ਬਾਰ੍ਹਵੀਂ ਰੀ-ਅਪੀਅਰ ਪ੍ਰੀਖਿਆ: ਪਹਿਲੇ ਦਿਨ ਹੀ 21 ਵਿਦਿਆਰਥੀ ਗੈਰ ਹਾਜ਼ਰ

Re-examination Exs, Students Absent

4 ਕੇਂਦਰਾਂ ਦਾ ਸਿੱਖਿਆ ਵਿਭਾਗ ਨੇ ਨਹੀਂ ਦਿੱਤਾ ਵੇਰਵਾ

ਸੁਖਜੀਤ ਮਾਨ, ਮਾਨਸਾ, 23 ਜੂਨ : 12ਵੀਂ ਰੀ-ਅਪੀਅਰ ਦੀਆਂ ਅੱਜ ਸ਼ੁਰੂ ਹੋਈ ਸਪੈਸ਼ਲ ਪ੍ਰੀਖਿਆ ਦੇ ਪਹਿਲੇ ਦਿਨ ਹੀ ਜ਼ਿਲ੍ਹੇ ਭਰ ਦੇ 10 ਸੈਂਟਰਾਂ ‘ਚੋਂ 6 ‘ਚ 21 ਵਿਦਿਆਰਥੀ ਗੈਰ ਹਾਜ਼ਰ ਪਾਏ ਗਏ ਸ਼ਹਿਰ ਵਿਚਲੇ 6 ਕੇਂਦਰਾਂ ਨੂੰ ਛੱਡ ਕੇ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫਤਰ ਵੱਲੋਂ 4 ਕੇਂਦਰਾਂ ‘ਚ ਹਾਜ਼ਰ ਹੋਏ ਵਿਦਿਆਰਥੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ

ਮਾਨਸਾ ਸ਼ਹਿਰ ਵਿਚਲੇ ਕੁੱਲ 6 ਪ੍ਰੀਖਿਆ ਕੇਂਦਰਾਂ ‘ਚੋਂ ਖਾਲਸਾ ਹਾਈ ਸਕੂਲ ਮਾਨਸਾ ਵਿੱਚ ਕੁੱਲ 303 ਵਿਦਿਆਰਥੀਆਂ ‘ਚੋਂ 300 ਵਿਦਿਆਰਥੀ ਹਾਜ਼ਰ ਸਨ ਜਦੋਂ ਕਿ ਗਾਂਧੀ ਸਕੂਲ ਮਾਨਸਾ ਵਿਚਲੇ ਕੇਂਦਰ ਦੇ 300 ਵਿਦਿਆਰਥੀਆਂ ‘ਚੋਂ 299, ਸਮਰ ਫੀਲਡ ਸਕੂਲ ਮਾਨਸਾ ‘ਚ 270 ਵਿਦਿਆਰਥੀਆਂ ‘ਚੋਂ 261 ਵਿਦਿਆਰਥੀ ਹੀ ਹਾਜ਼ਰ ਸਨ ।

ਇਸੇ ਤਰ੍ਹਾਂ ਸਰਕਾਰੀ ਸੈਕੰਡਰੀ ਸਕੂਲ ਮਾਨਸਾ (ਮ) ਵਿੱਚ 363 ‘ਚੋਂ 359 , ਮਾਈ ਨਿੱਕੋ ਦੇਵੀ ਪਬਲਿਕ ਸਕੂਲ ‘ਚ 260 ‘ਚੋਂ 259 ਵਿਦਿਆਰਥੀ ਅਤੇ ਸਰਕਾਰੀ ਸੈਕੰਡਰੀ ਸਕੂਲ ਮਾਨਸਾ (ਕ) ਵਿੱਚ 278 ਵਿਦਿਆਰਥੀਆਂ ‘ਚੋਂ 275 ਵਿਦਿਆਰਥੀ ਹਾਜ਼ਰ ਹੋਏ । ਸਪੈਸ਼ਲ ਪ੍ਰੀਖਿਆ ਦਾ ਉਪ ਜਿਲ੍ਹਾ ਸਿੱਖਿਆ ਅਫਸਰ (ਸ) ਜਗਰੂਪ ਸਿੰਘ ਭਾਰਤੀ ਨੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਦੌਰਾ ਕੀਤਾ।

ਸ੍ਰੀ ਭਾਰਤੀ ਨੇ ਦੱਸਿਆ ਕਿ ਕਿਸੇ ਸੈਂਟਰ ਵਿੱਚ ਕੋਈ ਵੀ ਵਿਦਿਆਰਥੀ ਨਕਲ ਕਰਦਾ ਨਹੀਂ ਫੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰ ਦਾ ਕੰਮ ਬੜੇ ਸਫਲ ਅਤੇ ਸ਼ਾਂਤਮਈ ਢੰਗ ਨਾਲ ਸੰਪੂਰਨ ਹੋਇਆ। ਇਸ ਸਮੇਂ ਉਨ੍ਹਾਂ ਨਾਲ ਪ੍ਰਿੰਸੀਪਲ ਸਰਕਾਰੀ ਸੀਨੀ. ਸੈਕੰ. ਮੂਸਾ ਜਗਮੇਲ ਸਿੰਘ, ਡੀ.ਜੀ.ਸੀ. ਮਾਨਸਾ ਅੰਮ੍ਰਿਤਪਾਲ ਸਿੰਘ ਅਤੇ ਪੀਟੀਆਈ ਗੁਰਦੀਪ ਸਿੰਘ ਹਾਜ਼ਰ ਸਨ।

ਪ੍ਰੀਖਿਆ ਕੇਂਦਰਾਂ ਦੁਆਲੇ ਲਾਈ ਧਾਰਾ 144

ਜ਼ਿਲ੍ਹਾ ਮੈਜਿਸਟ੍ਰੇਟ ਧਰਮਪਾਲ ਗੁਪਤਾ ਨੇ ਜ਼ਿਲ੍ਹੇ ਦੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ ਧਾਰਾ 144 ਤਹਿਤ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ/ਵਿਅਕਤੀਆਂ ਵੱਲੋਂ ਪ੍ਰੀਖਿਆ ਕੇਂਦਰ ਵਾਲੀ ਇਮਾਰਤ ਦੇ ਆਲੇ ਦੁਆਲੇ ਖੜ੍ਹੇ ਹੋਣਾ, ਕਾਨੂੰਨ ਅਤੇ ਵਿਵਸਥਾ ਵਿੱਚ ਨੁਕਸੇ ਅਮਨ ਪੈਦਾ ਕਰਨਾ, ਕਿਸੇ ਵੀ ਵਿਅਕਤੀ ਵੱਲੋਂ ਨਾਅਰੇ ਲਗਾਉਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਜੂਨ/ਜੁਲਾਈ 2017 ਜੋ 23 ਜੂਨ ਤੋਂ 6 ਜੁਲਾਈ ਤੱਕ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਸ਼ਰਾਰਤੀ ਅਨਸਰ ਇਕੱਠੇ ਹੋ ਜਾਂਦੇ ਹਨ, ਜੋ ਪ੍ਰੀਖਿਆ ਕੇਂਦਰ ਵਿੱਚ ਪਹੁੰਚ ਕੇ ਪ੍ਰੀਖਿਆ ਦੀ ਪਵਿੱਤਰਤਾ ਅਤੇ ਅਨੁਸ਼ਾਸ਼ਨ ਭੰਗ ਕਰਦੇ ਹਨ। ਇਹ ਹੁਕਮ ਡਿਊਟੀ ਨਿਭਾਅ ਰਹੇ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 6 ਜੁਲਾਈ ਤੱਕ ਲਾਗੂ ਰਹਿਣਗੇ।