ਪਾਕਿਸਤਾਨ ਦਾ ਰੋਣਾ

Pakistan

ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਜਰਦਾਰੀ ਭੁੱਟੋ ਨੇ ਇੱਕ ਅਮਰੀਕੀ ਟੀ. ਵੀ. ਨੂੰ ਦਿੱਤੀ ਇੰਟਰਵਿਊ ’ਚ ਮੰਨਿਆ ਹੈ ਕਿ ਉਨ੍ਹਾਂ ਦਾ ਮੁਲਕ ਇਸ ਸਮੇਂ ਚਾਰੇ ਪਾਸਿਓਂ ਮੁਸੀਬਤਾਂ ’ਚ ਘਿਰ ਗਿਆ ਹੈ। ਬਿਲਾਵਲ ਮੁਤਾਬਿਕ, ਪਾਕਿਸਤਾਨ ਨਾ ਸਿਰਫ਼ ਸਿਆਸੀ ਧਰੁਵੀਕਰਨ ਦੇ ਦੌਰ ’ਚ ਹੈ, ਬਲਕਿ ਸੁਰੱਖਿਆ ਅਤੇ ਆਰਥਿਕ ਸੰਕਟ ਨਾਲ ਵੀ ਜੂਝ ਰਿਹਾ ਹੈ। ਅਤੇ ਇਹ ਸੱਚ ਵੀ ਹੈ ਕਿ ਪਾਕਿਸਤਾਨ ਡੂੰਘੇ ਸੰਕਟ ’ਚ ਫਸ ਗਿਆ ਹੈ। ਪਿਛਲੇ 25 ਸਾਲਾਂ ’ਚ ਪਾਕਿਸਤਾਨ ’ਤੇ ਕਰਜ਼ਾ ਤਿੰਨ ਲੱਖ ਕਰੋੜ ਪਾਕਿਸਤਾਨੀ ਰੁਪਏ ਤੋਂ ਵਧ ਕੇ 2022 ਤੱਕ 62.5 ਲੱਖ ਕਰੋੜ ਪਾਕਿਸਤਾਨੀ ਰੁਪਏ ਤੱਕ ਪਹੁੰਚ ਗਿਆ ਹੈ।

Pakistan ਦਾ ਰੋਣਾ

ਇਸ ਮਿਆਦ ’ਚ ਇੱਕ ਪਾਸੇ ਸਰਕਾਰੀ ਕਰਜ਼ਾ 14 ਫੀਸਦੀ ਹਰ ਸਾਲ ਦੀ ਦਰ ਨਾਲ ਵਧਿਆ, ਜਦੋਂਕਿ ਪਾਕਿਸਤਾਨ ਦੀ ਜੀਡੀਪੀ ਸਿਰਫ਼ ਤਿੰਨ ਫੀਸਦੀ ਦੀ ਦਰ ਨਾਲ ਹੀ ਵਧ ਸਕੀ। ਕਰਜ਼ੇ ’ਤੇ ਵਿਆਜ਼ ਅਤੇ ਵਾਪਸੀ ਦੀ ਦੇਣਦਾਰੀ 5.2 ਲੱਖ ਕਰੋੜ ਪਾਕਿਸਤਾਨੀ ਰੁਪਏ ਤੱਕ ਪਹੁੰਚ ਗਈ ਹੈ, ਜੋ ਸਰਕਾਰ ਦੀ ਕੁੱਲ ਆਮਦਨ ਤੋਂ ਵੀ ਕਿਤੇ ਜ਼ਿਆਦਾ ਹੈ। ਇਮਰਾਨ ਸਰਕਾਰ ਇਸ ਰਾਜਕੋਸ਼ੀ ਕੁਪ੍ਰਬੰਧਨ ਦੇ ਚੱਲਦਿਆਂ ਡਿੱਗ ਗਈ ਸੀ, ਪਰ ਵਰਤਮਾਨ ਸਰਕਾਰ ਵੀ ਸਥਿਤੀ ਨੂੰ ਸੰਭਾਲਣ ’ਚ ਨਾਕਾਮਯਾਬ ਰਹੀ ਹੈ। ਮਜ਼ਬੂਰੀ ’ਚ ਪਾਕਿਸਤਾਨ ਮੱਦਦ ਲਈ ਕਈ ਵਾਰ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ਼) ਦਾ ਦਰਵਾਜ਼ਾ ਖੜਕਾ ਚੁੱਕਾ ਹੈ। ਆਈਐਮਐਫ ਦਾ ਕਹਿਣਾ ਹੈ ਕਿ ਉਹ ਫ਼ਿਰ ਹੀ ਮੱਦਦ ਦੇ ਸਕਦਾ ਹੈ, ਜਦੋਂ ਪਾਕਿਸਤਾਨ ਉਸ ਦੀਆਂ ਸ਼ਰਤਾਂ ਨੂੰ ਮੰਨੇ।

ਆਈਐਮਐਫ਼ ਦੀ ਸ਼ਰਤ ਹੈ ਕਿ ਪਾਕਿਸਤਾਨ 17 ਹਜ਼ਾਰ ਕਰੋੜ ਰੁਪਏ ਦੇ ਵਾਧੂ ਟੈਕਸਾਂ ਦੀ ਤਜਵੀਜ਼ ਕਰੇ ਅਤੇ ਡੀਜ਼ਲ ’ਤੇ ਵਾਧੂ ਲੇਵੀ ਲਾਵੇ। ਅਰਥਸ਼ਾਸਤਰੀ ਪਾਕਿਸਤਾਨ ਦੀ ਲੰਮੇ ਸਮੇਂ ਦੀਆਂ ਅਤੇ ਘੱਟ ਸਮੇਂ ਦੀਆਂ, ਦੋਵਾਂ ਤਰ੍ਹਾਂ ਦੀਆਂ ਕਈ ਨੀਤੀਆਂ ਦੇ ਅਲੋਚਕ ਰਹੇ ਹਨ ਅਤੇ ਉਨ੍ਹਾਂ ਨੂੰ ਵਰਤਮਾਨ ਦੁਰਦਸ਼ਾ ਲਈ ਜਿੰਮੇਵਾਰ ਦੱਸਦੇ ਹਨ। ਫੌਜ ’ਚ ਲੋੜ ਤੋਂ ਜ਼ਿਆਦਾ ਨਿਵੇਸ਼ ਕਰਨ ਤੋਂ ਲੈ ਕੇ ਮੁਫ਼ਤ ਤੋਹਫ਼ੇ ਦੇਣ ਅਤੇ ਅਸਥਿਰ ਸਿਆਸੀ ਵਾਤਾਵਰਨ ਹੋਣ ਤੱਕ ਕਈ ਮੁੱਦਿਆਂ ਦਾ ਜ਼ਿਕਰ ਆਉਂਦਾ ਹੈ। ਅਜਿਹੇ ’ਚ, ਪਾਕਿਸਤਾਨ ਨੂੰ ਕਰਜ਼ਾ ਦੇਣ ਦੇ ਮਾਮਲੇ ’ਚ ਆਈਐਮਐਫ਼ ਦਾ ਸਾਵਧਾਨ ਹੋਣਾ ਲਾਜ਼ਮੀ ਹੈ। ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਪਾਕਿਸਤਾਨ ਇੱਕ ਪਰਮਾਣੂ ਸੰਪੰਨ ਦੇਸ਼ ਹੈ। ਉਸ ਦੀ ਦਿਨ-ਬ-ਦਿਨ ਵਿਗੜਦੀ ਸਥਿਤੀ ਪੂਰੀ ਦੁਨੀਆ, ਖਾਸ ਕਰਕੇ ਭਾਰਤੀ ਉਪ ਮਹਾਂਦੀਪ ਲਈ ਚਿੰਤਾ ਦੀ ਗੱਲ ਹੋਣੀ ਚਾਹੀਦੀ ਹੈ।

ਪਾਕਿਸਤਾਨ ਨੂੰ ਸਭ ਤੋਂ ਪਹਿਲਾਂ ਆਪਣੀਆਂ ਗਲਤੀਆਂ ਨੂੰ ਮੰਨਣਾ ਪਵੇਗਾ

ਬਿਲਾਵਲ ਭੁੱਟੋ ਜਦੋਂ ਖੁਦ ਸੁਰੱਖਿਆ ਚੁਣੌਤੀਆਂ ਦੇ ਵਧਣ ਦੀ ਗੱਲ ਕਰ ਰਹੇ ਹਨ, ਉਦੋਂ ਪਾਕਿਸਤਾਨੀ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਸਬੰਧੀ ਦੁਨੀਆ ਨੂੰ ਬਹੁਤ ਚੌਕਸ ਹੋਣ ਦੀ ਜ਼ਰੂਰਤ ਹੈ। ਅਮਰੀਕੀ ਸੁਰੱਖਿਆ ਮਾਹਿਰ ਸਟੀਫਨ ਟੈਂਕਲ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਪਾਕਿਸਤਾਨੀ ਪਰਮਾਣੂ ਹਥਿਆਰਾਂ ਦੇ ਅੱਤਵਾਦੀਆਂ ਦੇ ਹੱਥਾਂ ’ਚ ਜਾਣ ਦਾ ਖਤਰਾ ਹੈ। ਬਿਨਾਂ ਸ਼ੱਕ ਪਾਕਿਸਤਾਨ ਨੂੰ ਸਭ ਤੋਂ ਪਹਿਲਾਂ ਆਪਣੀਆਂ ਗਲਤੀਆਂ ਨੂੰ ਮੰਨਣਾ ਪਵੇਗਾ ਅਤੇ ਫ਼ਿਰ ਉਨ੍ਹਾਂ ਦੇ ਹੱਲ ’ਤੇ ਵਿਚਾਰ ਕਰਨਾ ਹੋਵੇਗਾ।

ਉਨ੍ਹਾਂ ਨੂੰ ਇਹ ਵੀ ਮੰਨਣਾ ਹੋਵੇਗਾ ਕਿ ਅੱਜ ਉਨ੍ਹਾਂ ਦੀ ਇਸ ਹਾਲਤ ਲਈ ਸਿਰਫ਼ ਅੱਤਵਾਦ ਹੀ ਸਭ ਤੋਂ ਵੱਡਾ ਕਾਰਨ ਹੈ। ਪਾਕਿ ਨੂੰ ਵਿਦੇਸ਼ ਨੀਤੀ ਨੂੰ ਠੋਸ ਸੰਸਾਰਿਕ ਹਕੀਕਤਾਂ ਦੀ ਧਰਤੀ ’ਤੇ ਘੜਨਾ ਹੋਵੇਗਾ। ਜੇਕਰ ਉਹ ਇਮਾਨਦਾਰੀ ਨਾਲ ਇਸ ਨੂੰ ਮੰਨ ਕੇ ਅੱਗੇ ਵਧੇ ਤਾਂ ਗੁਆਂਢੀ ਦੇਸ਼ ਵੀ ਮੱਦਦ ਕਰਨ ’ਚ ਪਿੱਛੇ ਨਹੀਂ ਹਟਣਗੇ, ਜੋ ਦੱਖਣੀ ਏਸ਼ੀਆ ਦੇ ਹਿੱਤ ’ਚ ਹੋਵੇਗਾ। ਪਾਕਿਸਤਾਨ ਨੂੰ ਕਰਜ਼ੇ ’ਤੇ ਨਿਰਭਰਤਾ ਘਟਾ ਕੇ ਦੇਸ਼ ’ਚ ਰੁਜ਼ਗਾਰ ਅਤੇ ਵਪਾਰ ਸਬੰਧੀ ਨੀਤੀਆਂ ਬਣਾ ਕੇ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।