ਸਿਆਸੀ ਮੌਕਾਪ੍ਰਸਤੀ ਦਾ ਦੌਰ

Elections

ਦੇਸ਼ ਅੰਦਰ ਕਰਨਾਟਕ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਸਮੇਤ ਇੱਕ ਲੋਕ ਸਭਾ ਸੀਟ ਤੇ ਦੋ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸਭ ਤੋਂ ਵੱਧ ਚਰਚਾ ਧੜਾਧੜ ਦਲਬਦਲੀਆਂ ਦੀ ਹੈ। ਦਲਬਦਲੂ ਲੀਡਰਾਂ ਨੂੰ ਵੀ ਪੂਰਾ ਮੌਕਾ ਮਿਲਿਆ ਹੋਇਆ ਹੈ ਜਿਸ ਨੂੰ ਟਿਕਟ ਨਹੀਂ ਮਿਲਦੀ ਉਹ ਛਾਲ ਮਾਰ ਕੇ ਦੂਜੀ ਪਾਰਟੀ ਦੀ ਬੇੜੀ ’ਚ ਸਵਾਰ ਹੋ ਰਿਹਾ ਹੈ। ਕਰਨਾਟਕ ’ਚ ਭਾਜਪਾ ਦੇ ਸਾਬਕਾ ਉਪ ਮੁੱਖ ਮੰਤਰੀ ਸਾਵਾਦੀ ਨੂੰ ਟਿਕਟ ਨਾ ਮਿਲੀ ਤਾਂ ਉਨ੍ਹਾਂ ਕਾਂਗਰਸ ਦਾ ਪੱਲਾ ਫੜ ਲਿਆ ਹੈ।

ਪਾਰਟੀ ’ਚ ਸ਼ਾਮਲ ਹੁੰਦਿਆਂ ਉਮੀਦਵਾਰੀ

ਕਈ ਵਿਧਾਇਕ ਨਰਾਜ਼ ਚੱਲ ਰਹੇ ਹਨ ਪਾਰਟੀ ਨੇ ਸੱਤ ਮੌਜ਼ੂਦਾ ਵਿਧਾਇਕਾਂ ਦੀ ਟਿਕਟ ਕੱਟੀ ਹੈ। ਇੱਧਰ ਪੰਜਾਬ ’ਚ ਇੱਕ ਅਕਾਲੀ ਆਗੂ ਦੇ ਬੇਟੇ ਨੇ ਭਾਜਪਾ ਦਾ ਪੱਲਾ ਫੜ ਲਿਆ ਤੇ ਅਗਲੇ ਦਿਨ ਹੀ ਉਸ ਨੂੰ ਟਿਕਟ ਦੇ ਦਿੱਤੀ। ਇਸੇ ਤਰ੍ਹਾਂ ਆਪ ਨੇ ਕਾਂਗਰਸ ਦੇ ਇੱਕ ਸਾਬਕਾ ਵਿਧਾਇਕ ਨੂੰ ਪਾਰਟੀ ’ਚ ਸ਼ਾਮਲ ਕਰਕੇ ਆਪਣਾ ਉਮੀਦਵਾਰ ਹੀ ਬਣਾ ਦਿੱਤਾ ਹੈ। ਇਹ ਕੋਈ ਚੰਗਾ ਰੁਝਾਨ ਨਹੀਂ ਸਗੋਂ ਸਿਆਸਤ ’ਤੇ ਇੱਕ ਦਾਗ ਹੈ। ਇਸ ਮਾਮਲੇ ’ਚ ਪਾਰਟੀਆਂ ਤੇ ਆਗੂ ਦੋਵੇਂ ਹੀ ਕਸੂਰਵਾਰ ਹਨ। ਜਿੱਥੋਂ ਤੱਕ ਪਾਰਟੀਆਂ ਦੇ ਗੁਨਾਹ ਦਾ ਸਵਾਲ ਹੈ ਪਾਰਟੀਆਂ ਨੇ ਵੀ ਇਹ ਧਾਰ ਲਿਆ ਹੈ ਕਿ ਸੀਟ ਜਿੱਤਣੀ ਜ਼ਰੂਰੀ ਹੈ ਭਾਵੇਂ ਜਿਵੇਂ ਮਰਜ਼ੀ ਜਿੱਤੋ। ਅੱਜ-ਕੱਲ੍ਹ ਆਮ ਤੌਰ ’ਤੇ ਟਿਕਟ ਦੇਣ ਦੀ ਯੋਗਤਾ ਇਹ ਮੰਨੀ ਜਾ ਰਹੀ ਹੈ ਕਿ ਜੋ ਜਿੱਤ ਸਕਦਾ ਹੋਵੇ।

ਅਨੁਸਾਸ਼ਨਹੀਣਤਾ ਦਾ ਕਾਰਨ | political Opportunism

ਇੱਥੇ ਪਾਰਟੀ ਦੀ ਕਮੀ ਪੇਸ਼ੀ ਨੂੰ ਨਜ਼ਰਅੰਦਾਜ਼ ਕਰਕੇ ਇਹ ਵੇਖਿਆ ਜਾਂਦਾ ਹੈ, ਕਿ ਕੋਈ ਅਜਿਹਾ ਲੀਡਰ ਲੱਭੋ ਜੋ ਮਾੜੇ ਹਾਲਾਤ ’ਚ ਵੀ ਪਾਰਟੀ ਨੂੰ ਜਿਤਾ ਦੇਵੇ। ਅਜਿਹੀ ਨੀਤੀ ਨਾਲ ਜਦੋਂ ਪਾਰਟੀ ਕਿਸੇ ਨੂੰ ਵੀ ਟਿਕਟ ਫੜਾ ਦੇਂਦੀ ਹੈ ਤਾਂ ਪਾਰਟੀ ਦੇ ਪੁਰਾਣੇ ਤੇ ਮਿਹਨਤੀ ਆਗੂਆਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਤੇ ਉਹ ਅਨੁਸ਼ਾਸਣਹੀਣਤਾ ਫੈਲਾਉਣ ਲੱਗਦੇ ਹਨ। ਭਾਵੇਂ ਹਰ ਆਗੂ ਲਈ ਅਨੁਸ਼ਾਸਨ ਜ਼ਰੂਰੀ ਹੈ ਪਰ ਪਾਰਟੀ ਲਈ ਵੀ ਜ਼ਰੂਰੀ ਹੈ ਕਿ ਉਹ ਮਿਹਨਤੀ ਤੇ ਵਫਾਦਾਰ ਆਗੂ ਨੂੰ ਸਿਰਫ ਲੋੜ ਪੈਣ ’ਤੇ ਹੀ ਨਾ ਵਰਤੇ।

ਦਲਬਦਲੀ ਤੇ ਪਾਰਟੀ ਵੱਲੋਂ ਆਗੂ ਨੂੰ ਸਿਰਫ ਮੌਕੇ ਦਾ ਹਥਿਆਰ ਸਮਝਣਾ, ਦੋਵੇਂ ਚੀਜ਼ਾਂ ਹੀ ਲੋਕਤੰਤਰ ਦੇ ਰਸਤੇ ’ਚ ਰੁਕਾਵਟ ਹਨ। ਹੋਣਾ ਤਾਂ ਇਹ ਚਾਹੀਦਾ ਹੈ ਕਿ ਟਿਕਟ ਦੇਣ ਲਈ ਵੀ ਪਾਰਟੀ ਚੋਣ ਕਰਵਾਵੇ। ਪਾਰਟੀ ਦੇ ਵੱਡੀ ਗਿਣਤੀ ਵਰਕਰ ਜਾਂ ਡੈਲੀਗੇਟ ਜਿਸ ਆਗੂ ਦੇ ਨਾਂਅ ’ਤੇ ਮੋਹਰ ਲਾਉਣ ਉਸੇ ਨੂੰ ਹੀ ਟਿਕਟ ਦਿੱਤੀ ਜਾਵੇ। ਟਿਕਟ ਦੇਣ ਵੇਲੇ ਆਗੂ ਦੀ ਜਾਇਦਾਦ, ਜਮ੍ਹਾ ਪੂੰਜੀ ਜਾਂ ਉਸ ਦੀ ਜਾਤ, ਬਰਾਦਰੀ, ਧਰਮ, ਭਾਸ਼ਾ, ਖੇਤਰ ਨੂੰ ਨਾ ਵੇਖਿਆ ਜਾਵੇ। ਟਿਕਟ ਦੇਣ ਦੀ ਯੋਗਤਾ ਆਗੂ ਦੀ ਪੜ੍ਹਾਈ, ਮਿਹਨਤ, ਲਗਨ, ਚਰਿੱਤਰ, ਇਮਾਨਦਾਰੀ, ਲੋਕਾਂ ਪ੍ਰਤੀ ਸੇਵਾ ਭਾਵਨਾ ਨੂੰ ਵੇਖਿਆ ਜਾਵੇ। ਸਮਾਂ ਆ ਗਿਆ ਹੈ ਕਿ ਪਾਰਟੀਆਂ ਆਪਣੇ ਵਰਕਰਾਂ ਤੇ ਜਨਤਾ ’ਤੇ ਸਿਰਫ ਮਕਸਦ (ਜਿੱਤ) ਲੀਡਰ ਨਾ ਥੋਪਣ ਸਗੋਂ ਵਰਕਰਾਂ ਜਾਂ ਜਨਤਾ ਦੀ ਪਸੰਦ ਦਾ ਲੀਡਰ ਲੈਣ। ਜੇਕਰ ਅਜਿਹਾ ਹੋ ਜਾਵੇ ਤਾਂ ਦਲਬਦਲੀ ਆਪਣੇ-ਆਪ ਰੁਕ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ