ਘਰਾਂ ਵਿਚ ਕੁਆਰੰਟਾਈਨ ਰੱਖੇ ਵਿਅਕਤੀਆਂ ਦੇ ਘਰਾਂ ਦੇ ਬਾਹਰ ਲਗਾਏ ਸਟਿੱਕਰ
ਪਟਿਆਲਾ , (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜਿਲ੍ਹੇ ਦੇ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ ਦਾ ਕੋਰੋਨਾਵਾਇਰਸ ਟੈਸਟ ਨੈਗੇਟਿਵ ਆਇਆ ਹੈ ਜਿਸ ਨਾਲ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਰਾਹਤ ਮਿਲੀ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਮਿਲਟਰੀ ਏਰੀਏ ਦੀ ਇੱਕ 18 ਸਾਲਾ ਲੜਕੀ ਜੋਕਿ ਪਿਛਲੇ ਦਿਨੀਂ ਨਵੀ ਦਿੱਲੀ ਵਿਖੇ ਇੱਕ ਕੋਵਿਡ ਪਾਜੀਟਿਵ ਲੜਕੀ ਦੇ ਸੰਪਰਕ ਵਿੱਚ ਰਹੀ ਸੀ ਨੂੰ ਅੱਜ ਫਲੂ ਟਾਈਪ ਲੱਛਣ ਨਾ ਹੋਣ ਦੇ ਬਾਵਜੂਦ ਸ਼ੱਕ ਦੇ ਅਧਾਰ ‘ਤੇ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਕੇ ਉਸ ਦਾ ਕੋਰੋਨਾਵਾਇਰਸ ਸਬੰਧੀ ਟੈਸਟ ਕਰਵਾਇਆ ਗਿਆ ਜੋ ਕਿ ਰਾਜਿੰਦਰਾ ਹਸਪਤਾਲ ਵਿੱਚ ਲੈਬ ਜਾਂਚ ਤੋਂ ਆਈ ਰਿਪੋਰਟ ਤੋਂ ਇਹ ਲ਼ੜਕੀ ਕੋਰੋਨਾਵਾਇਰਸ ਨੈਗੇਟਿਵ ਪਾਈ ਗਈ ਹੈ ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਹੁਣ ਤੱਕ ਜਿਲ੍ਹੇ ਦੇ ਸਾਰੇ ਹੀ 8 ਸ਼ੱਕੀ ਮਰੀਜਾਂ ਦੇ ਸਂੈਪਲ ਨੈਗੇਟਿਵ ਆਏ ਹਨ। ਉਹਨਾਂ ਕਿਹਾ ਕਿ ਅੱਜ ਰਾਜਿੰਦਰਾ ਹਸਪਤਾਲ ਦੀ ਮਾਈਕਰੋਬਾਇਓਲੋਜੀ ਲੈਬ ਵਿੱਚ ਵੱਖ-ਵੱਖ ਜਿਲ੍ਹਿਆਂ ਤੋਂ ਆਏ 9 ਸ਼ੱਕੀ ਵਿਅਕਤੀਆਂ ਦੇ ਕੋਰੋਨਾਵਾਇਰਸ ਸਬੰਧੀ ਸੈਂਪਲ ਪ੍ਰਾਪਤ ਹੋਏ ਸਨ ਜੋਕਿ ਸਾਰੇ ਹੀ ਨੈਗੇਟਿਵ ਹਨ।
ਮਲਹੋਤਰਾ ਨੇ ਕਿਹਾ ਕਿ ਭਾਵਂੇ ਜਿਲ੍ਹੇ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਕਾਬੂ ਅਧੀਨ ਹੈ ਪ੍ਰੰਤੂ ਫਿਰ ਵੀ ਇਸ ਤੋਂ ਬਚਾਓ ਲਈ ਇਤਿਆਹਤ ਵਰਤਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਵਿਦੇਸ਼ਾਂ ਤੋਂ ਆਏ ਸਾਰੇ ਲੋਕਾਂ ਨੂੰ ਘਰਾਂ ਵਿੱਚ ਹੀ ਕੁਆਰੰਟਾਈਨ ਰੱਖ ਕੇ ਉਹਨਾਂ ਦਾ ਫੋਲੋਅਪ ਕੀਤਾ ਜਾ ਰਿਹਾ ਹੈ ਅਤੇ ਕੋਰੋਨਾ ਸਬੰਧੀ ਲੱਛਣ ਹੋਣ ‘ਤੇ ਹੀ ਉਹਨਾਂ ਦੇ ਟੈਸਟ ਰਾਜਿੰਦਰਾ ਹਸਪਤਾਲ ਦੀ ਮਾਈਕਰੋ ਬਾਇਓਲੋਜੀ ਲੈਬ ਵਿੱਚ ਕਰਵਾਏ ਜਾਂਦੇ ਹਨ।
ਉਹਨਾਂ ਕਿਹਾ ਕਿ ਕੁਆਰਨਟੀਨ ਰੱਖੇ ਜਾ ਰਹੇ ਲੋਕਾਂ ਦੇ ਘਰਾਂ ਦੇ ਬਾਹਰ ਸਿਹਤ ਵਿਭਾਗ ਵੱਲੋਂ ਪੁਲਿਸ ਦੀ ਮਦਦ ਨਾਲ ਸਟਿੱਕਰ ਲਗਾਏ ਜਾ ਰਹੇ ਹਨ ਤਾਂ ਜੋ ਅਜਿਹੇ ਘਰਾਂ ਦੀ ਜਲਦ ਪਛਾਣ ਹੋ ਸਕੇ ਅਤੇ ਗਲੀ ਮੁੱਹਲੇ ਦੇ ਲੋਕ ਜਾਂ ਰਿਸ਼ਤੇਦਾਰ ਵੀ ਉਹਨਾਂ ਦੇ ਘਰਾਂ ਵਿੱਚ ਜਾਣ ਸਮੇਂ ਕੁਆਰੰਟਾਈਨ ਰੱਖੇ ਵਿਅਕਤੀਆਂ ਦੇ ਸੰਪਰਕ ਵਿੱਚ ਨਾ ਆ ਕੇ ਉਹਨਾਂ ਤੋਂ ਦੂਰੀ ਬਣਾ ਕੇ ਰੱਖਣ।
ਉਹਨਾਂ ਕਿਹਾ ਕਿ ਵਿਦੇਸ਼ਾਂ ਤੋਂ ਯਾਤਰਾ ਕਰਕੇ ਆਏ ਵਿਅਕਤੀ ਲਈ ਘੱਟੋ ਘੱਟ 14 ਦਿਨ ਘਰ ਵਿਚ ਹੀ ਕੁਆਰੰਟਾਈਨ ਰਹਿਣਾ ਜਰੂਰੀ ਹੈ ਅਤੇ ਘਰ ਵਿੱਚ ਉਹਨਾਂ ਦੀ ਦੇਖਭਾਲ ਇੱਕ ਹੀ ਪਰਿਵਾਰਕ ਮਂੈਬਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਜੁਰਗਾਂ , ਛੋਟੇ ਬੱਚਿਆਂ ਅਤੇ ਕਰੋਨਿਕ ਬਿਮਾਰੀਆਂ ਨਾਲ ਗ੍ਰਸਤ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਸੰਪਰਕ ਵਿੱਚ ਨਾ ਆਉਣ ਦਿੱਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।