ਲੁਧਿਆਣਾ ਦੇ ਕਾਰੋਬਾਰੀਆਂ ਨੇ ਕੇਂਦਰ ਸਰਕਾਰ ’ਤੇ ਅੱਖੋ-ਪਰੋਖੇ ਕਰਨ ’ਤੇ ਵਾਅਦਾ ਖਿਲਾਫ਼ੀ ਦੇ ਲਗਾਏ ਦੋਸ਼ (Ludhiana News)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਪਾਰਕ ਰਾਜਧਾਨੀ ਲੁਧਿਆਣਾ ਦੇ ਕਾਰੋਬਾਰੀ ਬਜਟ ਤੋਂ ਪੂਰੀ ਤਰ੍ਹਾਂ ਨਿਰਾਸ਼ ਹਨ। ਜਿੰਨਾਂ ਨੇ ਨਾ ਸਿਰਫ਼ ਕੇਂਦਰ ਸਰਕਾਰ ਦੇ ਬਜਟ ਨੂੰ ਨਿਰਾਸ਼ਜਨਕ ਦੱਸਿਆ ਹੈ ਸਗੋਂ ਦਿਸ਼ਾਹੀਣ ਤੇ ਉਦਯੋਗ ਵਿਰੋਧੀ ਵੀ ਗਰਦਾਨਿਆ ਹੈ। ਇੰਨ੍ਹਾਂ ਹੀ ਨਹੀਂ ਸਥਾਨਕ ਕਾਰੋਬਾਰੀਆਂ ਨੇ ਕੇਂਦਰ ਸਰਕਾਰ ’ਤੇ ਵਾਅਦਾ ਖਿਲਾਫ਼ੀ ਦੇ ਦੋਸ਼ ਵੀ ਲਗਾਏ ਹਨ। ਕਿਉਂਕਿ ਲੰਘੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਕੇਂਦਰੀ ਮੰਤਰੀਆਂ ਨੇ ਉੱਘੇ ਕਾਰੋਬਾਰੀਆਂ ਨਾਲ ਉੱਚੇਚੇ ਤੌਰ ’ਤੇ ਮੀਟਿੰਗਾਂ ਕਰਕੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਮੁੜ ਸੱਤਾ ਵਿੱਚ ਆਉਣ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਦਯੋਗ ਲਈ ਕੁੱਝ ਖਾਸ ਨਾ ਮਿਲਣ ਕਰਕੇ ਸਥਾਨਕ ਕਾਰੋਬਾਰੀ ਬਜਟ ਤੋਂ ਨਾਖੁਸ਼ ਹਨ। ਪੇਸ਼ ਹਨ ਕੁੱਝ ਉਘੇ ਕਾਰੋਬਾਰੀਆਂ ਵੱਲੋਂ ਬਜਟ ’ਤੇ ਦਿੱਤੀ ਗਈ ਪ੍ਰਤੀਕਿਰਿਆ ਦੇ ਕੁੱਝ ਅੰਸ: (Ludhiana News)
‘ਬਜਟ ਪੂਰੀ ਤਰ੍ਹਾਂ ਨਿਰਾਸਾ ਜਨਕ’ : ਲੱਕੀ

ਯੂਨੀਈਡਿਟ ਸਾਈਕਲ ਐਂਡ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ (ਯੂਸੀਪੀਐੱਮਈ) ਦੇ ਪ੍ਰਧਾਨ ਹਰਸਿਮਰਨ ਜੀਤ ਸਿੰਘ ਲੱਕੀ ਨੇ ਬਜਟ ਨੂੰ ਪੂਰੀ ਤਰ੍ਹਾਂ ਨਿਰਾਸਾਜਨਕ ਦੱਸਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਮੰਤਰੀਆਂ ਦੁਆਰਾ ਉਚੇਚੇ ਤੌਰ ’ਤੇ ਲੁਧਿਆਣਾ ਪਹੁੰਚ ਕੇ ਇੱਥੋਂ ਦੇ ਕਾਰੋਬਾਰੀਆਂ ਨਾਲ ਅਨੇਕਾਂ ਵਾਅਦੇ ਕੀਤੇ ਗਏ ਸਨ। ਜਿੰਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ’ਤੇ ਬਜਟ ਵਿੱਚ ਗੱਲ ਤੱਕ ਵੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇੰਡਸਟਰੀ ਦਾ ਗਲਾ ਘੋਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜਟ ਐੱਮਐੱਸਐੱਮਈ ਲਈ ਕੁੱਝ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ 43 ਬੀ ਨੂੰ ਅਡੈਂਟੀਫ਼ਾਈ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਦਾ ਜਿਕਰ ਵੀ ਨਹੀਂ ਕੀਤਾ ਗਿਆ। Ludhiana News
‘ਦਿਸ਼ਾਹੀਣ ਤੇ ਉਦਯੋਗ ਵਿਰੋਧੀ’ : ਜਿੰਦਲ

ਆਲ ਇੰਡਸਰਟਰੀਜ਼ ਐਂਡ ਟਰੇਡ ਫੋਰਮ (ਏਆਈਟੀਐੱਫ਼) ਦੇ ਨੈਸ਼ਨਲ ਪ੍ਰੈਜੀਡੈਂਟ ਬਦੀਸ਼ ਜਿੰਦਲ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤਾ ਗਿਆ ਬਜਟ ਦਿਸ਼ਾਹੀਣ ਤੇ ਉਦਯੋਗ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਬਜਟ ’ਚ ਐੱਮਐੱਸਐੱਮਈ ਦੀਆਂ ਕਈ ਸਕੀਮਾਂ ਦਾ ਫੰਡ ਘਟਾ ਦਿੱਤਾ ਹੈ ਜੋ ਕਿ ਵਧਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਸਲੈਬ ਟੈਕਸਦਾਤਾਵਾਂ ਲਈ ਸਿਰਫ਼ ਮਜ਼ਾਕ ਹੈ। ਜਿਸ ਨੂੰ 3-6 ਲੱਖ ਤੋਂ ਵਧਾ ਕੇ 3-7 ਲੱਖ ਰੁਪਏ ਕੀਤਾ ਗਿਆ ਹੈ। ਜਦਕਿ ਉਹ 10 ਲੱਖ ਰੁਪਏ ਤੱਕ ਜੀਰੋ ਟੈਕਸ ਸਲੈਬ ਦੀ ਉਮੀਦ ਕਰ ਰਹੇ ਸੀ। ਇਸ ਤੋਂ ਬਿਨ੍ਹਾਂ 43- ਬੀ ਤੇ ਪੈਟਰੋਲੀਅਮ ਅਤੇ ਪਾਵਰ ਨੂੰ ਜੀਐੱਸਟੀ ਦੇ ਘੇਰੇ ਵਿੱਚ ਲਿਆਉਣ ’ਤੇ ਵੀ ਚੁੱਪੀ ਧਾਰੀ ਗਈ ਹੈ।
ਬਜਟ ਨੇ ਪੰਜਾਬੀਆਂ ਪੱਲ੍ਹੇ ਨਿਰਾਸ਼ਾ ਹੀ ਪਾਈ : ਇਕੋਲਾਹਾ

ਕਾਂਗਰਸ ਕਮੇਟੀ ਖੰਨਾ ਦੇ ਦਿਹਾਤੀ ਬਲਾਕ ਪ੍ਰਧਾਨ ਹਰਜਿੰਦਰ ਜਿੰਘ ਇਕੋਲਾਹਾ ਨੇ ਸੰਸਦ ਚ ਪੇਸ਼ ਕੀਤੇ ਬਜਟ ਨੂੰ ਨਿਰਾਸ਼ਾਵਾਦੀ ਦੱਸਿਆ ਹੈ। ਉਹਨਾਂ ਕਿਹਾ ਕਿ 48 ਲੱਖ ਕਰੋੜ ਦੇ ਇਸ ਬਜਟ ’ਚ ਨਾ ਤਾਂ ਕਿਸਾਨ ਵਰਗ ਤੇ ਨਾ ਹੀ ਹੋਰਨਾਂ ਵਰਗਾ ਵਾਸਤੇ ਕੁੱਝ ਵਿਸ਼ੇਸ਼ ਹੈ। ਕਿਸਾਨੀ ਲਈ ਸਿਰਫ 1.52 ਲੱਖ ਕਰੋੜ ਹੀ ਰੱਖੇ ਗਏ ਹਨ ਜੋ ਬਜਟ ਦਾ ਮਹਿਜ 3 ਫੀਸਦੀ ਹੀ ਬਣਦਾ ਹੈ। ਜਿਸ ਤੋਂ ਸਾਫ਼ ਹੈ ਕੇ ਮੋਦੀ ਸਰਕਾਰ ਕਿਸਾਨਾਂ ਨੂੰ ਐੱਮਐੱਸਪੀ ਨਹੀਂ ਦੇਵੇਗੀ। ਉਹਨਾਂ ਇਹ ਵੀ ਕਿਹਾ ਕਿ ਬਜਟ ’ਚ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕਜ ਨਹੀਂ ਦਿੱਤਾ ਗਿਆ ਤੇ ਨਾ ਹੀ ਮਜ਼ਦੂਰਾਂ ਤੇ ਨੌਜਵਾਨਾਂ ਵਾਸਤੇ ਕੋਈ ਖ਼ਾਸ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਜਟ ’ਚ ਉਦਯੋਗ ਨੂੰ ਬਲ ਦੇਣ ਲਈ ਕੋਈ ਵਿਸ਼ੇਸ਼ ਉਪਰਾਲਾ ਨਜ਼ਰ ਨਹੀਂ ਆਇਆ। ਜਿਸ ਕਰਕੇ ਇਸ ਬਜਟ ਨੂੰ ਨਿਰਾਸ਼ਾਵਾਦੀ ਹੀ ਕਿਹਾ ਜਾ ਸਕਦਾ ਹੈ। ਜਿਸ ਨੇ ਪੰਜਾਬੀਆਂ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ। Ludhiana News