ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਈ ਲੁੱਟ ਦੀ ਗੁੱਥੀ
ਬਠਿੰਡਾ, (ਸੁਖਜੀਤ ਮਾਨ)। ਸ਼ੁੱਕਰਵਾਰ ਨੂੰ ਬਠਿੰਡਾ ਦੇ ਧੋਬੀ ਬਜ਼ਾਰ ’ਚ ਸਥਿਤ ਫੈਸ਼ਨ ਜਿਊਲਰਜ਼ ਦੇ ਮਾਲਕ ਭੀਮ ਸੈਨ ਦੀਆਂ ਅੱਖਾਂ ’ਚ ਪੇਪਰ ਸਪ੍ਰੇਅ ਪਾ ਕੇ ਸੋਨਾ ਲੁੱਟਣ ਵਾਲੇ ਮਾਮਲੇ ਦੀ ਗੁੱਥੀ ਪੁਲਿਸ ਨੇ 24 ਘੰਟਿਆਂ ’ਚ ਹੀ ਸੁਲਝਾ ਲਈ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਪਤੀ-ਪਤਨੀ ਨੇ ਦਿੱਤਾ ਸੀ ਪੁਲਿਸ ਮੁਤਾਬਿਕ ਇਹ ਦੋਵੇਂ ਪਤੀ-ਪਤਨੀ ਨਸ਼ੇ ਕਰਨ ਦੇ ਆਦੀ ਸਨ।
ਇਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਲੁੱਟ ਦੇ ਸਬੰਧ ’ਚ ਸਨੀ ਕੁਮਾਰ ਪੁੱਤਰ ਅਮੀਰ ਚੰਦ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਉਰਫ ਨੂਰ ਵਾਸੀਅਨ ਜੋਗੀ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜਮਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਘਰੋਂ ਸੋਨੇ ਦੀਆਂ 8 ਚੈਨੀਆਂ ਅਤੇ ਪੰਜ ਜੋੜੇ ਟੌਪਸ ਬਰਾਮਦ ਕੀਤੇ ਹਨ ਜਿੰਨ੍ਹਾਂ ਦਾ ਵਜ਼ਨ 97.84 ਗਰਾਮ ਬਣਦਾ ਹੈ।
ਪੁਲਿਸ ਨੇ ਜੋੜੇ ਕੋਲੋਂ ਵਾਰਦਾਤ ਲਈ ਵਰਤਿਆ ਪੇਪਰ ਸਪਰੇਅ ਅਤੇ ਐਕਟਿਵਾ ਵੀ ਬਰਾਮਦ ਕਰ ਲਈ ਹੈ। ਐਸਐਸਪੀ ਨੇ ਇਸ ਵਾਰਦਾਤ ਨੂੰ ਹੱਲ ਕਰਨ ਵਾਲੀ ਪੁਲਿਸ ਟੀਮ ਦੀ ਪਿੱਠ ਵੀ ਥਾਪੜੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਪੀਡੀ ਬਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੀਆਈਏ ਸਟਾਫ ਵਨ ਦੇ ਇੰਚਾਰਜ ਸਬ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਪੜਤਾਲ ਦਾ ਜਿੰਮਾ ਸੌਂਪਿਆ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਸੀਸੀਟੀਵੀ ਦੀ ਫੁਟੇਜ ਅਤੇ ਹੋਰ ਪਹਿਲੂਆਂ ਦੇ ਅਧਾਰ ’ਤੇ ਸਨੀ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਨਾਮਜਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅੱਜ ਦੋਵਾਂ ਨੂੰ ਰਾਮਪੁਰਾ ਗਰਿੱਡ ਕੋਲੋਂ ਐਕਟਿਵਾ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਲੁੱਟਿਆ ਸਮਾਨ ਬਰਾਮਦ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਡਾਂਸਰ ਹੈ ਜਦੋਂਕਿ ਸਨੀ ਆਟੋ ਰਿਕਸ਼ਾ ਚਲਾਉਂਦਾ ਹੈ। ਦੋਵੇਂ ਨਸ਼ਾ ਕਰਦੇ ਸਨ ਜਿਸ ਦੀ ਪੂਰਤੀ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਇਸ ਤੋਂ ਪਹਿਲਾਂ ਸਰਬਜੀਤ ਕੌਰ ਮਾਨਸਾ ਵਿਆਹੀ ਹੋਈ ਸੀ ਜਿਸ ਵਿਆਹ ਤਹਿਤ ਉਨ੍ਹਾਂ ਦੀਆਂ 19-20 ਸਾਲ ਦੀਆਂ ਦੋ ਲੜਕੀਆਂ ਅਤੇ 12 ਕੁ ਸਾਲ ਦਾ ਲੜਕਾ ਹੈ। ਉਸਨੇ ਦੂਜਾ ਵਿਆਹ ਸਨੀ ਕੁਮਾਰ ਵਾਸੀ ਕੁੱਤਾਵੱਡ ਤਹਿ. ਐਲਨਾਬਾਦ ਜ਼ਿਲ੍ਹਾ ਸਰਸਾ ਹਾਲ ਆਬਾਦ ਜੋਗੀ ਨਗਰ ਬਠਿੰਡਾ ਨਾਲ ਕਰਵਾਇਆ ਹੋਇਆ ਹੈ ਜਿਸ ਤੋਂ ਉਨ੍ਹਾਂ ਦੇ ਇੱਕ ਲੜਕੀ ਕਰੀਬ 3 ਸਾਲ ਦੀ ਹੈ ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਪੁੱਛ ਪੜਤਾਲ ਕੀਤੀ ਜਾਏਗੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।