‘ਤੁਸੀਂ ਜੇ ਮੁਆਵਜ਼ਾ ਦਿਉਂਗੇ ਤਾਂ ਰਾਹ ’ਚ ਚੋਰ ਬੈਠੇ ਨੇ’

ਖਰਾਬ ਨਰਮੇ ਦਾ ਜਾਇਜ਼ਾ ਲੈਣ ਪੁੱਜੇ ਮੁੱਖ ਮੰਤਰੀ ਨੂੰ ਕਿਸਾਨਾਂ ਨੇ ਸੁਣਾਇਆ ਦੁਖੜਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਰੰਧਾਵਾ ਨੇ ਕੀਤਾ ਨਰਮਾ ਪੱਟੀ ਦਾ ਦੌਰਾ

ਬਠਿੰਡਾ,(ਸੁਖਜੀਤ ਮਾਨ)। ‘ਜਦੋਂ ਨਰਮੇ ਨੂੰ ਚਿੱਟਾ ਮੱਛਰ ਪਿਆ ਸੀ ਤਾਂ 8 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਗਿਆ, ਉਹ ਝੋਨੇ ਵਾਲੇ ਲੈ ਗਏ, ਮੂਹਰੇ ਪਟਵਾਰੀ ਵਗੈਰਾ ਸਾਰੇ ਖਾ ਗਏ, ਸਾਨੂੰ ਕੁੱਝ ਨਹੀਂ ਮਿਲਿਆ। ਪਹਿਲਾਂ ਸੁੰਡੀ ਨੇ ਮਾਰੇ, ਫਿਰ ਚਿੱਟੇ ਮੱਛਰ ਨੇ ਮਾਰੇ ਐਤਕੀ ਇਸਨੇ (ਗੁਲਾਬੀ ਸੁੰਡੀ) ਮਾਰ ਦਿੱਤੇ। 55 ਹਜ਼ਾਰ ਰੁਪਏ ’ਤੇ ਵਾਹਣ ਠੇਕੇ ’ਤੇ ਲੈ ਕੇ, 8 ਮਹੀਨੇ ਹੋ ਗਏ ਘਰੇ ਪੈ ਕੇ ਨਹੀਂ ਦੇਖਿਆ। ਅੱਜ ਜਦੋਂ ਚੁਗਣ ’ਤੇ ਆਇਆ ਤਾਂ ਇਹ ਹਾਲ ਹੋ ਗਿਆ। ਤੁਸੀਂ ਜੇ ਮੁਆਵਜ਼ਾ ਦਿਉਂਗੇ ਤਾਂ ਰਾਹ ’ਚ ਚੋਰ ਬੈਠੇ ਨੇ, ਚੋਰਾਂ ’ਤੇ ਕਾਬੂ ਪਾਉਂਗੇ ਤਾਂ ਕਾਮਯਾਬ ਹੋ ਸਕਦੈ ਜਿਮੀਂਦਾਰ।’ ਇਹ ਰੋਹ ਭਰਿਆ ਪ੍ਰਗਟਾਵਾ ਪਿੰਡ ਕਟਾਰ ਸਿੰਘ ਵਾਲਾ ਵਿਖੇ ਇਸੇ ਹੀ ਪਿੰਡ ਦੇ ਇੱਕ ਕਿਸਾਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਚੰਡੀਗੜ੍ਹ ਤੋਂ ਪੁੱਜੇ ਅਤੇ ਸਥਾਨਕ ਸੀਨੀਅਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹਾਜ਼ਰੀ ’ਚ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਚੰਨੀ ਤੇ ਉਪ ਮੁੱਖ ਮੰਤਰੀ ਰੰਧਾਵਾ ਅੱਜ ਗੁਲਾਬੀ ਸੁੰਡੀ ਕਾਰਨ ਤਬਾਹ ਹੋਏ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਬਠਿੰਡਾ ਜ਼ਿਲ੍ਹੇ ਦੇ ਦੌਰੇ ’ਤੇ ਪੁੱਜੇ ਸਨ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ ਅਤੇ ਪੂਰੀ ਪਾਰਦਰਸ਼ਤਾ ਨਾਲ ਮੁਆਵਜ਼ੇ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਤੇ ਸਰਕਾਰ ਹਰ ਹਾਲ ’ਚ ਕਿਸਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇਗੀ, ਜੋ ਵੀ ਨੁਕਸਾਨ ਹੋਇਆ ਹੈ ਉਸ ਲਈ ਮਾਪਦੰਡਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਮਾਰੀ ਦੇ ਖਾਤਮੇ ਲਈ ਨਰਮੇ ’ਤੇ ਮੁਫ਼ਤ ਸਪ੍ਰੇਅ ਕੀਤੀ ਜਾਵੇਗੀ

ਜਿਸ ਲਈ 5 ਹਜ਼ਾਰ ਹੈਕਟੇਅਰ ਵਾਸਤੇ ਸਪ੍ਰੇਅ ਪੁੱਜ ਚੁੱਕੀ ਹੈ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੇਤੀਬਾੜੀ ਅਧਿਕਾਰੀਆਂ ਤੋਂ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਵੀ ਲਈ ਤੇ ਖੇਤੀਬਾੜੀ ਅਧਿਕਾਰੀਆਂ ਨੂੰ ਸਖਤ ਲਹਿਜੇ ’ਚ ਕਿਹਾ ਕਿ ਬਹੁਤ ਸਾਵਧਾਨੀ ਨਾਲ ਇਹ ਕੰਮ ਕਰਨਾ ਹੈ ਤੇ ਉਹ ਦਵਾਈ ਪਾਉਣੀ ਹੈ ਜੋ ਸਹੀ ਕੰਮ ਕਰੇ ਤੇ ਦਵਾਈ ਦੀ ਪਹਿਲਾਂ ਟੈਸਟਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੈਸੇ ਦੀ ਕੋਈ ਪ੍ਰਵਾਹ ਨਹੀਂ ਪਰ ਇਹ ਗੱਲ ਨਿਸ਼ਚਿਤ ਹੋਣੀ ਚਾਹੀਦੀ ਹੈ ਕਿ ਕਿਸਾਨ ਦੀ ਫ਼ਸਲ ਨਹੀਂ ਮਰਨੀ ਚਾਹੀਦੀ। ਮੁੱਖ ਮੰਤਰੀ ਨੇ ਪਿੰਡ ਕਟਾਰ ਸਿੰਘ ਵਾਲਾ ਤੋਂ ਇਲਾਵਾ ਨਸੀਬਪੁਰਾ, ਚਾਉਕੇ ਅਤੇ ਮੰਡੀ ਕਲਾਂ ਦਾ ਵੀ ਦੌਰਾ ਕੀਤਾ।

ਦੱਸਣਯੋਗ ਹੈ ਕਿ ਸਾਉਣੀ ਦੇ ਇਸ ਸੀਜ਼ਨ ’ਚ ਨਰਮੇ ਦੀ ਫਸਲ ਤੋਂ ਭਰਪੂਰ ਉਮੀਦਾਂ ਸਨ ਪਰ ਜਦੋਂ ਫਸਲ ਜੋਬਨ ’ਤੇ ਆ ਗਈ ਤਾਂ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ। 100 ’ਚੋਂ ਕਰੀਬ 90 ਟੀਂਡਿਆਂ ’ਚ ਗੁਲਾਬੀ ਸੁੰਡੀ ਨੇ ਹਮਲਾ ਕਰਕੇ ਟੀਂਡੇ ਖੋਖਲੇ ਕਰ ਦਿੱਤੇ। ਨਰਮੇ ਦੀ ਕਾਸਤ ਕਰਨ ਵਾਲੇ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਖਰਾਬ ਹੋਏ ਨਰਮੇ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ। ਬੀਤੇ ਦਿਨੀਂ ਤਲਵੰਡੀ ਸਾਬੋ ਵਿਖੇ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਕੱਲ੍ਹ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਖੇਤਾਂ ਦਾ ਦੌਰਾ ਕਰਕੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਛੇਤੀ ਮੁਆਵਜ਼ਾ ਨਾ ਦਿੱਤਾ ਤਾਂ ਉਹ 3 ਅਕਤੂਬਰ ਨੂੰ ਬਠਿੰਡਾ ’ਚ ਧਰਨਾ ਲਾਉਣਗੇ ।

ਸੋਸ਼ਲ ਮੀਡੀਆ ’ਤੇ ਛਿੜੀ ਮੁੱਖ ਮੰਤਰੀ ਦੀ ਸਾਦਗੀ ਦੀ ਚਰਚਾ

ਬਠਿੰਡਾ ਦੌਰੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੁੱਝ ਥਾਵਾਂ ’ਤੇ ਦਿਖਾਈ ਗਈ ਸਾਦਗੀ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਰਹੀ। ਪਿੰਡ ਕਟਾਰ ਸਿੰਘ ਵਾਲਾ ਦੇ ਜਿਸ ਕਿਸਾਨ ਨੇ ਮੁਆਵਜ਼ੇ ਦੇ ਰਾਹ ’ਚ ਚੋਰ ਹੋਣ ਦਾ ਜ਼ਿਕਰ ਕੀਤਾ ਸੀ ਉਸਨੂੰ ਵੀ ਗਲੇ ਲਗਾਇਆ। ਇਸ ਤੋਂ ਇਲਾਵਾ ਪਿੰਡ ਮੰਡੀ ਕਲਾਂ ਵਿਖੇ ਕਿਸਾਨ ਅੰਦੋਲਨ ਕਾਰਨ ਫੌਤ ਹੋਏ ਇੱਕ ਖੇਤ ਮਜ਼ਦੂਰ ਸੁਖਪਾਲ ਸਿੰਘ ਦੇ ਵੱਡੇ ਭਰਾ ਨੱਥਾ ਸਿੰਘ ਨੂੰ ਨੌਕਰੀ ਸਬੰਧੀ ਨਿਯੁਕਤੀ ਪੱਤਰ ਦੇਣ ਮੌਕੇ ਉਸੇ ਘਰ ’ਚ ਹੀ ਮੰਜੇ ’ਤੇ ਬੈਠਕੇ ਆਮ ਲੋਕਾਂ ਦੀ ਤਰ੍ਹਾਂ ਰੋਟੀ ਖਾਧੀ ਤਾਂ ਉਹ ਫੋਟੋਆਂ ਅਤੇ ਵੀਡੀਓ ਵੀ ਕਾਫੀ ਵਾਇਰਲ ਹੋਈ। ਇਸ ਮੌਕੇ ਇੱਕ ਪਿੰਡ ਦੀ ਗਲੀ ’ਚੋਂ ਲੰਘੇ ਜਾ ਰਹੇ ਇੱਕ ਨਵ ਵਿਆਹੇ ਜੋੜੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੋਕਕੇ ਵਿਆਹ ਦੀ ਵਧਾਈ ਦੇ ਨਾਲ-ਨਾਲ ਸ਼ਗਨ ਵੀ ਦਿੱਤਾ। ਉਨ੍ਹਾਂ ਵਿਆਹ ਦੀ ਭਾਜੀ ਵੀ ਖਾਧੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ