‘ਡਿਫਾਲਟਰ’ ਹੈ ਨਵਜੋਤ ਸਿੱਧੂ, ਨਹੀਂ ਭਰ ਰਿਹਾ ਪਿਛਲੇ 2 ਸਾਲਾਂ ਤੋਂ ਬਿਜਲੀ ਦਾ ਬਿੱਲ

ਬਿਜਲੀ ਬਿੱਲ ਦਾ ਖੜਾ ਐ 8 ਲੱਖ 67 ਹਜ਼ਾਰ 540 ਰੁਪਏ ਬਕਾਇਆ

  •  ਬਿਜਲੀ ਦਾ ਬਕਾਇਆ 17 ਲੱਖ ਤੱਕ ਪੁੱਜਾ ਤਾਂ ਭਰਿਆ ਮਾਰਚ 2021 ’ਚ 10 ਲੱਖ ਰੁਪਏ

ਅਸ਼ਵਨੀ ਚਾਵਲਾ, ਚੰਡੀਗੜ੍ਹ। ਕਾਂਗਰਸ ਪਾਰਟੀ ਦੇ ਵਿਧਾਇਕ ਨਵਜੋਤ ਸਿੱਧੂ ਬਿਜਲੀ ਵਿਭਾਗ ਦੇ ‘ਡਿਫ਼ਾਲਟਰ’ ਹੈ ਉਹ ਪਿਛਲੇ 2 ਸਾਲਾਂ ਤੋਂ ਆਪਣੀ ਪ੍ਰਾਈਵੇਟ ਕੋਠੀ ਵਿੱਚ ਆਉਣ ਵਾਲੇ ਬਿਜਲੀ ਦੇ ਬਿੱਲ ਹੀ ਨਹੀਂ ਭਰ ਰਿਹਾ । ਜਿਸ ਕਾਰਨ ਉਨ੍ਹਾਂ ਵੱਲ ਖੜਾ ਬਿਜਲੀ ਵਿਭਾਗ ਦਾ ਬਕਾਇਆ ਹਰ ਮਹੀਨੇ ਵਧਦਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਯਕਮੁਸ਼ਤ 10 ਲੱਖ ਭਰਨ ਦੇ ਬਾਵਜੂਦ 8 ਲੱਖ 67 ਹਜਾਰ 540 ਰੁਪਏ ਬਕਾਇਆ ਅੱਜ ਵੀ ਖੜ੍ਹਾ ਹੈ ਉਨ੍ਹਾਂ ਦੇ ਬਿਜਲੀ ਦੇ ਬਿੱਲ ਦਾ ਸੱਚ ਬਾਹਰ ਆਉਣ ਤੋਂ ਬਾਅਦ ਕਾਫ਼ੀ ਹੰਗਾਮਾ ਵੀ ਖੜਾ ਹੋ ਗਿਆ ਹੈ।

ਨਵਜੋਤ ਸਿੱਧੂ ਵੱਲੋਂ ਹਮੇਸ਼ਾ ਹੀ ਪੰਜਾਬ ਦੇ ਸਰਕਾਰੀ ਵਿਭਾਗਾਂ ਨੂੰ ਵੱਡੀਆਂ-ਵੱਡੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸ਼ੁੱਕਰਵਾਰ ਨੂੰ ਨਵਜੋਤ ਸਿੱਧੂ ਵੱਲੋਂ ਪੰਜਾਬ ਸਰਕਾਰ ਨੂੰ 9 ਟਵੀਟ ਕਰਕੇ ਬਿਜਲੀ ਦੇ ਮੁੱਦੇ ’ਤੇ ਕਾਫ਼ੀ ਜਿਆਦਾ ਸੁਣਾਇਆ ਵੀ ਗਿਆ। ਜਿਸ ਸਮੇਂ ਉਹ ਟਵਿੱਟਰ ’ਤੇ ਗਿਆਨ ਵੰਡ ਰਹੇ ਸਨ ਤਾਂ ਠੀਕ ਉਸੇ ਸਮੇਂ ਉਨ੍ਹਾਂ ਦੀ ਪ੍ਰਾਈਵੇਟ ਕੋਠੀ ’ਚ ਬਿਜਲੀ ਦੀ ਪੜਤਾਲ ਸ਼ੁਰੂ ਹੋ ਗਈ ਅਤੇ ਜਿਹੜਾ ਸੱਚ ਬਾਹਰ ਨਿਕਲ ਕੇ ਆਇਆ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ।

ਨਵਜੋਤ ਸਿੱਧੂ ਵੱਲ ਸਤੰਬਰ 2019 ਤੋਂ ਹੀ ਬਕਾਇਆ ਚੱਲਦਾ ਆ ਰਿਹਾ ਸੀ ਅਤੇ ਪਿਛਲੇ ਲਗਭਗ 2 ਸਾਲਾਂ ਤੋਂ ਉਹ ਬਿਜਲੀ ਦਾ ਬਿੱਲ ਨਹੀਂ ਭਰ ਰਹੇ ਸਨ। ਉਨ੍ਹਾਂ ਵੱਲ ਜਦੋਂ ਬਿਜਲੀ ਦੇ ਬਿੱਲ ਦਾ ਬਕਾਇਆ 17 ਲੱਖ ਨੂੰ ਪਾਰ ਕਰ ਗਿਆ ਤਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਉਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਮਾਰਚ 2021 ਵਿੱਚ ਨਵਜੋਤ ਸਿੱਧੂ ਨੇ ਯਕਮੁਸ਼ਤ 10 ਲੱਖ ਰੁਪਏ ਬਕਾਏ ਦੇ ਰੂਪ ਵਿੱਚ ਭਰ ਦਿੱਤੇ ਉਨ੍ਹਾਂ ਵੱਲ ਮਾਰਚ 2021 ਵਿੱਚ 17 ਲੱਖ 58 ਹਜ਼ਾਰ ਰੁਪਏ ਖੜੇ ਸਨ, 10 ਲੱਖ ਭਰਨ ਤੋਂ ਬਾਅਦ ਬਕਾਇਆ 7 ਲੱਖ 58 ਹਜ਼ਾਰ ਰੁਪਏ ਰਹਿ ਗਿਆ। ਜਿਸ ਤੋਂ ਬਾਅਦ ਹੁਣ ਤੱਕ ਮੁੜ ਨਵਜੋਤ ਸਿੱਧੂ ਨੇ ਬਿਜਲੀ ਦੇ ਬਿੱਲ ਦਾ ਇੱਕ ਵੀ ਪੈਸਾ ਨਹੀਂ ਭਰਿਆ। ਹੁਣ ਅਪ੍ਰੈਲ 2021 ਤੋਂ ਲੈ ਕੇ ਜੂਨ 2021 ਤੱਕ ਬਿਜਲੀ ਦਾ ਬਿੱਲ ਅਤੇ ਪਿਛਲੇ ਬਕਾਏ ਨੂੰ ਮਿਲਾ ਕੇ 8 ਲੱਖ 67 ਹਜ਼ਾਰ 540 ਰੁਪਏ ਬਕਾਇਆ ਖੜਾ ਹੋ ਗਿਆ ਹੈ।

ਆਮ ਵਿਅਕਤੀ ਦਾ ਹੁੰਦਾ ਬਕਾਇਆ ਕੱਟ ਦਿੰਦੇ ਮੀਟਰ : ਭਗਵੰਤ ਮਾਨ

 

ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕਿਸੇ ਆਮ ਵਿਅਕਤੀ ਦੇ ਘਰ ਦਾ ਬਿਜਲੀ ਬਿੱਲ ਬਕਾਇਆ ਹੁੰਦਾ ਤਾਂ ਲੱਖਾਂ ਰੁਪਏ ਤਾਂ ਦੂਰ 20-30 ਹਜ਼ਾਰ ਰੁਪਏ ’ਤੇ ਹੀ ਮੀਟਰ ਪੁੱਟ ਕੇ ਬਿਜਲੀ ਵਾਲੇ ਨਾਲ ਲੈ ਜਾਂਦੇ ਪਰ ਇਥੇ ਨਵਜੋਤ ਸਿੱਧੂ ਹੋਣ ਕਰਕੇ ਬਿਜਲੀ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ।

Apology, Kejriwal, Bhagwant Mann, Action

ਉਨਾਂ ਕਿਹਾ ਕਿ ਇਸ ਤਰੀਕੇ ਨਾਲ ਸਾਡੇ ਲੀਡਰ ਫਾਇਦਾ ਲੈਂਦੇ ਹਨ ਅਤੇ ਵਿਭਾਗੀ ਅਧਿਕਾਰੀ ਕਾਰਵਾਈ ਨਹੀਂ ਕਰਦੇ । ਉਨਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਬਿਜਲੀ ਦਾ ਬਿੱਲ ਤੁਰੰਤ ਭਰਨਾ ਚਾਹੀਦਾ ਹੈ ਜਾਂ ਫਿਰ ਵਿਭਾਗ ਦੇ ਅਧਿਕਾਰੀਆਂ ਨੂੰ ਮੀਟਰ ਪੁੱਟ ਕੇ ਲੈ ਜਾਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।