ਲੋਕ ਲਹਿਰਾਂ ਦਾ ਸਾਂਝਾ ਸ਼ਹੀਦ, ਭਗਤ ਸਿੰਘ
ਭਗਤ ਸਿੰਘ ਕਿਸੇ ਇੱਕ ਸੋਚ, ਵਿਚਾਰਧਾਰਾ ਜਾਂ ਧਿਰ ਤੱਕ ਸੀਮਤ ਨਾ ਹੋ ਕੇ ਸਾਰੀਆਂ ਧਿਰਾਂ ਦੇ ਮਾਣ-ਸਤਿਕਾਰ ਦਾ ਪਾਤਰ ਸੀ। ਬਹੁਤੇ ਕਲਮਕਾਰਾਂ ਨੇ ਚੱਲਦੇ ਵਹਾਅ ‘ਚ ਬਿਨਾਂ ਗੰਭੀਰਤਾ ਦੇ ਬਹੁਤ ਕੁਝ ਲਿਖਿਆ ਅਤੇ ਚਿੱਤਰਕਾਰ ਉਨ੍ਹਾਂ ਦੇ ਲਿਖੇ ਨੂੰ ਪੜ੍ਹ ਕੇ ਭਗਤ ਸਿੰਘ ਨੂੰ ਆਪਣੇ ਹਿਸਾਬ ਨਾਲ ਹੀ ਤਰਾਸ਼ਦੇ ਗਏ ਅੰਤ ਨੂੰ ਕਿਸੇ ਨੇ ਭਗਤ ਸਿੰਘ ਨੂੰ ਕੇਵਲ ਨਾਸਤਿਕ ਤੇ ਕਿਸੇ ਨੇ ਬੰਬ ਪਿਸਤੌਲ ਵਾਲੇ ਗੱਭਰੂ ਵਜੋਂ ਸਾਡੇ ਸਾਹਮਣੇ ਪੇਸ਼ ਕਰ ਦਿੱਤਾ।
ਚਿੱਤਰਕਾਰਾਂ ਨੇ ਉਸਦੇ ਕੁਝ ਘੰਟਿਆਂ ਦੇ, ਪੁਲਿਸ ਨੂੰ ਚਕਮਾ ਦੇਣ ਲਈ ਕੇਸ ਕਟਵਾ ਕੇ ਹੈਟ ਪਹਿਨਣ ਦੇ ਭੇਸ ਨੂੰ ਸਾਰੀ ਉਮਰ ਦੇ ਪੱਗੜੀਧਾਰੀ ਜੀਵਨ ਤੋਂ ਭਾਰੂ ਕਰ ਕੇ ਸਾਰੀ ਉਮਰ ਲਈ ਹੈਟ ਵਾਲਾ ਜੈਂਟਲਮੈਨ ਬਣਾ ਕੇ ਹੀ ਦਮ ਲਿਆ। ਭਗਤ ਸਿੰਘ ਉੱਪਰ ਗਾਏ ਗੀਤਾਂ ਨੂੰ ਸੁਣ ਕੇ ਭਗਤ ਸਿੰਘ ਦਾ ਵਿਰੋਧ ਸਰਮਾਏਦਾਰ ਵਰਗਾਂ ਦੁਆਰਾ ਸਥਾਪਿਤ ਲੋਟੂ ਨਿਜ਼ਾਮ ਨਾਲ ਘੱਟ ਤੇ ਜਨਤਾ ਦੇ ਅਥਾਹ ਪਿਆਰ ਤੇ ਸਤਿਕਾਰ ਦੇ ਪਾਤਰ ਬਣੇ ਮਹਾਤਮਾ ਗਾਂਧੀ ਨਾਲ ਜ਼ਿਆਦਾ ਲੱਗਦਾ ਹੈ। ਅਸਲ ‘ਚ ਕਈ ਗੱਲਾਂ ‘ਚ ਗਾਂਧੀ ਜੀ ਨਾਲ ਉਹ ਅਸਹਿਮਤ ਜ਼ਰੂਰ ਸੀ ਪਰ ਉਹ ਗਾਂਧੀ ਜੀ ਦਾ ਵਿਰੋਧੀ ਨਹੀਂ ਸੀ।
ਭਗਤ ਸਿੰਘ ਮਹਾਤਮਾ ਗਾਂਧੀ ਦੀ ਲੋਕ ਹਮਾਇਤ, ਸਿਆਸੀ ਸ਼ਕਤੀ ਤੇ ਜੁਗਤਾਂ ਦਾ ਕਾਇਲ ਸੀ। ਬਸੰਤੀ ਪੱਗ ਤੇ ਭਗਤ ਸਿੰਘ ਦੀ ਗੱਲ ਅਸੀਂ ਆਮ ਹੀ ਕਰਦੇ ਹਾਂ ਪਰ ਪ੍ਰੋ. ਚਮਨ ਲਾਲ ਦਾ ਕਹਿਣਾ ਹੈ ਕਿ ਭਗਤ ਸਿੰਘ ਨੇ ਬਸੰਤੀ ਪੱਗ ਕਦੇ ਬੰਨ੍ਹੀ ਈ ਨਹੀਂ ਸੀ। ਉਸ ਦੇ ਜਨਮਦਿਨ ‘ਤੇ ਜਾਂ ਸ਼ਹੀਦੀ ਦਿਨ ‘ਤੇ ਉਸਦੀਆਂ ਤਸਵੀਰਾਂ, ਜੋ ਲੋਕਾਂ ਦੀਆਂ ਟੀ ਸ਼ਰਟਾਂ ‘ਤੇ ਛਪੀਆਂ ਦਿਸਦੀਆਂ ਹਨ ਉਹ ਮਾਰਕਿਟ ‘ਚ ਮੁਨਾਫੇ ਵਾਲਾ ਮਾਲ ਹੀ ਹੈ ਜੋ ਲੋਕਾਂ ਦੇ ਦਿਲ-ਦਿਮਾਗ ‘ਚ ਨਹੀਂ ਛਪਣੀਆਂ।
ਅਸੀਂ ਭਗਤ ਸਿੰਘ ਨੂੰ ਪੜ੍ਹਨ, ਸਮਝਣ ਤੋਂ ਬਿਨਾ ਉਸ ਦੇ ਜੀਵਨ ਤੇ ਸੰਘਰਸ਼ ਤੋਂ ਸੇਧ ਨਹੀਂ ਲੈ ਸਕਾਂਗੇ। ਬਚਪਨ ‘ਚ ਬੱਚਿਆਂ ਨੂੰ ਜੇ ਇਹ ਪੜ੍ਹਾਈਏ ਕਿ ਭਗਤ ਸਿੰਘ ਬਚਪਨ ‘ਚ ਬੰਦੂਕਾਂ ਦੀ ਖੇਤੀ ਕਰਨਾ ਚਾਹੁੰਦੇ ਸਨ ਤੇ ਕਾਲਜ ਯੂਨੀਵਰਸਿਟੀਆਂ ‘ਚ ਜਾ ਕੇ ਬੱਚਾ ਇਹ ਪੜ੍ਹੇ ਕਿ ਭਗਤ ਸਿੰਘ ਕਾਲ ਕੋਠੜੀ ‘ਚੋਂ ਫਾਂਸੀ ਚਾੜ੍ਹਨ ਲਈ ਲਿਜਾਣ ਵੇਲੇ ਵੀ ਕਿਤਾਬ ਪੜ੍ਹਨ ‘ਚ ਲੱਗਾ ਹੋਇਆ ਸੀ ਤਾਂ ਅਸੀਂ ਇਹ ਨਹੀਂ ਸਮਝ ਪਾਉਂਦੇ ਕਿ ਭਗਤ ਸਿੰਘ ਬੰਦੂਕਾਂ ਦਾ ਪ੍ਰੇਮੀ ਸੀ ਕਿ ਕਿਤਾਬਾਂ ਦਾ।
ਭਗਤ ਸਿੰਘ ਦਾ ਘਰ, ਇੱਕ ਘਰ ਘੱਟ ਸੀ ਪਰ ਦੇਸ਼ ਭਗਤਾਂ ਦਾ ਮੀਟਿੰਗ ਸਥਾਨ ਤੇ ਟਿਕਾਣਾ ਵੱਧ ਸੀ। ਇਸ ਕਰਕੇ ਉਸ ਨੂੰ ਕ੍ਰਾਂਤੀਕਾਰੀ ਬਣਨ ‘ਚ ਦੇਰ ਨਾ ਲੱਗੀ। ਜਦ ਉਸ ਨੂੰ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਪਤਾ ਲੱਗਾ ਤਾਂ ਉਹ ਦੁਖੀ ਹੋਇਆ ਸਿੱਧਾ ਲਾਹੌਰ ਤੋਂ ਅੰਮ੍ਰਿਤਸਰ ਪੁੱਜਿਆ। ਉੱਥੋਂ ਸ਼ਹੀਦਾਂ ਦੇ ਖੂਨ ਵਾਲੀ ਮਿੱਟੀ ਦੀ ਸ਼ੀਸ਼ੀ ਭਰ ਕੇ ਘਰ ਲੈ ਕੇ ਆਇਆ ਸੀ। ਇਸੇ ਤਰ੍ਹਾਂ ਹੀ 1921 ਵਿਚ ਨਨਕਾਣਾ ਸਾਹਿਬ ਦੇ ਸਾਕੇ ਬਾਅਦ ਉਹ ਜ਼ਾਲਮ ਮਹੰਤਾਂ ਦੁਆਰਾ ਬੇਰਹਿਮੀ ਨਾਲ ਸ਼ਹੀਦ ਕੀਤੇ ਦੇਸ਼ ਭਗਤਾਂ ਦੇ ਖੁਦ ਦਰਸ਼ਨ ਕਰਨ ਗਿਆ ਅਤੇ ਪੂਰੀ ਸਿੱਖ ਕੌਮ ਦੀ ਕਾਲੀ ਦਸਤਾਰ ਸਜਾ ਕੇ ਰੋਸ ਪ੍ਰਗਟਾਉਣ ਦੀ ਮੁਹਿੰਮ ‘ਚ ਸ਼ਾਮਲ ਵੀ ਹੋਇਆ।
1924 ‘ਚ ਗੁਰਦੁਆਰਾ ਸੁਧਾਰ ਲਹਿਰ ਦਾ ਅੰਗ ਬਣਿਆ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਉਸ ਨੇ ਅੰਗਰੇਜ਼ੀ ਹਕੂਮਤ ਦੇ ਸਖ਼ਤ ਹੁਕਮ ਕਿ ਜੈਤੋ ਦੇ ਮੋਰਚੇ ਲਈ ਜਾ ਰਹੇ ਜੱਥਿਆਂ ਨੂੰ ਲੰਗਰ ਨਾ ਛਕਾਇਆ ਜਾਵੇ, ਦੇ ਵਿਰੁੱਧ ਜੱਥਿਆਂ ਦੀ ਲੰਗਰ-ਪਾਣੀ ਨਾਲ ਸੇਵਾ ਕਰਨ ਲਈ ਸੰਗਤਾਂ ਨੂੰ ਲਾਮਬੰਦ ਕੀਤਾ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਉਸ ਦੇ ਪਹਿਲੇ ਵਾਰੰਟ ਇਸੇ ਕਰਕੇ ਹੀ ਜਾਰੀ ਹੋਏ ਸਨ।
ਪੰਜਾਬੀ ਲੋਕ ਭਾਵੇਂ ਭਗਤ ਸਿੰਘ ਨੂੰ ਨਾ ਸਮਝਦੇ ਹੋਣ ਪਰ ਉਹ ਪੰਜਾਬੀ ਲੋਕਾਂ ਦੀ ਰਗ-ਰਗ ਤੋਂ ਜਾਣੂੰ ਸੀ। 27 ਫਰਵਰੀ 1926 ਨੂੰ ਹੋਲੀ ਵਾਲੇ ਦਿਨ 6 ਬੱਬਰ ਅਕਾਲੀਆਂ ਨੂੰ ਲਾਹੌਰ ਵਿਖੇ ਫਾਂਸੀ ‘ਤੇ ਲਟਕਾ ਦਿੱਤਾ ਸੀ। ਭਗਤ ਸਿੰਘ ਨੇ 15 ਮਾਰਚ 1926 ਨੂੰ ਪ੍ਰਤਾਪ ਅਖ਼ਬਾਰ ‘ਚ ਪੰਜਾਬੀਆਂ ਨੂੰ ਲਾਹਨਤ ਪਾਉਂਦੇ ਹੋਏ ਕਿਹਾ, ”ਪੰਜਾਬੀਓ, ਤੁਸੀਂ ਬੜੀ ਸ਼ਾਂਤੀ ਨਾਲ ਚੁੱਪ-ਚਾਪ 6 ਮਹਾਨ ਸ਼ਹੀਦਾਂ ਦਾ ਅੰਤਿਮ ਸੰਸਕਾਰ ਵੀ ਕਰ ਆਏ ਅਤੇ ਬੇਸ਼ਰਮੀ ਨਾਲ ਇੱਕ-ਦੂਜੇ ‘ਤੇ ਰੰਗ ਪਾ ਕੇ ਹੋਲੀ ਦੀਆਂ ਖੁਸ਼ੀਆਂ ਵੀ ਮਨਾਉਂਦੇ ਰਹੇ!”
ਕਾਲਜ ‘ਚ ਪੜ੍ਹਦਿਆਂ ਭਗਤ ਸਿੰਘ ਨੇ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਪ੍ਰਚਾਰ ਲਈ ਰੰਗਮੰਚ ਨੂੰ ਚੁਣਿਆ। ਇਸ ਮਕਸਦ ਲਈ ਨੈਸ਼ਨਲ ਡਰਾਮੈਟਿਕ ਕਲੱਬ ਸਥਾਪਿਤ ਕੀਤਾ। ਪੰਜਾਬ ਕਾਂਗਰਸ ਦੇ ਗੁੱਜਰਾਂਵਾਲਾ ਸਮਾਗਮ ‘ਚ ਭਾਰਤ ਦੀ ਦੁਰਦਸ਼ਾ ਨਾਟਕ ਖੇਡਿਆ। ਇਹ ਨਾਟਕ ਸਰਕਾਰ ਵਿਰੋਧੀ ਨਾਟਕਾਂ ਉੱਪਰ ਪਾਬੰਦੀ ਲੱਗਣ ਤੱਕ ਜਾਰੀ ਰਹੇ।
ਭਗਤ ਸਿੰਘ ਕਾਨਪੁਰ ਨੇੜੇ ਕੁਝ ਚਿਰ ਨੈਸ਼ਨਲ ਸਕੂਲ ‘ਚ ਹੈੱਡ ਮਾਸਟਰ ਵਜੋਂ ਵੀ ਕੰਮ ਕਰਦਾ ਰਿਹਾ। ਉਸ ਸਮੇਂ ਉਸ ਇਲਾਕੇ ‘ਚ ਭਾਰੀ ਹੜ੍ਹ ਆਏ ਸਨ । ਭਗਤ ਸਿੰਘ ਵੱਲੋਂ ਹੜ੍ਹ ਪੀੜਤਾਂ ਦੀ ਕਰੀ ਸੇਵਾ ਉਸ ਇਲਾਕੇ ਦੇ ‘ਕੱਲੇ-‘ਕੱਲੇ ਬੰਦੇ ਦੇ ਮੂੰਹ ‘ਤੇ ਕਈ ਸਾਲ ਚੜ੍ਹੀ ਰਹੀ। ਅੰਗਰੇਜ਼ ਸਰਕਾਰ ਨੇ 1925 ‘ਚ ਨਹਿਰੀ ਪਾਣੀ ਮਹਿੰਗਾ ਕਰ ਦਿੱਤਾ ਸੀ। ਇਸ ਦੇ ਵਿਰੋਧ ‘ਚ ਜ਼ਿਮੀਂਦਾਰ ਸਭਾ ਪੰਜਾਬ ਦੁਆਰਾ ਚਲਾਏ ਅੰਦੋਲਨ ‘ਚ ਵੀ ਭਗਤ ਸਿੰਘ ਨੇ ਵਧ-ਚੜ੍ਹ ਕੇ ਹਿੱਸਾ ਲਿਆ।
ਉਸ ਦੇ ਚਾਚਾ ਅਜੀਤ ਸਿੰਘ ਨੇ ‘ਪਗੜੀ ਸੰਭਾਲ ਜੱਟਾ’ ਲਹਿਰ ਵੀ ਚਲਾਈ ਸੀ। ਇਸ ਤਰ੍ਹਾਂ ਕਿਸਾਨ ਘੋਲ ਸ਼ੁਰੂ ਕਰਨ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਰੋਲ ਬਹੁਤ ਜਿਆਦਾ ਸੀ! ਭਗਤ ਸਿੰਘ ਹਰ ਉਸ ਧਿਰ ਦਾ ਕਦਰਦਾਨ ਸੀ ਜੋ ਭਾਰਤ ਦੀ ਆਜ਼ਾਦੀ ਲਈ ਕਿਸੇ ਵੀ ਤਰ੍ਹਾਂ ਕੰਮ ਕਰ ਰਹੀ ਸੀ। ਗ਼ਦਰੀ ਬਾਬੇ, ਬੱਬਰ ਅਕਾਲੀ, ਕੂਕਿਆਂ ਸਮੇਤ ਸਭ ਸ਼ਹੀਦਾਂ ਦੇ ਸ਼ਹੀਦੀ ਸਮਾਗਮਾਂ ‘ਤੇ ਉਹ ਪਹੁੰਚ ਕੇ ਜਾਦੂ ਦੀ ਲਾਲਟੈਨ ਰਾਹੀਂ ਸ਼ਹੀਦਾਂ ਦੀਆਂ ਤਸਵੀਰਾਂ ਵਿਖਾਉਂਦਾ ਸੀ। ਕਰਤਾਰ ਸਿੰਘ ਸਰਾਭੇ ਨੂੰ ਉਹ ਵੱਡਾ ਭਾਈ ਮੰਨਦਾ ਸੀ। ਨਵੰਬਰ, 1928 ‘ਚ ਦੀਵਾਲੀ ਮੌਕੇ ਚਾਂਦ ਰਸਾਲੇ ਨੇ ‘ਫਾਂਸੀ’ ਅੰਕ ਨਾਂਅ ਹੇਠ ਇੱਕ ਵਿਸ਼ੇਸ਼ ਅੰਕ 10000 ਦੀ ਗਿਣਤੀ ‘ਚ ਛਾਪਿਆ ਸੀ। ਜਿਸ ਦੀ ਜ਼ਬਤੀ ਦੇ ਹੁਕਮ ਵੀ ਜਾਰੀ ਕੀਤੇ ਗਏ ਸਨ। ਇਸ ਵਿਚ ਸ਼ਹੀਦਾਂ ਬਾਰੇ 53 ਲੇਖ ਛਪੇ ਸਨ ਜਿਨ੍ਹਾਂ ‘ਚੋਂ 41 ਲੇਖ ਇਕੱਲੇ ਭਗਤ ਸਿੰਘ ਦੇ ਲਿਖੇ ਸਨ।
ਭਗਤ ਸਿੰਘ ਦਾ ਇੱਕ ਲੇਖ ‘ਅਛੂਤ ਦਾ ਸਵਾਲ’ ਉਸ ਦੇ ਜਾਤ-ਪਾਤ ਤੇ ਛੂਤ-ਛਾਤ ਦਾ ਵਿਰੋਧੀ ਹੋਣ ਦਾ ਗਵਾਹ ਹੈ। ਭਗਤ ਸਿੰਘ ਇੱਕ ਸਮੇਂ ਗਾਂਧੀ ਦੇ ਉਲਟ ਜਾ ਕੇ ਅਛੂਤਾਂ ਦੇ ਵੱਖਰੇ-ਵੱਖਰੇ ਚੋਣ ਖੇਤਰਾਂ ਦਾ ਸਮੱਰਥਨ ਕਰਕੇ ਡਾ. ਅੰਬੇਡਕਰ ਦੇ ਵਿਚਾਰਾਂ ਨਾਲ ਸਹਿਮਤ ਹੁੰਦਾ ਦਿਸਦਾ ਹੈ। ਅਸ਼ੋਕ ਯਾਦਵ ਅਨੁਸਾਰ, ‘ਮਹਾਰ ਅਤੇ ਮਦਰ ਇੰਡੀਆ’ ਲੇਖ ‘ਚ ਭਗਤ ਸਿੰਘ ਦਲਿਤਾਂ ਨੂੰ ਸੰਘਰਸ਼ ਕਰਨ ਤੇ ਆਪਣੇ ਮਹਾਨ ਪੂਰਵਜਾਂ ਦੇ ਰਾਹ ‘ਤੇ ਤੁਰਦਿਆਂ ਪੈਰਾਂ ਸਿਰ ਖੜ੍ਹਨ ਅਤੇ ਸੰਘਰਸ਼ ਕਰਨ ਲਈ ਵੀ ਕਹਿੰਦਾ ਹੈ।
ਕਈ ਕ੍ਰਾਂਤੀਕਾਰੀ ਜੱਥੇਬੰਦੀਆਂ ਦਾ ਬਾਨੀ, ਇਨਕਲਾਬੀ ਅੱਗ ਦਾ ਗੋਲਾ, ਊਰਜਾਵਾਨ, ਵਿਦਵਾਨ, ਕਾਲਜ ਦੇ ਦਿਨਾਂ ਤੱਕ ਸੰਗਾਊ ਰਿਹਾ ਤੇ ਸਾਰੀ ਉਮਰ ਬਹੁਤ ਹੀ ਸਾਊ ਰਿਹਾ ਇਹ ਗੱਭਰੂ , ਪੰਜਾਬ ਅਤੇ ਲਾਹੌਰ ਤੋਂ ਕਲਕੱਤੇ ਤੱਕ ਸਰਗਰਮ ਰਹਿ ਕੇ ਦੇਸ਼ ਦੀ ਆਜ਼ਾਦੀ ਲਈ ਸਰਗਰਮ ਰਿਹਾ। ਉਹ ਮਾਨਵੀ ਸੰਵੇਦਨਾ ਤੇ ਜਜ਼ਬਿਆਂ ਦੀ ਤਰਲਤਾ ਵਿਚ ਗੜੁੱਚ ਸੀ। ਉਹ ਇਨਕਲਾਬੀ ਚੇਤਨਾ ਨੂੰ ਭਾਰਤ ਦੇ ਕੋਨੇ-ਕੋਨੇ ‘ਚ ਫੈਲਾਉਣਾ ਚਾਹੁੰਦਾ ਸੀ। ਉਹ ਇੱਕ ਸੰਘਰਸ਼, ਚੇਤਨਾ, ਇਨਕਲਾਬ, ਕੁਰਬਾਨੀ ਅਤੇ ਤਿਆਗ ਦੀ ਮੂਰਤ ਸੀ। ਉਹ ਸਾਰੀਆਂ ਲਹਿਰਾਂ ‘ਚ ਸਤਿਕਾਰਤ ਤੇ ਮਹੱਤਵਪੂਰਨ ਸਥਾਨ ਪ੍ਰਾਪਤ ਬਹਾਦਰ ਯੋਧਾ ਸੀ। ਉਸ ਦੇ ਸੰਘਰਸ਼ਮਈ ਜੀਵਨ ਦੀ ਅਸਲ ਤਸਵੀਰ ਨੂੰ ਸਥਾਪਿਤ ਬਿੰਬਾਂ ਉਹਲੇ ਲੁਕੋਣਾ ਉਸਦੀ ਕੁਰਬਾਨੀ ਤੇ ਫਲਸਫੇ ਨਾਲ ਧ੍ਰੋਹ ਹੈ!
ਰਸੂਲਪੁਰ, ਮੋ. 98780-23768
ਪ੍ਰਭਜੀਤ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.