ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਜਿੱਤਾਂਗੇ : ਬਾਦਲ
- ਕਿਹਾ, ਕਾਂਗਰਸ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ‘ਚ ਆਈ
- ਲਾਭਪਾਤਰੀ ਸਕੀਮਾਂ ਬੰਦ ਕਰਨ ਦਾ ਲਾਇਆ ਦੋਸ਼
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। 40 ਮੁਕਤਿਆਂ ਦੀ ਯਾਦ ‘ਚ ਲੱਗਣ ਵਾਲੇ ਮਾਘੀ ਮੇਲੇ ਦੌਰਾਨ ਇਸ ਵਾਰ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਕਾਨਫਰੰਸ ਦੀ ਰਵਾਇਤ ਨੂੰ ਕਾਇਮ ਰੱਖਿਆ ਸਥਾਨਕ ਮਲੋਟ ਰੋਡ ਬਾਈਪਾਸ ‘ਤੇ ਕੀਤੀ ਗਈ ਕਾਨਫਰੰਸ ਅਕਾਲੀ ਆਗੂਆਂ ਨੇ ਜਿੱਥੇ ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਭੰਡਿਆਂ ਉੱਥੇ ਲੋਕ ਸਭਾ ਚੋਣਾਂ ਜਿੱਤਣ ਲਈ ਵਰਕਰਾਂ ‘ਚ ਜੋਸ਼ ਭਰਿਆ ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਦਿਨ ਹੁਣ ਪੰਜਾਬ ‘ਚੋਂ ਖਤਮ ਹੋ ਗਏ ਹਨ ਅਤੇ ਹੁਣ ਜੋ ਪਾਰਲੀਮੈਂਟ ਦੀਆਂ ਚੋਣਾਂ 7-8 ਮਹੀਨਿਆਂ ਬਾਅਦ ਹੋਣੀਆਂ ਹਨ, ‘ਚ ਸ਼੍ਰੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ‘ਤੇ ਵੱਡੀ ਜਿੱਤ ਪ੍ਰਾਪਤ ਅਕਾਲੀਆਂ ਵੱਲੋਂ… ਕਰੇਗਾ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਝੂਠਾਂ ਦਾ ਪੁਲੰਦਾ ਹੈ, ਇਸਨੇ ਜੋ ਵਾਅਦੇ ਲੋਕਾਂ ਦੇ ਨਾਲ ਕੀਤੇ ਸਨ, ਉਹਨਾਂ ‘ਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ‘ਚ ਹੁਣ ਤੱਕ ਜੋ ਵਿਕਾਸ ਕਾਰਜ ਹੋਏ ਹਨ, ਉਹ ਤਦ ਹੀ ਹੋਏ ਹਨ ਜਦ ਸੂਬੇ ‘ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਉਹਨਾਂ ਕਿਹਾ ਕਿ 6 ਹਜ਼ਾਰ ਕਰੋੜ ਰੁਪਏ ਕਿਸਾਨਾਂ ਨੂੰ ਟਿਊਬਵੈਲਾਂ ਦੀਆਂ ਮੋਟਰਾਂ ਵਾਲੀ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਂਦੇ ਸਨ, ਲਗਭਗ 50 ਲੱਖ ਪਰਿਵਾਰਾਂ ਨੂੰ ਆਟਾ-ਦਾਲ ਮਿਲਦਾ ਸੀ, ਬੁਢਾਪਾ, ਵਿਧਵਾ ਤੇ ਅੰਗਹੀਣਾਂ ਨੂੰ ਹਰ ਮਹੀਨੇ ਪੈਨਸ਼ਨ ਮਿਲਦੀ ਸੀ ਜਦਕਿ ਗਰੀਬ ਲੜਕੀਆਂ ਨੂੰ ਵਿਆਹ ਸਮੇਂ 15 ਹਜ਼ਾਰ ਰੁਪਏ ਸ਼ਗਨ ਸਕੀਮ ਦਿੱਤੀ ਜਾਂਦੀ ਸੀ। ਗਰੀਬਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਮਿਲਦੀ ਸੀ ਪਰੰਤੂ ਹੁਣ ਸਭ ਕੁਝ ਠੱਪ ਹੋ ਕੇ ਰਹਿ ਗਿਆ ਹੈ।
ਇਹ ਵੀ ਪੜ੍ਹੋ : ਸਾਧ-ਸੰਗਤ ਨੇ ਲੰਦਨ ’ਚ ਵਾਤਾਵਰਨ ਦਿਵਸ ਮੌਕੇ ਚਲਾਇਆ ਸਫਾਈ ਤੇ ਰੁੱਖ ਲਾਓ ਅਭਿਆਨ
ਅਜੇ ਸਰਕਾਰ ਨੂੰ ਬਣੇ 10 ਮਹੀਨੇ ਹੀ ਹੋਏ ਹਨ ਪਰ ਪੈਨਸ਼ਨਾਂ ਵੀ ਬੰਦ ਹਨ, ਸ਼ਗਨ ਸਕੀਮ ਵੀ ਬੰਦ ਪਈ ਹੈ, ਆਟਾ ਦਾਲ ਸਕੀਮ ਵੀ ਬੰਦ ਹੈ। ਵਿਕਾਸ ਲਈ ਗਰਾਂਟਾਂ ਵੀ ਬੰਦ ਹਨ। ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਘਰ-ਘਰ ਜਾ ਕੇ ਕਰਜ਼ੇ ਮੁਆਫ਼ ਦੇ ਫਾਰਮ ਭਰੇ ਸਨ, ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਫਾਰਮ ਭਰੇ ਗਏ ਸਨ। ਪੈਨਸ਼ਨਾਂ 2500 ਰੁਪਏ ਕਰਨ ਬਾਰੇ ਕਿਹਾ ਗਿਆ ਸੀ ਪਰੰਤੂ ਸਿਰਫ਼ 5 ਪ੍ਰਤੀਸ਼ਤ ਕਿਸਾਨਾਂ ਦੇ ਕਰਜ਼ੇ ਹੀ ਮੁਆਫ਼ ਵਾਲੀਆਂ ਲਿਸਟਾਂ ਨੂੰ ਭੇਜ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ ਜਦਕਿ ਮਜ਼ਦੂਰਾਂ ਦਾ ਤਾਂ ਕਿਤੇ ਨਾਂਅ ਵੀ ਨਹੀਂ ਲਿਆ।
ਨੌਜਵਾਨਾਂ ਨੂੰ ਨੌਕਰੀਆਂ ਤਾਂ ਕੀ ਦੇਣੀਆਂ ਸਨ ਬਲਕਿ ਬਠਿੰਡਾ ਤੇ ਹੋਰ ਥਰਮਲ ਪਲਾਂਟ ਬੰਦ ਕਰਕੇ ਰੁਜ਼ਗਾਰ ਖੋਹ ਲਿਆ ਗਿਆ ਹੈ। ਇੱਥੇ ਬੱਸ ਨਹੀਂ 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਤੇ ਟੋਪੀ ਵਾਲੇ ਇਕਜੁੱਟ ਹੋ ਗਏ ਸਨ ਅਤੇ ਲੋਕ ਇਹਨਾਂ ਦੇ ਝੂਠੇ ਲਾਰਿਆਂ ਦਾ ਸ਼ਿਕਾਰ ਹੋ ਗਏ ਅਤੇ ਸਾਰਾ ਕੁਝ ਲੁੱਟ ਗਿਆ।
ਜੋੜ ਮੇਲਿਆਂ ‘ਤੇ ਸਿਆਸੀ ਕਾਨਫਰੰਸ ਨਾ ਕੀਤੇ ਜਾਣ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਜੇਕਰ ਰਾਜ ਹੈ ਤਾਂ ਸੇਵਾ ਫਿਰ ਹੀ ਹੋ ਸਕਦੀ ਹੈ ਜਦਕਿ ਕੁਝ ਲੋਕ ਕਾਨਫਰੰਸ ਦਾ ਵਿਰੋਧ ਕਰ ਰਹੇ ਹਨ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਹੋਰ ਆਗੂਆਂ ਨੇ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਜਨ ਵਿਰੋਧੀ ਪਾਰਟੀਆਂ ਦੱਸਿਆ। ਕਾਨਫਰੰਸ ਦੌਰਾਨ ਸਟੇਜ਼ ਦੀ ਕਾਰਵਾਈ ਵਿਧਾਇਕ ਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਚਲਾਈ।
ਪ੍ਰਕਾਸ਼ ਸਿੰਘ ਬਾਦਲ ਨਹੀਂ ਪਹੁੰਚੇ ਕਾਨਫਰੰਸ ‘ਚ
ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ ‘ਚ ਮਾਘੀ ਮੇਲੇ ਦੀ ਕਾਨਫਰੰਸ ‘ਚ ਨਹੀਂ ਪਹੁੰਚੇ। ਅਕਾਲੀ ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਦਾ ਨਾ ਆਉਣਾ, ਉਹਨਾਂ ਦੀ ਸਿਹਤ ਠੀਕ ਨਾ ਹੋਣ ਬਾਰੇ ਕਿਹਾ ਜਾ ਰਿਹਾ ਸੀ।
ਕਾਂਗਰਸ ‘ਤੇ ਵਰ੍ਹੇ ਵਿਜੈ ਸਾਂਪਲਾ
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ‘ਚ ਕਾਂਗਰਸੀ ਗੁੰਡਿਆਂ ਵਾਲੀ ਭਾਸ਼ਾ ਬੋਲਦੇ ਹਨ ਤੇ ਲੋਕਾਂ ‘ਤੇ ਜ਼ੁਲਮ ਕਰਦੇ ਹਨ। ਉਹਨਾਂ ਕਿਹਾ ਕਿ ਦੇਸ਼ ਭਰ ‘ਚ ਸਭ ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀ ਪੰਜਾਬ ‘ਚ ਕਰ ਰਹੇ ਹਨ, ਜਿਸਦੇ ਲਈ ਕਾਂਗਰਸ ਦੀ ਕੈਪਟਨ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਦੇ ਕੋਲ ਵੀ ਕੋਈ ਵਧੀਆ ਕਵਾਲਟੀ ਨਹੀਂ ਹੈ ਜਿਸ ਕਾਰਨ ਪੰਜਾਬ ‘ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਦਿਖਾਈ ਦੇ ਰਹੀ।