ਸਕੂਲ ਬੈਗ ਨੀਤੀ ਦੀ ਜ਼ਿਲ੍ਹੇ ਦੇ ਸਕੂਲਾਂ ’ਚ ਇੰਨ ਬਿੰਨ ਪਾਲਣਾ ਕੀਤੀ ਜਾਵੇ : ਡਿਪਟੀ ਕਮਿਸ਼ਨਰ (School Bag Policy)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲ੍ਹੇ ਦੇ ਸਾਰੇ ਸਕੂਲ ਮੁੱਖੀਆਂ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (DC Sakshi Sahni) ਨੇ ਬੈਠਕ ਕਰਕੇ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਸਕੂਲ ਬੈਗ ਨੀਤੀ 2020 ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਸਾਕਸ਼ੀ ਸਾਹਨੀ ਨੇ ਕਿਹਾ ਕਿ ਸਕੂਲ ਬੈਗ ਨੀਤੀ 2020 (School Bag Policy) ਮੁਤਾਬਿਕ ਸਕੂਲੀ ਬੱਚਿਆਂ ਦੇ ਬਸਤਿਆਂ ਦਾ ਭਾਰ ਬੱਚੇ ਦੇ ਵਜ਼ਨ ਦੇ 10 ਫ਼ੀਸਦੀ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪਾਲਿਸੀ ਦੀ ਉਲੰਘਣਾ ਨੇ ਨਾਲ ਨਾਲ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਵੀ ਮਾੜਾ ਅਸਰ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਕੂਲ ਪਾਲਿਸੀ ਮੁਤਾਬਕ ਬੱਚਿਆਂ ਦੇ ਬਸਤਿਆਂ ਦਾ ਭਾਰ ਸਹੀ ਕਰਨਾ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਬੈਗ ਪਾਲਿਸੀ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਬਸਤਿਆਂ ਵਿੱਚ ਟਾਈਮ ਟੇਬਲ ਅਨੁਸਾਰ ਹੀ ਕਿਤਾਬਾਂ ਭੇਜਣ। ਉਨ੍ਹਾਂ ਕਿਹਾ ਕਿ ਸਕੂਲ ਆਪਣੇ ਪੱਧਰ ’ਤੇ ਟਾਈਮ ਟੇਬਲ, ਕਾਪੀਆਂ ਦੀ ਗਿਣਤੀ ਸਮੇਤ ਹੋਰ ਲੋੜੀਂਦੇ ਕਦਮ ਵੀ ਚੁੱਕਣ ਤਾਂ ਜੋ ਬੱਚਿਆਂ ਦੇ ਬਸਤਿਆਂ ਦਾ ਭਾਰ ਘੱਟ ਹੋ ਸਕੇ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਭਾਰੀ ਬੈਗ ਨਾ ਦੇਣ ਅਤੇ ਖਾਸ ਕਰਕੇ ਟਰਾਲੀ ਬੈਗ ਤੋਂ ਪ੍ਰਹੇਜ ਕੀਤਾ ਜਾਵੇ।
ਸਕੂਲਾਂ ਨੂੰ ਸੇਫ ਵਾਹਨ ਪਾਲਿਸੀ ਦੀ ਵੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼
ਉਨ੍ਹਾਂ ਕਿਹਾ ਕਿ ਸਕੂਲ ਬੈਗ ਪਾਲਿਸੀ ਨੂੰ ਜ਼ਿਲ੍ਹੇ ’ਚ ਸਖਤੀ ਨਾਲ ਲਾਗੂ ਕਰਨ ਲਈ ਅਗਲੇ ਦਿਨਾਂ ਅੰਦਰ ਚੈਕਿੰਗ ਵੀ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਵਿੰਦਰ ਕੌਰ ਭੁੱਲਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਸਿੰਘ ਵੱਲੋਂ ਸਕੂਲ ਬੈਗ ਨੀਤੀ 2020 ਸਬੰਧੀ ਸਕੂਲ ਮੁਖੀਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਬਸਤਿਆਂ ਦਾ ਭਾਰ ਘਟਾਉਣ ਲਈ ਵਿਚਾਰ ਚਰਚਾ ਕੀਤੀ ਗਈ। (School Bag Policy)
ਇਹ ਵੀ ਪਡ਼੍ਹੋ : ਹਰਪ੍ਰੀਤ ਕੌਰ ਨੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦਾ ਅਹੁਦਾ ਸੰਭਾਲਿਆ
ਮੀਟਿੰਗ ਦੌਰਾਨ ਸਾਕਸ਼ੀ ਸਾਹਨੀ ਨੇ ਸਕੂਲਾਂ ਨੂੰ ਸੇਫ ਵਾਹਨ ਪਾਲਿਸੀ ਦੀ ਵੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਧੁੰਦ ਕਾਰਨ ਸੜਕੀ ਹਾਦਸੇ ਹੁੰਦੇ ਹਨ, ਇਸ ਲਈ ਗੱਡੀਆਂ ’ਤੇ ਰਿਫਲੈਕਟਰ ਆਦਿ ਲਗਾਏ ਜਾਣ ਅਤੇ ਵਾਹਨਾਂ ਦੀ ਪਾਰਕਿੰਗ ਲਈ ਸਕੂਲ ਆਪਣੇ ਪੱਧਰ ’ਤੇ ਪਾਰਕਿੰਗ ਦਾ ਵਿਵਸਥਾ ਕਰਨ ਤਾਂ ਜੋ ਸੜਕਾਂ ’ਤੇ ਟਰੈਫ਼ਿਕ ਦੀ ਸਮੱਸਿਆ ਨਾ ਆਵੇ। ਉਨ੍ਹਾਂ ਬੱਚਿਆਂ ਦੀ ਸੁਰੱਖਿਆ ਲਈ ਸਕੂਲ ਦੇ ਮੈਨ ਗੇਟ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਨਿਰਦੇਸ਼ ਵੀ ਦਿੱਤੇ।