ਸ਼ੁਭਕਰਨ ਦੇ ਭੋਗ ਮੌਕੇ ਲਿਆ ਜਾਵੇਗਾ ਅਗਲਾ ਫੈਸਲਾ | Farmer Protest
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨ ਲਗਾਤਾਰ ਬੈਠੇ ਹੋਏ ਹਨ। ਹਾਲ ਦੀ ਘੜੀ ਸੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਮੌਕੇ 3 ਮਾਰਚ ਨੂੰ ਅਗਲੇ ਕਿਸਾਨੀ ਸੰਘਰਸ਼ ਨੂੰ ਲੈ ਕੇ ਐਲਾਨ ਕੀਤਾ ਜਾਵੇਗਾ ਇੱਧਰ ਕਿਸਾਨ ਆਗੂਆਂ ਵੱਲੋਂ ਆਖਿਆ ਗਿਆ ਹੈ ਕਿ ਕਿਸਾਨਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਕੇਂਦਰ ਅਤੇ ਹਰਿਆਣਾ ਸਰਕਾਰ ਦਾ ਪੱਖ ਪੂਰਿਆ ਜਾ ਰਿਹਾ ਹੈ। (Farmer Protest)
ਜਾਣਕਾਰੀ ਅਨੁਸਾਰ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ 13 ਫਰਵਰੀ ਤੋਂ ਕਿਸਾਨ ਡਟੇ ਹੋਏ ਹਨ ਅਤੇ ਦੋਵੇਂ ਮੁੱਖ ਮਾਰਗ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਏ ਹਨ ਕਿ ਚੰਡੀਗੜ੍ਹ ਪੀਜੀਆਈ ਵਿਖੇ ਜ਼ੇਰੇ-ਇਲਾਜ ਕਿਸਾਨ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਸਰਕਾਰ ਵੱਲੋਂ ਮੁੜ ਲਿਜਾਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਪੀਜੀਆਈ ਦੇ ਡਾਕਟਰਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਪ੍ਰੀਤਪਾਲ ਨੂੰ ਫਿੱਟ ਕਰਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਅਜਿਹਾ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਅਤੇ ਹਰਿਆਣਾ ਸਰਕਾਰ ਦਾ ਪੱਖ ਪੂਰਨ ਦੀ ਥਾਂ ਪੰਜਾਬ ਦੇ ਕਿਸਾਨਾਂ ਨਾਲ ਖੜ੍ਹੇ।
‘ਸ਼ੁਭਕਰਨ ਦੇ ਭੋਗ ਤੋਂ ਪਹਿਲਾਂ ਸਰਕਾਰ ਪੂਰੇ ਕਰੇ ਐਲਾਨ’ | Farmer Protest
ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਪੰਜਾਬ ਸਰਕਾਰ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਿੰਦਿਆਂ ਐਲਾਨ ਕੀਤੀਆਂ ਸਾਰੀਆਂ ਮੰਗਾਂ ਉਸ ਦੇ ਭੋਗ ਤੋਂ ਪਹਿਲਾਂ ਪੂਰੀਆਂ ਕਰੇ। ਉਨ੍ਹਾਂ ਕਿਹਾ ਕਿ ਸ਼ਹੀਦ ਸ਼ੁਭਕਰਨ ਦੀ ਭੈਣ ਨੂੰ ਭੋਗ ਤੋਂ ਪਹਿਲਾਂ ਪੁਲਿਸ ’ਚ ਨੌਕਰੀ ਵਾਲਾ ਨਿਯੁਕਤੀ ਪੱਤਰ ਦੇਵੇ। ਉਨ੍ਹਾਂ ਕਿਹਾ ਕਿ ਇਹ ਨਹੀਂ ਕਿ ਸ਼ੁਭਕਰਨ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਅਤੇ ਅੱਗੇ ਮਾਮਲਾ ਠੰਢਾ ਪੈ ਜਾਵੇ। ਪੰਜਾਬ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰਕੇ ਸਬੰਧਿਤ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਨੂੰ ਅੰਜਾਮ ਦੇਵੇ।
Also Read : ਰਾਜਪਾਲ ਦਾ ਭਾਸ਼ਣ ਰੋਕਣ ਦੀ ਕੋਸ਼ਿਸ਼, ਕਾਂਗਰਸ ਨੇ ਕੀਤੀ ਪਵਿੱਤਰ ਸਦਨ ਦੀ ਤੌਹੀਨ : ਹਰਪਾਲ ਸਿੰਘ ਚੀਮਾ