ਰਿਸ਼ਤੇਦਾਰਾਂ ਨੇ ਪਰਿਵਾਰ ਦੇ ਇੱਕ ਮੈਂਬਰ ‘ਤੇ ਉਠਾਈ ਉਂਗਲ
ਜਸਵੀਰ ਸਿੰਘ/ਜਸਵੰਤ ਸਿੰਘ, ਬਰਨਾਲਾ/ਮਹਿਲ ਕਲਾਂ:ਬੀਤੇ ਕੱਲ੍ਹ ਬਲਾਕ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਵਿਖੇ ਇੱਕ ਦਲਿਤ ਪਰਿਵਾਰ ਨਾਲ ਸਬੰਧਿਤ ਲੜਕੀ ਦੇ ਆਪਣੇ ਘਰ ਅੰਦਰ ਹੀ ਕੱਪੜੇ ਬਦਲਦੇ ਸਮੇਂ ਪੇਟੀ ‘ਤੇ ਪਈ ਲਾਇਸੰਸੀ ਰਾਈਫਲ ਦੀ ਢਿੱਡ ‘ਚ ਗੋਲੀ ਲੱਗਣ ਨਾਲ ਗੰਭੀਰ ਜਖ਼ਮੀ ਹੋਈ ਗਿਆਰ੍ਹਵੀਂ ਦੀ ਵਿਦਿਆਰਥਣ ਜਿਸ ਦੀ ਦੇਰ ਰਾਤ ਇਲਾਜ਼ ਦੌਰਾਣ ਮੌਤ ਹੋ ਗਈ ਸੀ ਦਾ ਮਾਮਲਾ ਅੱਜ ਨਵਾਂ ਮੋੜ ਲੈ ਗਿਆ। ਅੱਜ ਵਾਰਸਾਂ ਨੇ ਉਕਤ ਲੜਕੀ ਵੱਲੋਂ ਪੇਪਰਾਂ ‘ਚ ਆਈ ਰੀਅਪੀਅਰ ਸਦਕਾ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦ ਆਪਣੇ ਢਿੱਡ ‘ਚ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਦਾਅਵਾ ਕੀਤਾ।
ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬੰਧਿਤ ਥਾਣਾ ਟੱਲੇਵਾਲ ਦੇ ਐਸਐਚਓ ਨਾਇਬ ਸਿੰਘ ਨੇ ਦੱਸਿਆ ਕਿ ਅਨਮੋਲ ਕੌਰ (15) ਪੁੱਤਰੀ ਫੌਜੀ ਗੁਰਪਿਆਰ ਸਿੰਘ ਵਾਸੀ ਚੰਨਣਵਾਲ ਜੋਂ ਕਿ ਅਪਣੇ ਨਾਨਕੇ ਪਿੰਡ ਰਾਮੂੰਵਾਲ (ਮੋਗਾ) ਵਿਖੇ +1 ਵਿੱਚ ਪੜ੍ਹ ਰਹੀ ਸੀ। ਜੋ ਕਿ ਦਸਵੀਂ ਕਲਾਸ ਦੇ ਇੱਕ ਪੇਪਰ ‘ਚਂੋ ਫੇਲ੍ਹ ਹੋਣ ਕਰਕੇ ਮਾਨਸਿਕ ਪ੍ਰੇਸ਼ਾਨੀ ‘ਚੋਂ ਗੁਜਰ ਰਹੀ ਸੀ। ਜਦ ਉਹ ਲੰਘੀ 13 ਜੂਨ ਨੂੰ ਛੁੱਟੀਆਂ ਹੋਣ ਕਰਕੇ ਆਪਣੇ ਪਿੰਡ ਚੰਨਣਵਾਲ ਵਿਖੇ ਆਈ ਹੋਈ ਸੀ ਤਾਂ ਬੀਤੇ ਕੱਲ੍ਹ ਉਸਨੇ ਆਪਣੇ ਘਰ ਅੰਦਰ ਹੀ ਪਈ 12 ਬੋਰ ਦੋਨਾਲੀ ਰਾਈਫਲ ਨਾਲ ਢਿੱਡ ਵਿੱਚ ਗੋਲੀ ਮਾਰ ਲਈ। ਜਿਸ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਦਮ ਤੋੜ ਗਈ। ਕਾਰਵਾਈ ਸਬੰਧੀ ਦੱਸਿਆ ਕਿ ਮ੍ਰਿਤਕਾ ਲੜਕੀ ਦੀ ਮਾਤਾ ਵੀਰਪਾਲ ਕੌਰ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ।
ਇੱਥੇ ਵਰਨਣਯੋਗ ਹੈ ਕਿ ਘਟਨਾ ਸਬੰਧੀ ਮ੍ਰਿਤਕਾ ਦੇ ਵਾਰਸਾਂ ਨੇ ਭਾਵੇਂ ਧਾਰਾ 174 ਤਹਿਤ ਕਾਰਵਾਈ ਪਾ ਕੇ ਮਾਮਲਾ ਸਮੇਟ ਦਿੱਤਾ ਹੈ, ਪ੍ਰੰਤੂ ਅੱਜ ਮ੍ਰਿਤਕਾ ਦੇ ਹੋਰ ਰਿਸ਼ਤੇਦਾਰਾਂ ਵੱਲੋਂ ਪ੍ਰੀਵਾਰ ਦੇ ਵਾਰਸ ਇੱਕ ਮੈਂਬਰ ਦੀਆਂ ਕਥਿੱਤ ਸ਼ੱਕੀ ਗਤੀਵਿਧੀਆਂ ਨੂੰ ਇਸ ਦਰਦਨਾਕ ਹਾਦਸੇ ਲਈ ਜਿੰਮੇਵਾਰ ਦੱਸਿਆ ਜਾ ਰਿਹਾ ਸੀ। ਅਜਿਹੇ ਮਾਹੌਲ ਦੇ ਚਲਦਿਆਂ ਹੀ ਪੁਲਿਸ ਉੱਚ ਅਧਿਕਾਰੀਆਂ ਕਿਹਾ ਕਿ ਭਾਵੇਂ ਵਾਰਸਾਂ ਦੇ ਬਿਆਨਾਂ ਦੇ ਅਧਾਰ ‘ਤੇ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ, ਪ੍ਰੰਤੂ ਅਗਲੇ ਸਮੇਂ ਅੰਦਰ ਜੇਕਰ ਇਸ ਘਟਨਾ ਸਬੰਧੀ ਕੋਈ ਹੋਰ ਠੋਸ ਤੱਥ ਸਾਹਮਣੇ ਆਏ ਤਾਂ ਜਾਂਚ ਉਪਰੰਤ ਹੋਰ ਢੁਕਵੀਂ ਕਾਰਵਾਈ ਦੁਬਾਰਾ ਕੀਤੀ ਜਾ ਸਕਦੀ ਹੈ।