ਪ੍ਰੈਸ ਨੋਟ ‘ਚ ਪੁੱਜੇ ਬਿਨਾਂ ਹੀ ਮੁੱਖ ਮੰਤਰੀ ਹੱਥੋਂ ਲਵਾ ਦਿੱਤਾ ਨਿੰਮ੍ਹ ਦਾ ਬੂਟਾ | Chief Minister
ਪਟਿਆਲਾ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਦਾ ਲੋਕ ਸੰਪਰਕ ਵਿਭਾਗ ਆਪਣੀਆਂ ਕਾਰਗੁਜ਼ਾਰੀਆਂ ਨਾਲ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ। ਇਨ੍ਹਾਂ ਕਾਰਗੁਜ਼ਾਰੀਆਂ ਵਿੱਚ ਅੱਜ ਉਸ ਸਮੇਂ ਇੱਕ ਹੋਰ ਨਵਾਂ ਕਾਰਨਾਮਾ ਜੁੜ ਗਿਆ ਜਦੋਂ ਲੋਕ ਸੰਪਰਕ ਵਿਭਾਗ ਨੇ ਨਾਭਾ ਵਿਖੇ ਮੁੱਖ (Chief Minister) ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਆਪਣਾ ਪ੍ਰੈਸ ਨੋਟ ਜਾਰੀ ਕਰ ਦਿੱਤਾ, ਜਦਕਿ ਮੁੱਖ ਮੰਤਰੀ ਇਸ ਸੂਬਾ ਪੱਧਰੀ ਸਮਾਗਮ ਵਿੱਚ ਸ਼ਾਮਲ ਵੀ ਨਾ ਹੋਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਸੰਪਰਕ ਵਿਭਾਗ ਵੱਲੋਂ ਆਪਣੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਦੇ ਹੱਥੋਂ ਨਿੰਮ੍ਹ ਦਾ ਬੂਟਾ ਲਗਾ ਕੇ ਇਸ ਵਣ ਮਹਾਂਉਤਸਵ ਦਾ ਅਗਾਜ਼ ਵੀ ਕਰਵਾ ਦਿੱਤਾ ਗਿਆ। (Chief Minister)
ਇਹ ਵੀ ਪੜ੍ਹੋ : ਭਾਜਪਾ ਖਿਲਾਫ਼ ਵਿਰੋਧੀ ਧਿਰਾਂ ’ਚ ਏਕਤਾ ਦੇ ਯਤਨ
ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੰਤਜਾਰ ਕੀਤੇ ਬਿਨਾਂ ਹੀ ਆਪਣਾ ਪ੍ਰੈਸ ਨੋਟ ਪੱਤਰਕਾਰਾਂ ਦੇ ਹੱਥਾਂ ਵਿੱਚ ਥਮਾ ਦਿੱਤਾ ਗਿਆ ਅਤੇ ਇਸ ਵਿੱਚ ਲੰਮਾ ਚੌੜਾ ਵਿਖਿਆਨ ਕਰ ਦਿੱਤਾ ਗਿਆ। ਲੋਕ ਸੰਪਰਕ ਵਿਭਾਗ ਦੇ ਅੱਜ ਦੇ ਇਸ ਕਾਰਨਾਮੇ ਤੋਂ ਇਹ ਸਿੱਧ ਹੋ ਗਿਆ ਕਿ ਉਹ ਅੰਤਰਜਾਮੀ ਵੀ ਹੈ ਕਿਉਂਕਿ ਉਹ ਪਹਿਲਾਂ ਹੀ ਜਾਣਦਾ ਹੁੰਦਾ ਹੈ ਕਿ ਮੁੱਖ ਮੰਤਰੀ ਕਿਹੜੇ ਦਰੱਖਤ ਦਾ ਬੂਟਾ ਲਗਾ ਕੇ ਉਦਘਾਟਨ ਕਰਨਗੇ, ਪਰ ਉਹ ਇਹ ਜਾਣਨ ਵਿੱਚ ਫਾਡੀ ਰਹਿ ਗਏ ਕਿ ਮੁੱਖ ਮੰਤਰੀ ਇਸ ਸਮਾਗਮ ਵਿੱਚ ਪੁੱਜਣਗੇ ਵੀ ਜਾਂ ਨਹੀਂ।
ਅੱਜ ਇਸ ਮਾਮਲੇ ਤੋਂ ਲੋਕ ਸੰਪਰਕ ਵਿਭਾਗ ਦੀ ਕਾਰਗੁਜ਼ਾਰੀ ਦੇ ਸਵਾਲ ਖੜ੍ਹੇ ਹੋ ਗਏ ਹਨ ਕਿ ਉਹ ਮੁੱਖ ਮੰਤਰੀ ਜਾਂ ਹੋਰ ਵੱਡੇ ਸਮਾਗਮਾਂ ਸਬੰਧੀ ਪ੍ਰੈਸ ਨੋਟ ਵਾਲਾ ਮਾਲ ਪਹਿਲਾਂ ਹੀ ਚੰਡੀਗੜ੍ਹ ਤੋਂ ਪੱਕਿਆ ਪਕਾਇਆ ਹੁੰਦਾ ਹੈ। ਇੱਧਰ ਮੁੱਖ ਮੰਤਰੀ ਦੇ ਨਾ ਆਉਣ ਤੋਂ ਬਾਅਦ ਲੋਕ ਸੰਪਰਕ ਵਿਭਾਗ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਮ ਵਾਲਾ ਪ੍ਰੈਸ ਨੋਟ ਜਾਰੀ ਕੀਤਾ ਗਿਆ। ਨਾਭਾ ਵਿਖੇ ਹੋਣ ਵਾਲੇ ਇਸ ਸੂਬਾ ਪੱਧਰੀ ਸਮਾਗਮ ਸਬੰਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੋਟੋ ਵਾਲੇ ਸਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਸਨ, ਪਰ ਇਸਦੇ ਬਾਵਜੂਦ ਮੁੱਖ ਮੰਤਰੀ ਦੇ ਉੱਡਣ ਖਟੋਲੇ ਦਾ ਮੂੰਹ ਆਪਣੇ ਜੱਦੀ ਜ਼ਿਲ੍ਹੇ ਦੇ ਸ਼ਹਿਰ ਨਾਭਾ ਵੱਲ ਨਾ ਹੋਇਆ।
ਦੱਸਣਯੋਗ ਹੈ ਕਿ ਨਾਭਾ ਵਿਖੇ ਹੋਣ ਵਾਲੇ ਇਸ ਸੂਬਾ ਪੱਧਰੀ ਸਮਾਗਮ ਸਬੰਧੀ ਜਿਸ ਵਿੱੱਚ ਮੁੱਖ ਮੰਤਰੀ ਨੇ ਪੁੱਜਣਾ ਸੀ, ਦੀਆਂ ਪਿਛਲੇ ਤਿੰਨ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਪਰ ਮੁੱਖ ਮੰਤਰੀ ਨੂੰ ਇਹ ਤਿਆਰੀਆਂ ਖਿੱਚ ਕੇ ਨਾ ਲਿਆ ਸਕੀਆਂ। ਖਾਸ ਜਿਕਰੇਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮਹਿਮਾਨ ਵਜੋਂ ਰੱਖੇ ਸਮਾਗਮਾਂ ਵਿੱਚ ਉਨ੍ਹਾਂ ਦੇ ਐਨ ਮੌਕੇ ਨਾ ਪੁੱਜਣ ਵਾਲੇ ਸਮਾਗਮਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਆਮ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।