਿਹਾ ਆਰਥਿਕ ਸ਼ੋਸ਼ਣ ਵੀ ਪਾਟੋਧਾੜ ਦਾ ਹੀ ਨਤੀਜਾ ਹੈ।

ਮੌਜੂਦਾ ਸਮੇਂ ਦੌਰਾਨ ਬਿਜਲੀ ਮਹਿਕਮੇ ਵਿੱਚ ਵਧੀ ਰਿਸ਼ਵਤਖੋਰੀ ਵੀ ਧੜੇਬੰਦੀ ਦਾ ਹੀ ਸਿੱਟਾ ਹੈ। ਪਰ ਵੱਡੇ ਲੀਡਰ ਟਾਹਰਾਂ ਮਾਰਨ ਤੋਂ ਬਿਲਕੁਲ ਵੀ ਪਾਸਾ ਨਹੀਂ ਵੱਟਦੇ। ਨੱਕ ਦਾ ਸਵਾਲ ਬਣਾਕੇ ਹੜਤਾਲ ਦੀ ਕਾਲ ਦਿੰਦੇ ਹਨ, ਉਹ ਭਲੀਭਾਂਤ ਜਾਣਦੇ ਹਨ ਕਿ ਇਹ ਬ੍ਰਹਮ ਅਸਤਰ ਹੁਣ ਫੇਲ੍ਹ ਹੋ ਚੁੱਕਾ ਹੈ। ਹੜਤਾਲ ਦਾ ਮਤਲਬ ਹੈ, ਉਸ ਮਹਿਕਮੇ ਦਾ ਸਾਰਾ ਕੰਮ-ਕਾਜ ਠੱਪ। ਭਾਵ ਪੰਜਾਬ ਵਿੱਚ ਬਿਜਲੀ ਪੱਖੋਂ ਹਨੇ੍ਹਰਾ, ਪਰ ਅਜਿਹਾ ਹੁੰਦਾ ਨਹੀਂ ਹੈ। ਜਥੇਬੰਦੀਆਂ ਨੂੰ ਹੜਤਾਲ ਦੀ ਕਾਲ ਦੇਣੀ ਹੀ ਨਹੀਂ ਚਾਹੀਦੀ, ਕਿਉਂ?

ਪਹਿਲਾਂ ਸਾਰੇ ਬਿਜਲੀ ਮੁਲਾਜ਼ਮਾਂ ਨੂੰ ਇੱਕ ਝੰਡੇ ਥੱਲੇ ਲਾਮਬੰਦ ਕਰਕੇ ਸਾਰੇ ਧੜਿਆਂ ਤੇ ਕੇਡਰਾਂ ਤੋਂ ਬਣੀਆਂ ਜਥੇਬੰਦੀਆਂ ਨੂੰ ਇੱਕ ਕਰਕੇ ਇੱਕ ਅਦਾਰਾ, ਇੱਕ ਯੂਨੀਅਨ, ਵਾਲੇ ਕਲਚਰ ਨੂੰ ਲਾਗੂ ਕਰਕੇ ਪਹਿਰਾ ਦਿੱਤਾ ਜਾਵੇ, ਤਾਂ ਸੱਚ ਜਾਣਿਓ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਮੁਸ਼ਕਲਾਂ ਅਗਲੇ ਹੀ ਪਲ ਖੋਤੇ ਦੇ ਸਿੰਗਾਂ ਵਾਂਗ ਖਤਮ ਹੋ ਜਾਣਗੀਆਂ।

ਮੈਨੇਜਮੈਂਟਾਂ ਤੇ ਸਰਕਾਰਾਂ ਨੇ ਅੰਕੜੇ ਕੱਢੇ ਹਨ, ਕਿ ਨਾ ਬਿਜਲੀ ਮੁਲਾਜ਼ਮ ਤੇ ਨਾ ਹੋਰ ਜੱਥੇਬੰਦੀਆਂ ਅੱਜ ਪੰਜਾਬ ਵਿੱਚ ਕਿਸੇ ਵੀ ਪਲੇਟਫਾਰਮ ’ਤੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਮੰਗਾਂ ਲਈ ਲੜ ਸਕਦੇ ਹਨ। ਨਤੀਜਾ ਡੀਏ ਵੀ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਰੋਕਿਆ ਗਿਆ ਹੈ। ਇਸ ਤੋਂ ਬਿਲਕੁਲ ਚਿੱਟੇ ਦਿਨ ਵਾਂਗ ਸਪੱਸ਼ਟ ਹੈ, ਮੁਲਾਜ਼ਮਾਂ ਦੀ ਏਕਤਾ ਸੰਤਰੇ ਦੀਆਂ ਫਾੜੀਆਂ ਦੀ ਨਿਆਈਂ ਹੈ। ਅੰਦਰੂਨੀ ਤੌਰ ’ਤੇ ਟਰੇਡ ਯੂਨੀਅਨ ਲਹਿਰ ਨੂੰ ਸਰਕਾਰਾਂ ਨੇ ਹੱਥ ਕੰਡੇ ਅਪਣਾਕੇ ਤਹਿਸ-ਨਹਿਸ ਕਰ ਦਿੱਤਾ ਹੈ। ਜਦ ਵੀ ਕਿਸੇ ਦਫ਼ਤਰ ਜਾਈਦਾ ਤਾਂ ਆਪਸੀ ਫੁੱਟ ਦੀਆਂ ਤਸਵੀਰਾਂ ਬਾਹਰਲੇ ਮੇਨ ਗੇਟਾਂ ’ਤੇ ਵੱਖ-ਵੱਖ ਯੂਨੀਅਨਾਂ ਦੇ ਵੱਖ-ਵੱਖ ਝੰਡਿਆਂ ਦੇ ਰੂਪ ਵਿੱਚ ਲਹਿਰਾਉਂਦੀਆਂ ਦੇਖਣ ਨੂੰ ਆਮ ਹੀ ਮਿਲਦੀਆਂ ਹਨ।

ਜਥੇਬੰਦੀਆਂ ਦੀ ਪਾਟੋਧਾੜ ਕਰਕੇ ਅੱਜ ਬਿਜਲੀ ਘਰਾਂ ਦੇ ਕਰਮਚਾਰੀਆਂ ਤੋਂ ਲੇਬਰ ਕਾਨੂੰਨਾਂ ਦੀ ਉਲੰਘਣਾ ਕਰਕੇ ਲਗਾਤਾਰ ਪੰਜਾਹ ਘੰਟੇ ਤੋਂ ਵੱਧ ਕੰਮ ਲੈ ਕੇ ਓਵਰ ਟਾਈਮ ਨਹੀਂ ਦਿੱਤਾ ਜਾ ਰਿਹਾ। ਏਕਤਾ ਟੁੱਟਣ ਕਰਕੇ ਨਵੇਂ ਕੁਨੈਕਸ਼ਨ ਚਾਲੂ ਕਰਨ ਲਈ, ਕੰਪਲੇਟ ਕਰਨ ਲਈ, ਬਿੱਲ ਵੰਡਣ ਤੇ ਰੀਡਿੰਗ ਲੈਣ ਲਈ, ਬਿਜਲੀ ਘਰਾਂ ਨੂੰ ਚਲਾਉਣ ਲਈ, ਆਦਿ ਇਸ ਤਰ੍ਹਾਂ ਦੇ ਅਨੇਕਾਂ ਸਰਕਾਰੀ ਕੰਮਾਂ ਨੂੰ ਕਰਨ ਲਈ ਮਹਿਕਮੇ ਨੇ ਨਵੀਂ ਭਰਤੀ ਬੰਦ ਕਰਕੇ ਇਹ ਕੰਮ ਪ੍ਰਾਈਵੇਟ ਠੇਕੇਦਾਰਾਂ ਤੋਂ ਕਰਵਾਉਣ ਲਈ ਕਾਨੂੰਨ ਪਾਸ ਕਰ ਦਿੱਤੇ ਤੇ ਠੇਕੇਦਾਰ ਲਗਾਤਾਰ ਥੱਲੇ ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਨੌਜਵਾਨ ਪੀੜ੍ਹੀ ਦਾ ਘੱਟ ਤਨਖਾਹਾਂ ਦੇ ਕੇ ਲਗਾਤਾਰ ਆਰਥਿਕ ਸ਼ੋਸ਼ਣ ਕਰ ਰਹੇ ਹਨ।
ਏਕਤਾ ਦੇ ਮੋਤੀਆਂ ਦੀ ਮਾਲਾ ਖਿੱਲਰਣ ਕਾਰਨ ਸਰਕਾਰਾਂ ਨੇ ਇਸਦਾ ਲਾਹਾ ਖੱਟਿਆ ਹੈ,

ਬਿਜਲੀ ਬੋਰਡ ਨੂੰ ਤੋੜ ਕੇ ਹਿੱਸਿਆਂ ਵਿੱਚ ਵੰਡ ਕੇ, ਰੁਜ਼ਗਾਰ ਮੁਖੀ ਅਦਾਰੇ ਨੂੰ ਖ਼ਤਮ ਕਰਕੇ, ਕਾਰਪੋਰੇਟ ਘਰਾਣਿਆਂ ਨੂੰ ਥਾਲੀਆਂ ਵਿੱਚ ਪਰੋਸ ਕੇ ਦੇ ਦਿੱਤਾ ਹੈ। ਅੱਜ ਵੀ ਏਕਤਾ ਦੇ ਮਣਕਿਆਂ ਨੂੰ ਮੁੜ ਫੇਰ ਤੋਂ ਇੱਕ ਧਾਗੇ ਵਿੱਚ ਪਰੋਇਆ ਜਾ ਸਕਦਾ ਹੈ। ਇਹ ਨਹੀਂ ਕਿ ਵਕਤ ਲੰਘ ਗਿਆ ਹੈ, ਏਕਾ ਕਰਨ ਲਈ ਸਹੀ ਜਗ੍ਹਾ ਤੇ ਸਹੀ ਵਿਚਾਰਧਾਰਾ ਨੂੰ ਅਪਨਾਉਣ ਲਈ ਵਕਤ ਨਹੀਂ ਦੇਖਿਆ ਜਾਂਦਾ। ਜਦੋਂ ਜਾਗੋ, ਉਦੋਂ ਸਵੇਰਾ। ਦੇਰ ਆਏ ਦਰੁਸਤ ਆਏ। ਪਾਰਟੀਆਂ ਤੇ ਸਿਆਸਤਾਂ ਛੱਡ ਕੇ ਮੁਲਾਜ਼ਮ ਹਿੱਤਾਂ ਤੇ ਪੰਜਾਬ ਵਾਸੀਆਂ ਦੇ ਭਲੇ ਲਈ ਏਕਤਾ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ
ਕੋਟਕਪੂਰਾ
ਮੋ. 96462-00468
ਜਗਜੀਤ ਸਿੰਘ ਕੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.