ਮੁੱਖ ਮੰਤਰੀ ਭਗਵੰਤ ਮਾਨ ਨੇ ਪੀ. ਐਮ. ਏ. ਵਾਈ. (ਸ਼ਹਿਰੀ) ਸਕੀਮ ਤਹਿਤ 101 ਕਰੋੜ ਰੁਪਏ ਦੀ ਰਾਸ਼ੀ ਕੀਤੀ ਜਾਰੀ
ਲੁਧਿਆਣਾ (ਜਸਵੀਰ ਸਿੰਘ ਗਹਿਲ) ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਥੇ ਰਾਜ ਪੱਧਰੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ. ਐਮ. ਏ. ਵਾਈ. ਸ਼ਹਿਰੀ) ਸਕੀਮ ਤਹਿਤ 101 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। ਜਿਸ ਨਾਲ ਗਰੀਬ ਸ਼ਹਿਰੀਆ (Poor Citizens) ਦਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰਨ ਵਿਚ ਮੱਦਦ ਮਿਲੇਗੀ।
ਹਾਜਰੀਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰ ਬਣਾਉਣ ਲਈ ਰਾਸੀ ਜਾਰੀ ਕਰਕੇ ਪੰਜਾਬ ਸਰਕਾਰ ਉਨਾਂ ’ਤੇ ਕੋਈ ਅਹਿਸਾਨ ਨਹੀਂ ਕਰ ਰਹੀ। ਪਹਿਲਾਂ ਇਹ ਪੈਸਾ ਸਰਕਾਰ ਲੋਕਾਂ ਤੋਂ ਵੱਖ ਵੱਖ ਤਰਾਂ ਦੇ ਟੈਕਸਾਂ ਦੇ ਰੂਪ ’ਚ ਇਕੱਠਾ ਕਰਦੀ ਹੈ ਅਤੇ ਬਾਅਦ ’ਚ ਕਿਸੇ ਨਾ ਕਿਸੇ ਸਕੀਮ ਰਾਹੀਂ ਲੋਕਾਂ ’ਚ ਵੰਡ ਦਿੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸੁੱਤੇ ਪਏ ਵੀ ਟੈਕਸ ਜਮਾਂ ਕਰਵਾ ਰਹੇ ਹਨ ਬਾਵਜੂਦ ਇਸਦੇ ਖ਼ਜਾਨੇ ਖਾਲੀ ਕਿਵੇਂ ਹੋ ਜਾਂਦੇ ਸਨ, ਇਹ ਪਤਾ ਨਹੀਂ ਲੱਗ ਰਿਹਾ ਸੀ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਫ਼ਰਜਾਂ ਨੂੰ ਸਮਝਦੀ ਹੋਈ ਆਪਣੇ ਨਾਗਰਿਕਾਂ ਨੂੰ ਰੋਟੀ, ਕੱਪੜਾ ਤੇ ਮਕਾਨ ਜੋ ਮੁੱਢਲੀਆਂ ਲੋੜਾਂ ਹਨ, ਨੂੰ ਪੂਰਾ ਕਰਨ ਦੀ ਹਰ ਕੋਸ਼ਿਸ ਕਰ ਰਹੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ 25 ਹਜ਼ਾਰ ਗਰੀਬ ਸ਼ਹਿਰੀਆਂ ਨੂੰ ਆਪਣਾ ਘਰ ਬਣਾਉਣ ਲਈ 101 ਕਰੋੜ ਰੁਪਇਆ ਜਾਰੀ ਕੀਤਾ ਹੈ। ਇਸ ਵਿੱਚ ਪ੍ਰਤੀ ਪਰਿਵਾਰ 1.75 ਲੱਖ ਰੁਪਏ ਸਨਮਾਨ ਰਾਸੀ ਦੇ ਰੂਪ ਵਿੱਚ ਗਰੀਬ ਸ਼ਹਿਰੀਆਂ ਨੂੰ ਮਿਲੇਗੀ।
ਕਿਹਾ ਕਿ ਲੋਕਾਂ ਨੇ ਉਨਾਂ ’ਤੇ ਵਿਸ਼ਵਾਸ ਕਰਕੇ ਆਪਣੀ ਡਿਊਟੀ ਨਿਭਾਈ ਹੈ। ਹੁਣ ਉਨਾਂ ਦੀ ਵਾਰੀ ਹੈ ਕਿ ਉਹ ਲੋਕਾਂ ਵੱਲੋਂ ਜਤਾਏ ਗਏ ਵਿਸ਼ਵਾਸ਼ ਨੂੰ ਕਾਇਮ ਰੱਖਣ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਉਂਸਪਲ ਕਾਰਪੋਰੇਸ਼ਨ ਨੂੰ ਦਿੱਤੇ ਗਏ 50 ਨਵੇਂ ਟਰੈਕਟਰਾਂ ਨੂੰ ਵੀ ਹਰੀ ਝੰਡੀ ਦਿਖਾਈ।
ਖਜਾਨੇ ਦਾ ਮੂੰਹ ਲੋਕਾਂ ਵੱਲ
ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਜਾਨਾ ਖਾਲੀ ਹੋਣ ਦਾ ਰੋਣਾ ਰੋਣ ਵਾਲੀਆਂ ਪਿਛਲੀਆਂ ਸਰਕਾਰਾਂ ’ਤੇ ਤੰਜ਼ ਕਸਦਿਆਂ ਕਿਹਾ ਕਿ ਖ਼ਜਾਨਾ ਹੁਣ ਵੀ ਉਹੀ ਹੈ ਪਰ ਮੌਜੂਦਾ ਸਰਕਾਰ ਵੱਲੋਂ ਲੀਕੇਜ ਬੰਦ ਕਰ ਦਿੱਤੀ ਗਈ ਹੈ। ਮੰਤਰੀਆਂ/ਵਿਧਾਇਕਾਂ ਜਾਂ ਉਨਾਂ ਦੇ ਰਿਸਤੇਦਾਰਾਂ ਦੇ ਘਰਾਂ ’ਚ ਜਾਣ ਵਾਲੇ ਪੈਸੇ ਦਾ ਮੂੰਹ ਖ਼ਜਾਨੇ ਵੱਲ ਨੂੰ ਤੇ ਖਜਾਨੇ ਦਾ ਮੂੰਹ ਲੋਕਾਂ ਵੱਲ ਨੂੰ ਕਰ ਦਿੱਤਾ ਗਿਆ ਹੈ। ਜਿਸ ਸਦਕਾ ਹਰ ਆਏ ਦਿਨ ਲੋਕਾਂ ਨੂੰ ਨਵੀਂਆਂ ਸਕੀਮਾਂ ਦਾ ਲਾਭ ਮਿਲ ਰਿਹਾ ਹੈ।