ਸਰਕਾਰੀ ਹਸਪਤਾਲ ’ਚ ਕਰਵਾਇਆ ਗਿਆ ਦਾਖ਼ਲ
- ਮੁੱਖ ਮੰਤਰੀ ਨਾਲ ਚੱਲ ਰਹੀ ਏ ਮੀਟਿੰਗ
(ਗੁਰਪ੍ਰੀਤ ਸਿੰਘ) ਸੰਗਰੂਰ। ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਮੂਹਰੇ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕੋਰੋਨਾ ਯੋਧੇ ਨਰਸਿੰਗ ਸਟਾਫ਼ ਤੇ ਪੈਰਾ ਮੈਡੀਕਲ ਸਟਾਫ਼ (Paramedical Nurses) ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਹੋਰ ਤੇਜ਼ ਪ੍ਰਦਰਸ਼ਨ ਕਰਦਿਆਂ ਪੁਲਿਸ ਬੈਰੀਕੇਡਾਂ ਦੇ ਕੋਲ ਧਰਨਾ ਦੇਣ ਪਿੱਛੋਂ ਮੁੱਖ ਸੜਕ ’ਤੇ ਜਾਮ ਲਾ ਦਿੱਤਾ ਗਿਆ ਇਸ ਦੌਰਾਨ ਭਾਰੀ ਗਰਮੀ ਦੌਰਾਨ ਕਈ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੀਆਂ ਪ੍ਰਦਰਸ਼ਨਕਾਰੀ ਗਗਨਦੀਪ ਕੌਰ ਤੇ ਸੁਰਿੰਦਰ ਕੌਰ ਦੀ ਹਾਲਤ ਖਰਾਬ ਹੋ ਗਈ, ਜਿਨ੍ਹਾਂ ਨੂੰ ਪੁਲਿਸ ਨੇ ਧੱਕੇ ਨਾਲ ਚੁੱਕ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਸਰਕਾਰ ਦੇ ਕੰਨ ’ਤੇ ਅਜੇ ਤੱਕ ਜੂੰ ਨਹੀਂ ਸਰਕੀ
ਹਾਸਲ ਜਾਣਕਾਰੀ ਅਨੁਸਾਰ ਰਾਜਿੰਦਰਾ ਹਸਪਤਾਲ ਪਟਿਆਲਾ ਕੋਰੋਨਾ ਯੋਧੇ ਨਰਸਿੰਗ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਕਈ ਦਿਨਾਂ ਤੋਂ ਸੰਗਰੂਰ ਸੀ ਐਮ ਦੀ ਰਿਹਾਇਸ਼ ਅੱਗੇ ਧਰਨਾ ਲਾਇਆ ਗਿਆ ਸੀ , ਜੋ ਕਿ 13ਵੇਂ ਦਿਨ ਵੀ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਅੱਜ ਮੁੱਖ ਸੜਕ ’ਤੇ ਜਾਮ ਲਾਉਂਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਈ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ ਪਰ ਸਰਕਾਰ ਦੇ ਕੰਨ ’ਤੇ ਅਜੇ ਤੱਕ ਜੂੰ ਨਹੀਂ ਸਰਕੀ।
ਉਨ੍ਹਾਂ ਕਿਹਾ ਕਿ ਉਹਨਾਂ ਦੀ ਕਈ ਦਿਨ ਪਹਿਲਾਂ 5 ਮੈਂਬਰੀ ਕਮੇਟੀ ਰਾਜਿੰਦਰਾ ਹਸਪਤਾਲ ਵਿਖੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਮਿਲੀ, ਜਿਨ੍ਹਾਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਚ ਖਾਲੀ ਪਾਈਆਂ ਅਸਾਮੀਆਂ ’ਤੇ ਇਹਨਾਂ ਨੂੰ ਡਿਊਟੀ ’ਤੇ ਬਹਾਲ ਕੀਤਾ ਜਾਵੇ। ਅੱਜ ਪ੍ਰਦਰਸ਼ਨਕਾਰੀਆਂ ਵਿੱਚ ਅਮਨਜੋਤ ਕੌਰ, ਰਮਨਦੀਪ ਕੌਰ, ਜਸਨਪ੍ਰੀਤ ਕੌਰ, ਕਾਜਲ ਕੁਮਾਰੀ ਆਦਿ ਹਾਜ਼ਰ ਸਨ।
ਇਸ ਮੌਕੇ ਸੰਦੀਪ ਕੌਰ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਚੰਡੀਗੜ੍ਹ ਮੀਟਿੰਗ ਵੀ ਕੀਤੀ ਹੈ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ ਉਹਨਾਂ ਦੇ ਪ੍ਰਦਰਸ਼ਨ ਜਾਰੀ ਰਹਿਣਗੇ। ਇਸੇ ਦੌਰਾਨ ਧਰਨਕਾਰੀਆਂ ਦੀ ਕਲੋਨੀ ਵਾਸੀਆਂ ਨਾਲ ਤੂੰ-ਤੂੰ ਮੈਂ ਮੈਂ ਵੀ ਹੋਈ, ਜਿਸ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਾਂਤ ਕਰਵਾਇਆ ਗਿਆ ਕਲੋਨੀ ਵਾਸੀ ਕਹਿ ਰਹੇ ਸਨ ਕਿ ਉਹ ਬਿਨਾਂ ਵਜ੍ਹਾ ਧਰਨਾ ਦੇ ਕੇ ਬੈਠੇ ਹਨ, ਜਦੋਂਕਿ ਮੁੱਖ ਮੰਤਰੀ ਚੰਡੀਗੜ੍ਹ ਵਿਖੇ ਰਹਿ ਰਹੇ ਹਨ, ਲੋਕਾਂ ਨੂੰ ਇਸ ਦੀ ਵੱਡੀ ਪ੍ਰੇਸ਼ਾਨੀ ਹੋ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ