ਕੇਂਦਰ ਸਰਕਾਰ ਨੇ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਦਿੱਤੀ 28 ਕਰੋੜ ਦੀ ਗ੍ਰਾਂਟ
- ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਕੇਂਦਰ ਸਰਕਾਰ ਨੇ ਮੰਗੀ ਡਿਟੇਲ ਰਿਪੋਰਟ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ‘ਚ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰੀ ਪ੍ਰਾਇਮਰੀ ਦੀ ਕੇਂਦਰ ਸਰਕਾਰ ਨੇ ਨਾ ਸਿਰਫ਼ ਰੱਜ ਕੇ ਪ੍ਰਸੰਸਾ ਕੀਤੀ ਹੈ, ਸਗੋਂ ਇਸ ਪ੍ਰੀ ਪ੍ਰਾਇਮਰੀ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ, ਇਸ ਵਾਸਤੇ ਕੇਂਦਰ ਸਰਕਾਰ ਬਕਾਇਦਾ ਫੰਡ ਵੀ ਜਾਰੀ ਕਰੇਗੀ ਤਾਂਕਿ ਹੋਰ ਸੂਬਾ ਸਰਕਾਰਾਂ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਜਲਦ ਹੀ ਸ਼ੁਰੂ ਕਰਨ ਲਈ ਤੇਜ਼ੀ ਦਿਖਾਉਣ। ਦੇਸ਼ ਭਰ ‘ਚ ਪੰਜਾਬ ਪਹਿਲਾ ਅਜਿਹਾ ਸੂਬਾ ਹੈ, ਜਿੱਥੇ ਪ੍ਰੀ ਪ੍ਰਾਇਮਰੀ ਤੋਂ ਹੀ ਵਿਦਿਆਰਥੀਆਂ ਨੂੰ ਸਕੂਲ ‘ਚ ਲਿਆਉਣ ਦੀ ਅਹਿਮ ਕੋਸ਼ਿਸ਼ ਕੀਤੀ ਗਈ ਹੈ।
ਕੇਂਦਰ ਸਰਕਾਰ ਨੇ ਬੀਤੇ ਦਿਨੀਂ ਪੰਜਾਬ ਸਰਕਾਰ ਨੂੰ 28 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ, ਜਿਹੜੀ ਕਿ ਸਿਰਫ਼ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਦੇ ਖ਼ਰਚੇ ਲਈ ਭੇਜੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਇਨ੍ਹਾਂ 28 ਕਰੋੜ ਰੁਪਏ ਨੂੰ ਪ੍ਰਤੀ ਸਕੂਲ 24 ਹਜ਼ਾਰ 500 ਰੁਪਏ ਦਿੱਤੇ ਜਾਣਗੇ। ਪਿਛਲੇ 10 ਸਾਲ ਸੱਤਾ ‘ਚੋਂ ਬਾਹਰ ਰਹਿਣ ਵਾਲੀ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਤੇ ਵਿਧਾਨ ਸਭਾ ਤੋਂ ਬਾਹਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ‘ਚ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੀ ਲਗਾਤਾਰ ਵਕਾਲਤ ਕੀਤੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਵੱਲੋਂ ਨਾ ਹੀ ਇਸ ਨੂੰ ਲਾਗੂ ਕਰਨ ‘ਚ ਦਿਲਚਸਪੀ ਦਿਖਾਈ ਤੇ ਨਾ ਹੀ ਇਸ ਪਾਸੇ ਵਿਚਾਰ ਤੱਕ ਕੀਤਾ ਗਿਆ।
ਸੱਤਾ ‘ਚ ਕਾਂਗਰਸ ਦੇ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਵੱਲੋਂ ਨਾ ਸਿਰਫ਼ ਸੂਬੇ ਭਰ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀ ਗਈਆਂ, ਸਗੋਂ ਆਂਗਣਵਾੜੀ ਵਰਕਰਾਂ ਦੇ ਭਾਰੀ ਵਿਰੋਧ ਤੋਂ ਬਾਅਦ ਵੀ ਇਨ੍ਹਾਂ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਜਾਰੀ ਰੱਖਿਆ ਸੀ। ਪੰਜਾਬ ਵਿੱਚ ਇਸ ਸਮੇਂ 12 ਹਜ਼ਾਰ 958 ਸਕੂਲਾਂ ‘ਚੋਂ ਸਿੱਖਿਆ ਵਿਭਾਗ ਵੱਲੋਂ 11 ਹਜ਼ਾਰ 441 ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਹੀ ਪੜ੍ਹਾਈ ਜਾ ਰਹੀ ਹੈ। ਪੰਜਾਬ ਦੇ ਪ੍ਰੀ ਪ੍ਰਾਇਮਰੀ ਸਕੂਲਾਂ ‘ਚ 3 ਸਾਲ ਤੋਂ ਵੱਡੇ ਬੱਚਿਆਂ ਨੂੰ ਪੜ੍ਹਾਈ ਕਰਦਾ ਦੇਖ ਕੇਂਦਰ ਸਰਕਾਰ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਇਸ ਪ੍ਰੋਜੈਕਟ ਨੂੰ ਦੇਸ਼ ਭਰ ‘ਚ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਹੁਣ ਤੱਕ ਸਿਰਫ਼ 6 ਸਾਲ ਦੀ ਉਮਰ ਤੋਂ ਉੱਪਰ ਦਾ ਵਿਦਿਆਰਥੀ ਹੀ ਪਹਿਲੀ ਜਮਾਤ ‘ਚ ਦਾਖਲ ਹੋ ਸਕਦਾ ਸੀ।
ਬੱਚਿਆ ਲਈ ਤਿਆਰ ਕੀਤਾ ‘ਖੇਡ ਮਹਿਲ’ ਅਧਿਆਪਕ ਸੁਣਾਉਂਦੇ ਹਨ ਕਹਾਣੀਆਂ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਕਲਾਸ ਨੂੰ ‘ਖੇਡ ਮਹਿਲ’ ਦਾ ਨਾਅ ਦਿੱਤਾ ਹੋਇਆ ਹੈ। ਜਿਸ ਵਿੱਚ ਅਧਿਆਪਕ ਛੋਟੇ ਬੱਚਿਆ ਨੂੰ ਮੁੱਢਲੀ ਸਿੱਖਿਆ ਦੇਣ ਦੇ ਨਾਲ ਹੀ ਤਰਾਂ ਤਰ੍ਹਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਹਨ। ਇਨਾਂ ਕਹਾਣੀਆਂ ਲਈ ਪੰਜਾਬ ਸਰਕਾਰ ਵਲੋਂ 20 ਕਹਾਣੀ ਦੀਆਂ ਕਿਤਾਬਾਂ ਵੀ ਤਿਆਰ ਕੀਤੀ ਹੋਈਆ ਹਨ। ਇਸ ਤੋਂ ਇਲਾਵਾ ਹਰ ਵਿਦਿਆਰਥੀ ਨੂੰ ਵਰਕ ਸ਼ੀਟ ਤੋਂ ਲੈ ਕੇ ਪੜਾਈ ਕਰਨ ਦਾ ਜਰੂਰੀ ਸਮਾਨ ਮੁਫ਼ਤ ‘ਚ ਮੁਹਾਇਆ ਕਰਵਾਇਆ ਜਾ ਰਿਹਾ ਹੈ।
ਪੰਜਾਬ ਲਈ ਮਾਣ ਦੀ ਐ ਗੱਲ : ਕ੍ਰਿਸ਼ਨ ਕੁਮਾਰ
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਮਾਣ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਪ੍ਰੀ ਪ੍ਰਾਇਮਰੀ ਕਲਾਸਾਂ ਦੀ ਪ੍ਰਸੰਸਾ ਕਰਦੇ ਹੋਏ ਉਸ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਬਾਰੇ ਵਿਚਾਰ ਕੀਤਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਇਹ ਵੱਡੀ ਕੋਸ਼ਸ਼ ਰੰਗ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਸਾਲ ਸੀ ਅਤੇ ਹੁਣ ਉਹ ਇਨਾਂ ਪ੍ਰੀ ਪ੍ਰਾਇਮਰੀ ਕਲਾਸਾਂ ਰਹਿੰਦੀਆਂ ਹਰ ਤਰਾਂ ਦੀ ਘਾਟ ਨੂੰ ਦੂਰ ਕਰਨਗੇ।