ਭਾਗੀਵਾਂਦਰ ਕਾਂਡ: ਮੁੱਖ ਮੁਲਜ਼ਮ ਵੱਲੋਂ ਆਤਮ-ਸਮਰਪਣ

Bhagiwandar case,Accused, Surrenders, Murder

ਅਸ਼ੋਕ ਵਰਮਾ, ਸੱਚ ਕਹੂੰ ਨਿਊਜ਼: ਬਠਿੰਡਾ/ਤਲਵੰਡੀ ਸਾਬੋ: ਪਿੰਡ ਭਾਗੀਵਾਂਦਰ ਵਿੱਚ ਨਸ਼ਾ ਤਸਕਰ ਦੱਸ ਕੇ ਬੇਰਹਿਮੀ ਨਾਲ ਕਤਲ ਕੀਤੇ ਗਏ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਮਾਮਲੇ ਦੇ ਮੁੱਖ ਮੁਲਜ਼ਮ ਅਮਰਿੰਦਰ ਸਿੰਘ ਉਰਫ ਰਾਜੂ ਨੇ ਅੱਜ ਪੂਰੇ ਲਾਮ ਲਸ਼ਕਰ ਨਾਲ ਤਲਵੰਡੀ ਸਾਬੋ ਪੁਲਿਸ ਅੱਗੇ ਆਤਮਸਪਰਪਣ ਕਰ ਦਿੱਤਾ ਮੋਨੂੰ ਅਰੋੜਾ ਦੀ ਵੱਢ ਟੁੱਕ ਕਰਨ ਉਪਰੰਤ ਪਿੰਡ ਵਾਸੀਆਂ ਵੱਲੋਂ ਇਸ ਕਾਂਡ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦੇਣ ਉਪਰੰਤ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣੇ ਇਸ ਮਾਮਲੇ ‘ਚ ਪਿੰਡ ਦੇ ਕਰੀਬ ਇੱਕ ਦਰਜਨ ਵਿਅਕਤੀਆਂ ‘ਤੇ ਪੁਲਿਸ ਕੇਸ ਦਰਜ ਕੀਤਾ ਗਿਆ ਸੀ

ਅੱਜ ਇਸ ਮਾਮਲੇ ‘ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਅਮਰਿੰਦਰ ਸਿੰਘ ਉਰਫ ਰਾਜੂ ਦੇ ਸਮਰਥਕਾਂ ਤੇ ਪਿੰਡ ਵਾਸੀਆਂ ਨੇ ਪਿੰਡ ‘ਚ ਵੱਡਾ ਇਕੱਠ ਕਰ ਲਿਆ  ਇਸ ਮੌਕੇ ਖੁੱਲ੍ਹੀ ਜੀਪ ਵਿੱਚ ਸਵਾਰ ਹੋ ਕੇ ਰਾਜੂ ਦੇ ਕਾਫਲੇ ਨੇ ਤਲਵੰਡੀ ਸਾਬੋ ਵੱਲ ਚਾਲੇ ਪਾ ਦਿੱਤੇ ਕਾਫਲੇ ‘ਚ ਦਰਜਨਾਂ ਮੋਟਰਸਾਈਕਲਾਂ ਅਤੇ ਟ੍ਰੈਕਟਰ ਟਰਾਲੀਆਂ ‘ਤੇ ਸਵਾਰ ਲੋਕਾਂ ਨੇ ‘ਰਾਜੂ ਤੇਰੀ ਸੋਚ ‘ਤੇ ਪਹਿਰਾ ਦੇਵਾਂਗੇ ਠੋਕ ਕੇ’ ਦੇ ਨਾਅਰੇ ਲਾਏ। ਤਲਵੰਡੀ ਸਾਬੋ ਵਿੱਚੋਂ ਲੰਘਣ ਮੌਕੇ ਰਾਜੂ ਨੇ ਖੁੱਲ੍ਹੀ ਜੀਪ ‘ਚੋਂ ਦੋਵੇਂ ਹੱਥ ਜੋੜ ਕੇ ਸਿਆਸੀ ਨੇਤਾਵਾਂ ਦੀ ਤਰ੍ਹਾਂ ਲੋਕਾਂ ਨੂੰ ਫਤਹਿ ਬੁਲਾਈ ।

ਡੀ. ਐਸ. ਪੀ ਤਲਵੰਡੀ ਬਰਿੰਦਰ ਸਿੰਘ ਦਾ ਕਹਿਣਾ ਸੀ ਪੁਲਿਸ ਛਾਪਿਆਂ ਦੇ ਦਬਾਅ ਹੇਠ ਅੱਜ ਭਾਗੀਵਾਂਦਰ ਮਾਮਲੇ ਦੇ ਮੁੱਖ ਮੁਲਜ਼ਮ ਰਾਜੂ ਨੇ ਆਤਮ ਸਮਰਪਣ ਕੀਤਾ ਹੈ ਉਨ੍ਹਾਂ ਕਿਹਾ ਕਿ ਪੁਲਿਸ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਵੇਗੀ ਉਨ੍ਹਾਂ ਕਿਹਾ ਕਿ ਪੁਲਿਸ ਰਾਜੂ ਤੋਂ ਪੁੱਛ ਪੜਤਾਲ ਕਰਕੇ ਸੱਚਾਈ ਜਾਨਣ ਦੀ ਕੋਸ਼ਿਸ਼ ਕਰੇਗੀ ਤੇ ਇਸ ਵਾਰਦਾਤ ‘ਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾਣੇ ਹਨ

ਪੁਲਿਸ ਨੇ ਮਾਮਲੇ ਨੂੰ ਗਲਤ ਰੰਗਤ ਦਿੱਤੀ: ਮੁਲਜ਼ਮ ਰਾਜੂ

ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜੂ ਨੇ ਕਿਹਾ ਕਿ ਪੁਲਿਸ ਨੇ ਪੂਰੇ ਮਾਮਲੇ ਨੂੰ ਗਲਤ ਰੰਗਤ ਦਿੱਤੀ ਹੈ ਉਨ੍ਹਾਂ ਦਾਅਵਾ ਕੀਤਾ ਕਿ ਮੋਨੂੰ ਅਰੋੜਾ ਨਾਲ ਉਸਦੀ ਕੋਈ ਨਿੱਜੀ ਜਾਂ ਰਾਜਸੀ ਰੰਜਿਸ਼ ਨਹੀਂ ਸੀ ਬਲਕਿ ਸੱਚਾਈ ਇਹ ਹੈ ਕਿ ਮੋਨੂੰ ਨਸ਼ਾ ਤਸਕਰੀ ਕਰਦਾ ਹੋਣ ਕਰਕੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ‘ਤੇ ਲਾਉਣ ਤੋਂ ਇਲਾਵਾ ਪਿੰਡ ਦੀਆਂ ਧੀਆਂ ਭੈਣਾਂ ਨਾਲ ਛੇੜਖਾਨੀ ਕਰਦਾ ਸੀ।

ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈਕੇ ਪਿੰਡ ਵਾਸੀਆਂ ਨੇ ਪੁਲਿਸ ਕੋਲ ਪਹੁੰਚ ਕੀਤੀ ਸੀ ਪ੍ਰੰਤੂ ਇੱਕ ਸਿਆਸੀ ਬੰਦੇ ਦਾ ਮੋਨੂੰ ਨੂੰ ਥਾਪੜਾ ਹੋਣ ਕਾਰਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਪਿੰਡ ਵਾਸੀਆਂ ਨੂੰ ਮਜਬੂਰੀਵੱਸ ਕਥਿਤ ਤੌਰ ‘ਤੇ ਇਹ ਫੈਸਲਾ ਲੈਣਾ ਪਿਆ

ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਪੂਰੇ ਪਿੰਡ ਦਾ ਹੱਥ ਹੈ ਜਦੋਂਕਿ ਪੁਲਿਸ ਨੇ ਕਿਸੇ ਦਬਾਅ ਹੇਠ ਉਸ ਸਮੇਤ ਉਸ ਦੇ ਭਰਾ ਤੇ ਕੁਝ ਚੋਣਵੇਂ ਪਿੰਡ ਵਾਸੀਆਂ ਖਿਲਾਫ ਕੇਸ ਦਰਜ ਕੀਤਾ ਹੈ ਹਾਲਾਂਕਿ ਪੁਲਿਸ ਦੇ ਰਾਜਸੀ ਦਬਾਅ ਹੇਠ ਹੋਣ ਸਬੰਧੀ ਰਾਜੂ ਨੇ ਚੁੱਪ ਵੱਟ ਲਈ ਪਰ ਇਹ ਆਖਿਆ ਕਿ  ਭਾਵੇਂ ਇਸ ਮਾਮਲੇ ‘ਚ ਉਸਦਾ ਕੋਈ ਹੱਥ ਨਹੀਂ ਫਿਰ ਵੀ ਪਿੰਡ ਦੀ ਭਲਾਈ ਲਈ ਉਹ ਹਰ ਸਜਾ ਭੁਗਤਣ ਲਈ ਤਿਆਰ ਹੈ।ਉਸ ਨੇ ਸਾਫ ਆਖਿਆ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਦਾ ਅੱਗੇ ਤੋਂ ਵੀ ਇਹੋ ਜਿਹਾ ਹਸ਼ਰ ਹੋਣਾ ਚਾਹੀਦਾ ਹੈ

ਪੁਲਿਸ ਨੇ 13 ਜਣਿਆਂ ਖਿਲਾਫ਼ ਕੀਤਾ ਸੀ ਮਾਮਲਾ ਦਰਜ਼

ਦੱਸਣਯੋਗ ਹੈ ਕਿ ਲੰਘੀ 8 ਜੂਨ ਨੂੰ ਪਿੰਡ ਭਾਗੀਵਾਂਦਰ ਦੀ ਸੱਥ ‘ਚ ਮੋਨੂੰ ਅਰੋੜਾ ਨਾਮੀ ਨੌਜਵਾਨ ਬੜੀ ਬੇਰਹਿਮੀ ਨਾਲ ਵੱਢੀ ਟੁੱਕੀ ਹਾਲਤ ਵਿੱਚ ਮਿਲਿਆ ਸੀ ਜਿਸ ਦੀ  ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਨੇ ਮ੍ਰਿਤਕ ਦੇ ਭਰਾ ਕੁਲਦੀਪ ਕੁਮਾਰ ਦੇ ਬਿਆਨਾਂ ‘ਤੇ ਪਿੰਡ ਭਾਗੀਵਾਂਦਰ ਦੇ ਕਰੀਬ 13 ਵਿਅਕਤੀਆਂ ‘ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਮੋਨੂੰ ਦੀ ਅੰਤਮ ਅਰਦਾਸ ਤੋਂ ਪਹਿਲਾਂ ਤਲਵੰਡੀ ਸਾਬੋ ਪੁਲਿਸ ਨੇ ਪੂਰੇ ਪਿੰਡ ਦੀ ਬਜਾਏ ਪਿੰਡ ਭਾਗੀਵਾਂਦਰ ਦੀ ਮਹਿਲਾ ਸਰਪੰਚ ਦੇ ਪੁੱਤਰ ਅਮਰਿੰਦਰ ਸਿੰਘ ਰਾਜੂ ਸਮੇਤ ਇਸ ਕਾਂਡ ਪਿੱਛੇ ਸਿਰਫ ਚਾਰ ਪੰਜ ਵਿਅਕਤੀਆਂ ਦਾ ਹੱਥ ਹੋਣ ਤੇ ਕਤਲ ਲਈ ਵਰਤੀ ਗਈ ਖੂਨ ਨਾਲ ਲੱਥਪਥ ਸਕਾਰਪੀਓ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

ਮ੍ਰਿਤਕ ਦੇ ਪਿਤਾ ਨੇ ਮੁਲਜ਼ਮ ਦੇ ਕਿਰਦਾਰ ‘ਤੇ ਉਂਗਲ ਉਠਾਈ

ਮ੍ਰਿਤਕ ਮੋਨੂੰ ਅਰੋੜਾ ਦੇ ਪਿਤਾ ਵਿਜੈ ਕੁਮਾਰ ਨੇ ਰਾਜੂ ਦੇ ਆਤਮ ਸਮਰਪਣ ‘ਤੇ ਤਸੱਲੀ ਪ੍ਰਗਟ ਕੀਤੀ ਤੇ ਨਾਲ ਹੀ ਰਾਜੂ ਦੇ ਕਿਰਦਾਰ ‘ਤੇ ਵੀ ਉਂਗਲ ਉਠਾਈ ਉਨ੍ਹਾਂ ਆਖਿਆ ਕਿ ਰਾਜੂ ਖਿਲਾਫ ਕਈ ਥਾਣਿਆਂ ਵਿੱਚ ਕੇਸ ਦਰਜ ਹਨ ਜਿਸ ਬਾਰੇ ਪਰਿਵਾਰ ਜਲਦੀ ਹੀ ਖੁਲਾਸਾ ਕਰੇਗਾ

ਪੁਲਿਸ ਨੇ ਪਰਿਵਾਰ ਨੂੰ ਦਿੱਤਾ ਸੀ ਮੁਲਜ਼ਮਾਂ ਨੂੰ 5 ਦਿਨਾਂ ‘ਚ ਗ੍ਰਿਫ਼ਤਾਰ ਕਰਨ  ਦਾ ਭਰੋਸਾ

ਜਦੋਂ ਪੁਲਿਸ ਨੇ ਇਸ ਕਤਲ ਨਾਲ ਸਬੰਧਤ ਵਿਅਕਤੀਆਂ ਨੂੰ ਕਾਫੀ ਦਿਨ ਗ੍ਰਿਫਤਾਰ ਨਾ ਕੀਤਾ ਤਾਂ ਮੋਨੂੰ ਦੇ ਭੋਗ ਸਮਾਗਮ ਮਗਰੋਂ ਪਰਿਵਾਰ ਨੇ ਪੁਲਿਸ ਤੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਾਉਂਦਿਆਂ ਸੜਕ ਜਾਮ ਕਰ ਦਿੱਤੀ ਸੀ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੰਜ ਦਿਨ ਦੀ ਮੋਹਲਤ ਲਈ ਸੀ ਜਿਸ ਦੇ ਅੱਜ ਆਖਰੀ ਦਿਨ  ਅਮਰਿੰਦਰ ਸਿੰਘ ਰਾਜੂ ਨੇ ਆਪਣੀ ਤਾਕਤ ਦਾ ਵਿਖਾਵਾ ਕੀਤਾ ਅਤੇ ਤਲਵੰਡੀ ਸਾਬੋ ਪੁਲਿਸ ਅੱਗੇ ਪੇਸ਼ ਹੋ ਗਿਆ