ਪਿੰਡ ਦਾ ਸਰਪੰਚ ਸੀ ਪੀੜਤ ਕਿਸਾਨ
ਨਾਭਾ| ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ ਉਥੇ ਸੂਬੇ ਦੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਦੋਰ ਬਦਸਤੂਰ ਜਾਰੀ ਹੈ। ਇਸੇ ਪ੍ਰਕਾਰ ਦਾ ਘਟਨਾਕ੍ਰਮ ਰਿਜ਼ਰਵ ਹਲਕਾ ਨਾਭਾ ਵਿਖੇ ਵਾਪਰਿਆ ਜਿਸ ਦੇ ਪਿੰਡ ਸੰਗਤਪੁਰਾ ਦੇ 55 ਸਾਲਾਂ ਬੂਟਾ ਸਿੰਘ ਨਾਮੀ ਇੱਕ ਕਿਸਾਨ ਵੱਲੋਂ ਕਰਜ਼ੇ ਦੇ ਬੋਝ ਹੇਠ ਆ ਕੇ ਖੁਦਕੁਸ਼ੀ ਕਰ ਲਈ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਪਿੰਡ ਦਾ ਸਰਪੰਚ ਵੀ ਸੀ ਜਿਸ ਦੇ ਸਿਰ ‘ਤੇ ਬੈਕਾਂ, ਆੜਤੀਆਂ ਅਤੇ ਡੇਅਰੀ ਫਾਰਮਾਂ ਦਾ ਲੱਖਾਂ ਦਾ ਕਰਜ਼ਾ ਖੜਾ ਸੀ ਜਦਕਿ ਉਸ ਕੋਲ ਜਮੀਨ 06 ਕਿੱਲੇ ਹੀ ਦੱਸੀ ਜਾ ਰਹੀ ਹੈ। ਦਿਨ ਪ੍ਰਤਿ ਦਿਨ ਕਰਜ਼ੇ ਦਾ ਬੋਝ ਉਸ ‘ਤੇ ਵੱਧਦਾ ਜਾ ਰਿਹਾ ਸੀ ਜਿਸ ਦੇ ਬੋਝ ਹੇਠ ਆ ਕੇ ਇਸ ਕਿਸਾਨ ਨੇ ਜਹਿਰਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਕਿਸਾਨ ਤਿੰਨ ਭੈਣਾਂ ਦਾ ਭਰਾ ਸੀ ਜੋ ਕਿ ਆਪਣੇ ਪਿੱਛੇ 02 ਲੜਕੇ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਆਪਣਾ ਦੁੱਖ ਸਾਂਝਾ ਕਰਦਿਆਂ ਮ੍ਰਿਤਕ ਕਿਸਾਨ ਦੀ ਭੈਣ ਅਤੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਕਈ ਥਾਵਾਂ ਤੋ ਕਰਜ਼ਾ ਲਿਆ ਹੋਇਆ ਸੀ। ਕੁਝ ਸਮਾਂ ਪਹਿਲਾ ਬੂਟਾ ਸਿੰਘ ਨੇ ਆਪਣੇ ਪੁੱਤਰ ਨੂੰ 15 ਲੱਖ ਰੁਪਏ ਲਗਾ ਕੇ ਡੁਬੱਈ ਵਿੱਚ ਭੇਜਿਆ ਸੀ ਪਰੰਤੂ ਉਹ ਉਥੇ ਜੰਮ ਨਾ ਸਕਿਆ ਅਤੇ ਕੋਈ ਕੰਮ ਨਾ ਮਿਲਿਆ। ਲੜਕਾ ਵੀ ਵਾਪਸ ਆ ਕੇ ਖੇਤੀ ਹੀ ਕਰ ਰਿਹਾ ਹੈ। ਇਸ ਤੋਂ ਬਾਅਦ 11 ਲੱਖ ਆੜਤੀਏ ਦਾ ਖੜਾ ਸੀ, 18 ਲੱਖ ਸ਼ੈੱਡ ਲਈ ਲਿਆ ਹੋਇਆ ਸੀ, 7 ਲੱਖ ਰੁਪਇਆ ਸੁਸਾਇਟੀ ਦਾ ਬਕਾਇਆ ਸੀ ਜਦਕਿ 10 ਲੱਖ ਦੀ ਲਿਮਟ ਕਰਵਾਈ ਹੋਈ ਸੀ। ਇਸ ਤੋਂ ਇਲਾਵਾ ਪਿੰਡ ਦੀ ਸਰਪੰਚੀ ਲਈ ਵੀ ਉਸ ਨੇ ਕਾਫੀ ਖਰਚਾ ਕਰ ਦਿੱਤਾ ਸੀ। ਮ੍ਰਿਤਕ ਕਿਸਾਨ ਦੇ ਪਰਿਵਾਰ ਨੇ ਕੈਪਟਨ ਸਰਕਾਰ ਤੋਂ ਅਪੀਲ ਕਰਦਿਆਂ ਕਿਹਾ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਪੂਰੀ ਮੱਦਦ ਕੀਤੀ ਜਾਵੇ ਅਤੇ ਜਿਹੜਾ 40 ਲੱਖ ਦਾ ਕਰਜ਼ਾ ਉਸ ਦੇ ਸਿਰ ‘ਤੇ ਹੈ, ਜੇ ਉਸ ਨੂੰ ਮਾਫ਼ ਕਰ ਦਿੱਤਾ ਜਾਵੇ ਤਾਂ ਬਾਕੀ ਪਰਿਵਾਰ ਦੀ ਜਿੰਦਗੀ ਆਸਾਨ ਹੋ ਜਾਵੇਗੀ। ਇਸ ਮੌਕੇ ਪਿੰਡ ਵਾਸੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਹ ਕਿਸਾਨ ਪਿੰਡ ਦਾ ਸਰਪੰਚ ਵੀ ਸੀ ਅਤੇ ਪਿਛਲੇ ਕਾਫੀ ਸਮੇਂ ਤੋ ਕਰਜ਼ੇ ਦੀ ਮਾਰ ਝੱਲ ਰਿਹਾ ਸੀ। ਇਸ ਵਾਰ ਝੋਨੇ ਦੇ ਮਾੜੇ ਨਿਕਾਲ ਤੋ ਕਿਸਾਨ ਕਾਫੀ ਦੁੱਖੀ ਹੋ ਗਿਆ ਸੀ ਜਿਸ ਕਾਰਨ ਉਸ ਨੇ ਕੋਈ ਜਹਿਰਲੀ ਦਵਾਈ ਨਿਗਲ ਲਈ। ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਵਿੱਚ ਧਾਰਾ 174 ਆਈਪੀਸੀ ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। Suicides
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।