ਪਟਿਆਲਾ (ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਨਾਲੋਂ ਵੱਖਰੀ ਸੁਰ ਅਲਾਪ ਰਹੇ ਸੁਖਪਾਲ ਖਹਿਰਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਅੰਦਰ ਰੱਖੀ ਗਈ ਵਲੰਟੀਅਰ ਕਨਵੈਕਸ਼ਨ ‘ਚ ਆਸ ਮੁਤਾਬਿਕ ਇਕੱਠ ਨਹੀਂ ਹੋਇਆ। ਇਸ ਦੌਰਾਨ ਭਾਵੇਂ ਆਪ ਤੋਂ ਤਿੜਕੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਇਸ ਕਨਵੈਨਸ਼ਨ ਵਿੱਚ ਜ਼ਰੂਰ ਪੁੱਜੇ ਪਰ ਸੁੱਚਾ ਸਿੰਘ ਛੋਟੇਪੁਰ ਸਮੇਤ ਪਟਿਆਲਾ ਦੇ ਕਈ ਹੋਰ ਆਗੂਆਂ ਵੱਲੋਂ ਇਸ ਕਨਵੈਨਸ਼ਨ ਨਾ ਪੁੱਜ ਕੇ ਸੁਖਪਾਲ ਸਿੰਘ ਖਹਿਰਾ ਨੂੰ ਝਟਕਾ ਜਰੂਰ ਦਿੱਤਾ ਗਿਆ। ਇਸ ਦੇ ਨਾਲ ਹੀ ਇਸ ਇਸ ਕਨਵੈਨਸ਼ਨ ਵਿੱਚ ਕੁਝ ਵਿਧਾਇਕਾਂ ਤੋਂ ਇਲਾਵਾ ਹੋਰ ਕੋਈ ਸਿਰਕੱਢ ਆਗੂ ਨਾ ਪੁੱਜੇ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਸਿਆਸੀ ਸਰੀਕ ਬਣੇ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਪÎਟਿਆਲਾ ਦੀ ਅਨਾਜ ਮੰਡੀ ਵਿਖੇ ਪਾਰਟੀ ਵਰਕਰਾਂ ਦੀ ਕਨਵੈਨਸ਼ਨ ਰੱਖੀ ਗਈ ਸੀ, ਇਸ ਕਨਵੈਨਸ਼ਨ ਲਈ ਸੋਸ਼ਲ ਮੀਡੀਆ ਸਮੇਤ ਹੋਰ ਤਰੀਕਿਆਂ ਨਾਲ ਪ੍ਰਚਾਰ ਕੀਤਾ ਗਿਆ ਸੀ ਤਾਂ ਜੋ ਆਮ ਆਦਮੀ ਪਾਰਟੀ ਦੇ ਵੱਧ ਤੋਂ ਵੱਧ ਵਰਕਰਾਂ ਨੂੰ ਇਸ ਕਨਵੈਨਸ਼ਨ ਵਿੱਚ ਪੁੱਜਣ ਲਈ ਵਾਅ ਵੀ ਲਾਈ ਗਈ ਸੀ। ਇਸ ਕਨਵੈਨਸ਼ਨ ਵਿੱਚ ਖਹਿਰਾ ਦੀ ਆਸ ਮੁਤਾਬਿਕ ਇਕੱਠ ਨਾ ਹੋ ਸਕਿਆ ਤੇ 800 ਦੇ ਕਰੀਬ ਹੀ ਲੋਕ ਪੁੱਜੇ। ਇਹ ਵੀ ਪਤਾ ਲੱਗਾ ਹੈ ਕਿ ਇਸ ਇਕੱਠ ਵਿੱਚ ਪਟਿਆਲਾ ਦੀ ਥਾਂ ਬਾਹਰਲੇ ਇਲਾਕਿਆਂ ਵਿੱਚੋਂ ਲੋਕ ਪੁੱਜੇ ਹੋਏ ਸਨ। ਇਸ ਦੌਰਾਨ ਜਦੋਂ ਆਗੂ ਸੰਬੋਧਨ ਕਰ ਰਹੇ ਸਨ ਤਾਂ ਇੱਥੇ ਪੁੱਜੇ ਲੋਕ ਬਾਹਰ ਲੰਗਰ ਖਾਣ ਨੂੰ ਤਰਜੀਹ ਦੇ ਰਹੇ ਸਨ। ਪੰਡਾਲ ‘ਚੋਂ ਉੱਠ ਕੇ ਲੋਕਾਂ ਦੇ ਬਾਹਰ ਜਾਣ ਕਾਰਨ ਸਟੇਜ ਤੋਂ ਲੰਗਰ ਬੰਦ ਕਰਨ ਦੀਆਂ ਤਕਰੀਰਾਂ ਕਰਨੀਆਂ ਪਈਆਂ ਤਾਂ ਜੋ ਲੋਕ ਪੰਡਾਲ ‘ਚ ਆ ਕੇ ਬੈਠ ਸਕਣ।
ਸੁਖਪਾਲ ਖਹਿਰਾ ਦਿੱਤੇ ਗਏ ਸਮੇਂ ਤੋਂ ਲੇਟ ਪੁੱਜੇ ਅਤੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਪੰਜਾਬ ਦੇ ਭਲੇ ਲਈ ਹੀ ਆਪਣੀ ਲੜਾਈ ਲੜ ਰਹੇ ਹਨ। ਉਨ੍ਹਾਂ ਅਕਾਲੀ ਤੇ ਕਾਂਗਰਸ ਨੂੰ ਆਪਸ ਵਿੱਚ ਮਿਲਿਆ ਹੋਇਆ ਕਰਾਰ ਦਿੱਤਾ। ਡਾ. ਗਾਂਧੀ ਨੇ ਇਸ ਮੌਕੇ ਪਾਰਟੀ ਅੰਦਰ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਆਖੀ। ਇਸ ਦੌਰਾਨ ਖਹਿਰਾ ਨੂੰ ਆਪ ਤੋਂ ਵੱਖ ਹੋਏ ਸੁੱਚਾ ਸਿੰਘ ਛੋਟੇਪੁਰ ਦੇ ਪੁੱਜਣ ਦੀ ਪੂਰੀ ਆਸ ਸੀ ਪਰ ਛੋਟੇਪੁਰ ਨੇ ਇਸ ਕਨਵੈਨਸ਼ਨ ਵਿੱਚ ਨਾ ਪੁੱਜ ਕੇ ਖਹਿਰਾ ਨੂੰ ਝਟਕਾ ਦਿੱਤਾ। ਇਸ ਕਨਵੈਨਸ਼ਨ ਵਿੱਚ ਖਹਿਰਾ ਧੜੇ ਨਾਲ ਜੁੜੇ ਪੂਰੇ ਵਿਧਾਇਕ ਵੀ ਨਹੀਂ ਪੁੱਜੇ, ਸਿਰਫ਼ ਦੋ ਤਿੰਨ ਹੀ ਵਿਧਾਇਕ ਪੁੱਜੇ ਹੋਏ ਸਨ।