ਮਾਨਸਾ ‘ਚ ਗੂੰਜੇ ਪੰਜਾਬ ਸਰਕਾਰ ਵਿਰੋਧੀ ਨਾਅਰੇ

Echo, Mansa, Anti-Punjab, Slogans

ਆਪ ਵਰਕਰਾਂ ਨੇ ਫੂਕੀ ਵਿਧਾਨ ਸਭਾ ਸਪੀਕਰ ਦੀ ਅਰਥੀ

ਸੁਖਜੀਤ ਮਾਨ, ਮਾਨਸਾ, 23 ਜੂਨ:ਵਿਧਾਨ ਸਭਾ ‘ਚ ਸਰਕਾਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮਾਰਸ਼ਲਾਂ ਵੱਲੋਂ ਕੀਤੀ ਗਈ ਖਿੱਚ ਧੂਹ ਅਤੇ ਪੱਗਾਂ ਰੋਲਣ ਦੇ ਵਿਰੋਧ ‘ਚ ਅੱਜ ਇੱਥੇ ਆਪ ਵਰਕਰਾਂ ਨੇ ਆਪ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਦਫਤਰ ਤੋਂ ਲੈ ਕੇ ਬੱਸ ਅੱਡੇ ਤੱਕ ਪੰਜਾਬ ਸਰਕਾਰ ਅਤੇ ਵਿਧਾਨ ਸਭਾ ਦੇ ਸਪੀਕਰ ਖਿਲਾਫ ਰੋਸ ਮਾਰਚ ਕੱਢਿਆ  ਰੋਸ ਮਾਰਚ ਉਪਰੰਤ ਬੱਸ ਅੱਡੇ ਕੋਲ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ‘ਚ ਵਿਧਾਨ ਸਭਾ ਦੇ ਸਪੀਕਰ  ਦੀ ਅਰਥੀ ਵੀ ਸਾੜੀ ਗਈ

ਇਸ ਮੌਕੇ   ਚੌਂਕ ‘ਚ ਸੰਬੋਧਨ ਦੌਰਾਨ ਬੁਲਾਰਿਆਂ ਨੇ ਆਖਿਆ ਕਿ ਜਨਤਾ ਨੇ ਆਪਣੇ ਹੱਕਾਂ ਦੀ ਪੂਰਤੀ ਲਈ ਜੋ ਨੁਮਾਇੰਦੇ ਚੁਣ ਕੇ ਵਿਧਾਨ ਸਭਾ ‘ਚ ਭੇਜੇ ਹਨ ਉਨ੍ਹਾਂ ਨਾਲ ਉੱਥੇ ਜੋ ਸਲੂਕ ਸੱਤਾਧਾਰੀ ਧਿਰ ਦੇ ਇਸ਼ਾਰੇ ‘ਤੇ ਮਾਰਸ਼ਲਾਂ ਵੱਲੋਂ ਕੀਤਾ ਗਿਆ ਹੈ ਉਹ ਨਿੰਦਣਯੋਗ ਹੈ ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਆਵਾਜ ਬੁਲੰਦ ਕਰਨਾ ਚਾਹੁੰਦੇ ਸੀ ਤਾਂ ਸੈਸ਼ਨ ਦੇ ਸ਼ੁਰੂਆਤ ‘ਚ ਹੀ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਨਜੀਤ ਸਿੰਘ ਬੈਂਸ ਨੂੰ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਜੋ ਲੋਕਤੰਤਰ ਦਾ ਘਾਣ ਹੈ।

 ਇਸ ਮੌਕੇ ਸੁਖਵਿੰਦਰ ਭੋਲਾ ਮਾਨ, ਹਰਪ੍ਰੀਤ ਜਟਾਣਾ, ਗੁਰਵਿੰਦਰ ਸਿੰਘ, ਕਰਮਜੀਤ ਕੌਰ ਅਤੇ ਪਾਰਟੀ ਦੇ ਹੋਰ ਬੁਲਾਰਿਆਂ ਨੇ ਆਖਿਆ ਕਿ ਵਿਧਾਇਕਾਂ ਦੀ ਗੱਲ ਸੁਣਨਾ ਸਪੀਕਰ ਦਾ ਫਰਜ਼ ਹੈ ਪਰ ਸਪੀਕਰ ਨੇ ਆਪਣਾ ਫਰਜ਼ ਭੁਲਾ ਕੇ ਸਪੀਕਰ ਦੇ ਸਤਿਕਾਰਤ ਅਹੁਦੇ ਦੀ ਤੌਹੀਨ ਕੀਤੀ ਹੈ। ਇਸ ਮੌਕੇ ਜਗਵਿੰਦਰ ਸਿੰਘ, ਗੁਰਪ੍ਰੀਤ ਭੁੱਚਰ, ਵਿਸਾਖਾ ਸਿੰਘ, ਰੋਹੀ ਖਾਨ, ਰਾਕੇਸ਼ ਨਾਰੰਗ ਅਤੇ ਅਸ਼ੋਕ ਬਾਂਸਲ ਆਦਿ ਹਾਜ਼ਰ ਸਨ।

ਮੰਗਾਂ ਦੀ ਪੂਰਤੀ ਲਈ ਨਗਰ ਕੌਂਸਲ ਦਫਤਰ ਅੱਗੇ ਲਾਇਆ ਧਰਨਾ

ਸਥਾਨਕ ਸ਼ਹਿਰ ਦੇ ਵਾਰਡ ਨੰਬਰ 25 ਦੇ ਬਾਸਿੰਦਿਆਂ ਨੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਸਬੰਧੀ ਅੱਜ ਵਾਰਡ ਸੁਧਾਰ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਸ਼ਹਿਰ ‘ਚ ਰੋਸ ਮਾਰਚ ਕਰਨ ਮਗਰੋਂ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਲਾਇਆ ਇਸ ਮੌਕੇ ਵਾਰਡ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਵਿਰੋਧੀ ਨਾਅਰੇ ਲਾਏ

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ 12 ਜੂਨ ਨੂੰ ਨਗਰ ਕੌਂਸਲ ਦਫ਼ਤਰ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ਸੀ ਪਰ ਹਾਲੇ ਤੱਕ ਉਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸੀਪੀਆਈ ਐਮਐਲ (ਲਿਬਰੇਸ਼ਨ) ਦੇ ਜ਼ਿਲ੍ਹਾ ਆਗੂ ਕਾ. ਬਿੰਦਰ ਅਲਖ ਨੇ  ਵਾਰਡ ਨੰਬਰ 25 ਲਈ ਸਵੱਛ ਭਾਰਤ ਅਭਿਆਨ ਤਹਿਤ ਆਏ ਫੰਡ ਨਗਰ ਕੌਂਸਲ ਵੱਲੋਂ ਨਾ ਦਿੱਤੇ ਜਾਣ ਦੀ ਗੱਲ ਵੀ ਆਖੀ ਬੁਲਾਰਿਆਂ ਨੇ ਵਾਰਡ ਦੀਆਂ ਹੋਰਨਾਂ ਸਮੱਸਿਆਵਾਂ ਦੇ ਹੱਲ ਦੀ ਮੰਗ ਵੀ ਕੀਤੀ। ਇਸ ਧਰਨੇ ਦੌਰਾਨ ਥੋੜ੍ਹੇ ਸਮੇਂ ਲਈ ਜਾਮ ਵੀ ਲੱਗਿਆ ਧਰਨਾਕਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਨਗਰ ਕੌਂਸਲ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਸੌਂਪਿਆ ਗਿਆ। ਧਰਨੇ ਦੌਰਾਨ ਸੀਪੀਆਈਐਮਐਲ ਲਿਬਰੇਸ਼ਨ ਦੇ ਸੂਬਾ ਆਗੂ ਕਾ. ਰਾਜਵਿੰਦਰ ਰਾਣਾ, ਮਜ਼ਦੂਰ ਮੁਕਤੀ ਮੋਰਚੇ ਦੇ ਗੁਰਸੇਵਕ ਮਾਨ,  ਭਾਕਿਯੂ ਡਕੌਂਦਾ ਦੇ ਮਹਿੰਦਰ ਸਿੰਘ ਭੈਣੀਬਾਘਾ ਆਦਿ ਨੇ ਵੀ ਸੰਬੋਧਨ ਕੀਤਾ।

ਭਾਰਤੀ ਇਨਕਲਾਬੀ ਮਾਰਕਸੀ ਪਾਰਟੀ ਨੇ ਕੀਤੀ ਨਾਅਰੇਬਾਜੀ

 ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱੱਦੇ ਤੇ  ਕੇਂਦਰੀ ਅਤੇ ਸੂਬਾ ਸਰਕਾਰਾਂ ਵੱਲੋ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਅਤੇ ਬਾਕੀ ਮੰਗਾਂ ‘ਤੇ ਜ਼ੋਰ ਦੇਣ ਲਈ ਮਨਾਏ ਜਾ ਰਹੇ ‘ਮੰਗ ਹਫ਼ਤੇ’  ਦੀ ਲੜੀ ਵਜੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਸੌਂਪਿਆ ਗਿਆ ਮੰਗ ਪੱਤਰ ਦੇਣ ਉਪਰੰਤ ਆਗੂਆਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ।

ਇਸ ਮੌਕੇ ਮੰਗ ਪੱਤਰ ‘ਚ ਪਾਰਟੀ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਾਅਦੇ ਅਨੁਸਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਚੜ੍ਹਿਆਂ ਸਮੁੱਚਾ ਕਰਜ਼ਾ ਰੱਦ ਕੀਤਾ ਜਾਵੇ ਅਤੇ ਕਰਜ਼ਾ ਨਬੇੜੂ ਕਾਨੂੰਨ ਦੀਆਂ ਤਰੁੱਟੀਆਂ ਨੂੰ ਦੂਰ ਕਰ ਕੇ ਕਿਸਾਨ ਪੱਖੀ ਬਣਾਇਆਂ ਜਾਵੇ, ਫਸਲਾਂ ਦੇ ਭਾਅ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਿਸ਼ਾਂ ਅਨੁਸਾਰ  ਦਿੱਤੀਆਂ ਜਾਣ ਅਤੇ ਲਾਗਤ ਦੀਆਂ ਕੀਮਤਾਂ ਘਟਾਉਣ ਲਈ ਖਾਦਾਂ, ਬੀਜ, ਡੀਜ਼ਲ ਅਤੇ ਸੰਦਾਂ ਤੇ 5000 ਦੀ ਸਬਸਿਡੀ ਦਿੱਤੀ ਜਾਵੇ।  ਇਸ ਮੌਕੇ ਕਾ. ਲਾਲ ਸਿੰਘ ਸਰਦੂਲਗੜ੍ਹ, ਅਮਰੀਕ ਸਿੰਘ ਫਫੜੇ, ਡਾ ਗੁਰਤੇਜ਼ ਸਿੰਘ, ਬਿੱਕਰ ਸਿੰਘ ਖੀਵਾ ਖੁਰਦ,  ਮਹਿੰਦਰ ਸਿੰਘ ਖੀਵਾ ਕਲਾਂ, ਮੇਜਰ ਸਿੰਘ ਦੂਲੋਵਾਲ ਅਤੇ ਹਰਦੇਵ ਸਿੰਘ ਬਰਨਾਲਾ ਵੀ ਹਾਜ਼ਰ ਸਨ।