ਹਾਕਮ ਸਿੰਘ ਦਾ ਹਾਲ ਜਾਣਨ ਹਸਪਤਾਲ ਪੁੱਜਾ ਪ੍ਰਸ਼ਾਸਨ

Hospital, Reached, Hakkam Singh

ਡੀਸੀ ਵੱਲੋਂ 20 ਹਜ਼ਾਰ ਰੁਪਏ ਮਾਲੀ ਮਦਦ ਤੇ ਦਵਾਈਆਂ ਦੇ ਖਰਚੇ ਦਾ ਭਾਰ ਚੁੱਕਿਆ

  • ਹੋਰ ਸਹਾਇਤਾ ਲਈ ਪੀੜਤ ਹਾਕਮ ਸਿੰਘ ਦੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਵੀ ਭੇਜੀ ਜਾ ਰਹੀ ਹੈ : ਡੀਸੀ

ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਏਸ਼ੀਅਨ ਚੈਂਪੀਅਨ ਹਾਕਮ ਸਿੰਘ ਭੱਠਲਾਂ ਪ੍ਰਤੀ ਸਰਕਾਰੀ ਬੇਰੁਖ਼ੀ ਵਾਲੀਆਂ ਖ਼ਬਰਾਂ ਲੱਗਣ ਤੋਂ ਬਾਅਦ ਸਰਕਾਰ ਦੇ ਆਦੇਸ਼ਾਂ ਉਪਰੰਤ ਬਰਨਾਲਾ ਪ੍ਰਸ਼ਾਸਨ ਉਸ ਦੀ ਸੁਧ ਲੈਣ ਸੰਗਰੂਰ ਪੁੱਜ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਅਤੇ ਐਸ.ਡੀ.ਐਮ. ਸੰਦੀਪ ਕੁਮਾਰ ਅੱਜ ਸੁਵੱਖਤੇ ਹੀ ਸੰਗਰੂਰ ਸਥਿਤ ਪ੍ਰਾਈਵੇਟ ਹਸਪਤਾਲ ਵਿਖੇ ਚਲੇ ਗਏ, ਜਿਥੇ ਐਥਲੀਟ ਹਾਕਮ ਸਿੰਘ ਜ਼ੇਰੇ-ਇਲਾਜ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜਿਗਰ ਦੀ ਬਿਮਾਰੀ ਤੋਂ ਪੀੜਤ ਹਾਕਮ ਸਿੰਘ ਦੀ ਧਰਮਪਤਨੀ ਬੇਅੰਤ ਕੌਰ ਤੇ ਬਾਕੀ ਪਰਿਵਾਰ ਨਾਲ ਉਸਦਾ ਹਾਲ-ਚਾਲ ਜਾਣਿਆ ਅਤੇ ਦਵਾਈਆਂ ਦਾ ਸਾਰਾ ਖਰਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣੇ ਜ਼ਿਲ੍ਹਾ ਸੈਨਿਕ ਬੋਰਡ ਬਰਨਾਲਾ ਵੱਲੋਂ ਫਲੈਗ ‘ਡੇ ਫੰਡ ‘ਚੋਂ 20 ਹਜ਼ਾਰ ਰੁਪਏ ਦੀ ਮਾਲੀ ਮਦਦ ਦਾ ਚੈੱਕ ਵੀ ਭੇਂਟ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵੀ ਹਾਜ਼ਰ ਸਨ।

ਪੀੜਤ ਹਾਕਮ ਸਿੰਘ ਦੀ ਮੌਜੂਦਾ ਹਾਲਤ ਦੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਵੀ ਭੇਜੀ ਜਾ ਰਹੀ ਹੈ ਤਾਂ ਜੋ ਵੱਡੇ ਪੱਧਰ ‘ਤੇ ਉਨ੍ਹਾਂ ਦੀ ਮਦਦ ਹੋ ਸਕੇ। ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹਾਕਮ ਸਿੰਘ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਫੌਰੀ ਰਾਹਤ ਲਈ ਉਸਦੀਆਂ ਦਵਾਈਆਂ ਦਾ ਸਾਰਾ ਖਰਚਾ ਰੈੱਡ ਕਰਾਸ ਸੁਸਾਇਟੀ ਬਰਨਾਲਾ ਦੇ ਖਾਤੇ ‘ਚੋਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਾਵਧਾਨ! ਟੈਟੂ ਬਣਵਾਉਣ ਨਾਲ ਹੋ ਸਕਦੈ ਕੈਂਸਰ

ਉਨ੍ਹਾਂ ਦੱਸਿਆ ਕਿ ਡਾਕਟਰਾਂ ਨਾਲ ਹੋਈ ਗੱਲਬਾਤ ਤੋਂ ਪਤਾ ਚੱਲਿਆ ਹੈ ਕਿ ਹਾਕਮ ਸਿੰਘ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੇ ਦੱਸਣ ਮੁਤਾਬਕ ਹਾਕਮ ਸਿੰਘ ਦੇ ਜਿਗਰ ‘ਚ ਨੁਕਸ ਹੋਣ ਕਰਕੇ ਉਨ੍ਹਾਂ ਦੇ ਸਾਰੇ ਸਰੀਰ ‘ਚ ਜ਼ਹਿਰੀ-ਮਾਦਾ (ਇੰਫ਼ੈਕਸ਼ਨ) ਵਧੀ ਹੋਈ ਹੈ, ਜਿਸਨੂੰ ਠੀਕ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। (Hakem Singh)

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਕਮ ਸਿੰਘ ਦੀਆਂ ਪ੍ਰਾਪਤੀਆਂ ਹਰ ਪੱਧਰ ‘ਤੇ ਸ਼ਲਾਘਾਯੋਗ ਹਨ ਅਤੇ ਇਸੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੀ ਮਦਦ ਲਈ ਨਿੱਜੀ ਦਿਲਚਸਪੀ ਲੈ ਰਹੇ ਹਨ। ਪੀੜਤ ਹਾਕਮ ਸਿੰਘ ਦੀ ਮੌਜੂਦਾ ਹਾਲਤ ਦੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਵੀ ਭੇਜੀ ਜਾ ਰਹੀ ਹੈ ਤਾਂ ਜੋ ਵੱਡੇ ਪੱਧਰ ‘ਤੇ ਉਨ੍ਹਾਂ ਦੀ ਮਦਦ ਹੋ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਸਹੀ ਇਲਾਜ ਲਈ ਮਾਹਰ ਡਾਕਟਰਾਂ ਦੀ ਵੀ ਮਦਦ ਲਈ ਜਾਵੇਗੀ। (Hakem Singh)

ਉਨ੍ਹਾਂ ਦੀ ਸਲਾਹ ਅਨੁਸਾਰ ਜੇਕਰ ਹਾਕਮ ਸਿੰਘ ਨੂੰ ਪੀ.ਜੀ.ਆਈ. ਚੰਡੀਗੜ੍ਹ ਜਾਂ ਕਿਸੇ ਹੋਰ ਸਿਹਤ ਸੰਸਥਾ ‘ਚ ਤਬਦੀਲ ਕਰਨ ਦੀ ਲੋੜ ਪਈ ਤਾਂ ਇਹ ਬਿਨਾਂ ਕਿਸੇ ਦੇਰੀ ਤੋਂ ਅਮਲ ‘ਚ ਲਿਆਂਦਾ ਜਾਵੇਗਾ। ਸ੍ਰੀ ਗੁਪਤਾ ਨੇ ਇਹ ਵੀ ਦੱਸਿਆ ਕਿ ਇਸਦੇ ਨਾਲ ਹੀ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਵੱਲੋਂ ਵੀ ਉਨ੍ਹਾਂ ਦੀ ਮਦਦ ਲਈ ਸਾਈ ਦੇ ਮਸਤੂਆਣਾ ਸਥਿਤ ਸੈਂਟਰ ਦੇ ਇੰਚਾਰਜ ਮਨਜੀਤ ਸਿੰਘ ਦੀ ਡਿਊਟੀ ਲਗਾਈ ਗਈ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਭੱਠਲਾਂ ਦੇ ਵਸਨੀਕ ਹਾਕਮ ਸਿੰਘ ਨੇ ਫੌਜ ‘ਚ ਹੌਲਦਾਰ ਹੁੰਦਿਆਂ 1978 ਅਤੇ 1979 ‘ਚ ਬੈਂਕਾਕ ਤੇ ਟੋਕੀਓ ਏਸ਼ੀਅਨ ਖੇਡਾਂ ‘ਚ 20 ਕਿਲੋਮੀਟਰ ਪੈਦਲ ਦੌੜ ‘ਚ ਸੋਨੇ ਦਾ ਤਮਗੇ ਜਿੱਤ ਕੇ ਦੇਸ਼ ਦੀ ਝੋਲੀ ਪਾਏ ਸੀ। ਇਸ ਤੋਂ ਬਾਅਦ 1981 ‘ਚ ਹੋਏ ਇੱਕ ਘਾਤਕ ਹਾਦਸੇ ਕਾਰਨ ਉਨ੍ਹਾਂ ਨੂੰ ਆਪਣੀ ਖੇਡ ਛੱਡਣੀ ਪਈ ਸੀ ਤੇ 1987 ‘ਚ ਫੌਜ ‘ਚੋਂ ਬਿਨਾਂ ਕਿਸੇ ਭੱਤੇ ਜਾਂ ਲਾਭ ਦੇ ਰਿਟਾਇਰਮੈਂਟ ਲੈਣੀ ਪਈ। ਇਸ ਤੋਂ ਬਾਅਦ ਉਨ੍ਹਾਂ ਪੰਜਾਬ ਪੁਲਿਸ ‘ਚ ਬਤੌਰ ਅਥਲੈਟਿਕਸ ਕੋਚ ਨੌਕਰੀ ਕੀਤੀ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੇ ਫਾਇਦਿਆਂ ਲਈ ਕੀਤਾ ਗਿਆ ਕੇਸ ਵੀ ਜਿੱਤ ਲਿਆ ਹੈ।