ਪੰਜਾਬ ਅੰਦਰ ਬਿਜਲੀ ਦੀ ਮੰਗ ਪੰਦਰ੍ਹਾਂ ਹਜ਼ਾਰ ਮੈਗਾਵਾਟ ਨੇੜੇ ਪੁੱਜੀ

tharmal

ਪਾਵਰਕੌਮ ਦਾ ਦਾਅਵਾ, ਬਿਨਾਂ ਕਿਸੇ ਕੱਟਾਂ ਤੋਂ ਕੀਤੀ ਜਾ ਰਹੀ ਬਿਜਲੀ ਦੀ ਮੰਗ ਪੂਰੀ | Electricity In Punjab

  • ਪੂਰੇ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਲੱਗੀ 8 ਘੰਟੇ ਬਿਜਲੀ ਸਪਲਾਈ
  • ਝੋਨੇ ਦਾ ਚੌਥਾ ਗੇੜ ਸ਼ੁਰੂ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਝੋਨੇ ਦਾ ਚੌਥਾ ਅਤੇ ਆਖਰੀ ਗੇੜ ਸ਼ੁਰੂ ਹੋਣ ਤੋਂ ਬਾਅਦ ਸੂਬੇ ਅੰਦਰ ਅੱਜ ਬਿਜਲੀ (Electricity In Punjab) ਦੀ ਮੰਗ 15 ਹਜਾਰ ਮੈਗਾਵਾਟ ਨੇੜੇ ਪੁੱਜ ਗਈ ਹੈ। ਪਿਛਲੇ ਸਾਲਾਂ ਨਾਲੋਂ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਹੋ ਰਿਹਾ ਹੈ। ਪਾਵਰਕੌਮ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਟਿਊਬਵੈੱਲਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਪੰਜਾਬ ਭਰ ’ਚ ਦਿੱਤੀ ਜਾਣ ਲੱਗੀ ਹੈ।

ਜਾਣਕਾਰੀ ਅਨੁਸਾਰ ਸੂਬੇ ਅੰਦਰ ਝੋਨੇ ਦਾ ਚੌਥਾ ਅਤੇ ਆਖਰੀ ਗੇੜ ਸ਼ੁਰੂ ਹੋਣ ਤੋਂ ਬਾਅਦ ਅੱਜ ਸਭ ਤੋਂ ਵੱਧ ਬਿਜਲੀ ਦੀ ਮੰਗ ਰਹੀ। ਅੱਜ ਦੁਪਹਿਰ ਮੌਕੇ ਬਿਜਲੀ ਦੀ ਮੰਗ 14960 ਮੈਗਾਵਾਟ ਤੇ ਪੁੱਜ ਗਈ। ਸੂਬੇ ਅੰਦਰ ਝੋਨੇ ਦਾ ਤੀਜਾ ਅਤੇ ਚੌਥਾ ਗੇੜ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ ਲਗਭਗ ਤਿੰਨ ਹਜਾਰ ਮੈਗਾਵਾਟ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਅਗਲੇ ਦਿਨਾਂ ਵਿੱਚ ਬਿਜਲੀ ਦੀ ਮੰਗ ਵਿੱਚ ਹੋਰ ਇਜਾਫ਼ਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਚਾਰ ਦਿਨ ਪਹਿਲਾ ਸੂਬੇ ਅੰਦਰ ਬਿਜਲੀ ਦੀ ਮੰਗ 12 ਹਜਾਰ ਮੈਗਾਵਾਟ ਤੇ ਨੇੜੇ ਸੀ। ਸੂਬੇ ਅੰਦਰ 14 ਲੱਖ ਦੇ ਕਰੀਬ ਟਿਊਬਵੈੱਲ ਚੱਲਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ : ਸਾਰੇ ਨਾਗਰਿਕਾਂ ਲਈ ਸਾਂਝਾ ਕਾਨੂੰਨ

ਪਾਵਰਕੌਮ ਦੇ ਮੌਜੂਦਾ ਸਮੇਂ 15 ਯੂਨਿਟਾਂ ਚੋਂ 13 ਯੂਨਿਟ ਚਾਲੂ ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਦਾ ਯੂਨਿਟ ਬੰਦ ਹੈ ਜਦਕਿ ਪਿਛਲੇ ਸਾਲ ਈਐਸਪੀ ਡਿੱਗਣ ਕਰਕੇ ਲਹਿਰਾ ਮਹੁੱਬਤ ਥਰਮਲ ਪਲਾਂਟ ਦਾ ਯੂਨਿਟ ਵੀ ਚੱਲ ਨਹੀਂ ਸਕਿਆ। ਸਰਕਾਰੀ ਥਮਰਲ ਪਲਾਂਟ ਰੋਪੜ ਦੇ ਚਾਰੇ ਯੂਨਿਟਾਂ ਵੱਲੋਂ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਅਤੇ ਇੱਥੋਂ 742 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਸਰਕਾਰੀ ਥਰਮਲ ਲਹਿਰਾ ਮੁਹੱਬਤ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ ਅਤੇ ਇੱਥੋਂ 656 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪ੍ਰਾਈਵੇਟ ਥਰਮਲ ਤਲਵੰਡੀ ਸਾਬੋਂ ਅਤੇ ਰਾਜਪੁਰਾ ਪੂਰੇ ਸਮਰੱਥਾਂ ਤੇ ਭਖੇ ਹੋਏ ਹਨ। ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਤਿੰਨੋਂ ਯੂਨਿਟਾਂ ਵੱਲੋਂ 1824 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ।

ਜਦਕਿ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 1347 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਨੰਬਰ ਯੂਨਿਟ ਕੋਲੇ ਦੀ ਕਮੀ ਕਾਰਨ ਬੰਦ ਪਿਆ ਹੈ ਜਦਕਿ 2 ਨੰਬਰ ਯੂਨਿਟ ਵੱਲੋਂ 255 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਸਰਕਾਰੀ ਥਰਮਲ ਪਲਾਂਟਾਂ ਵੱਲੋਂ 1310 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਜਦਕਿ ਪ੍ਰਾਈਵੇਟ ਥਰਮਲ ਪਲਾਂਟਾਂ ਵੱਲੋਂ 3427 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪਾਵਰਕੌਮ ਵੱਲੋਂ ਹਾਈਡ੍ਰਲ ਪ੍ਰੋਜੈਕਟਾਂ ਤੋਂ 936 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੰਗ ਨੂੰ ਪੂਰੀ ਕਰਦਿਆ ਕਿਸੇ ਵੀ ਉਪਭੋਗਤਾਵਾਂ ਤੇ ਕਿਸੇ ਪ੍ਰਕਾਰ ਦਾ ਕੱਟ ਨਹੀਂ ਲਗਾਇਆ ਗਿਆ।