ਗੁੜਗਾਓਂ (ਏਜੰਸੀ)। ਜੁਵੇਨਾਈਲ ਜਸਟਿਸ ਬੋਰਡ ਨੇ ਪ੍ਰਦੁਮਣ ਕਤਲ ਕਾਂਡ ਵਿੱਚ ਫੈਸਲਾ ਦਿੰਦਿਆਂ ਆਖਿਆ ਹੈ ਕਿ ਪ੍ਰਦੁਮਣ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨਾਬਾਲਗ ਮੁਲਜ਼ਮ ‘ਤੇ ਬਾਲਗ ਵਾਂਗ ਮੁਕੱਦਮਾ ਚਲਾਇਆ ਜਾਵੇਗਾ। ਸੱਤ ਸਾਲ ਦੇ ਪ੍ਰਦੁਮਣ ਠਾਕੁਰ ਦਾ ਕਤਲ ਅੱਠ ਸਤੰਬਰ ਨੂੰ ਹੋਇਆ ਸੀ। ਉਸ ਦੀ ਲਾਸ਼ ਗੁੜਗਾਓਂ ਦੇ ਰੇਆਨ ਇੰਟਰਨੈਸ਼ਨਲ ਸਕੂਲ ਦੇ ਪਖਾਨੇ ‘ਚੋਂ ਬਾਹਰੋਂ ਮਿਲੀ ਸੀ। ਦੱਸਣਯੋਗ ਹੈ ਕਿ 11ਵੀਂ ਵਿੱਚ ਪੜ੍ਹਨ ਵਾਲੇ ਇਸ ਮੁਲਜ਼ਮ ਨੂੰ ਸੀਬੀਆਈ ਨੇ ਅੱਠ ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਫੈਸਲੇ ਤੋਂ ਬਾਅਦ ਹੁਣ ਜੁਵੇਨਾਈਲ ਬੋਰਡ ਨੇ ਇਹ ਮਾਮਲਾ ਜ਼ਿਲ੍ਹਾ ਸੈਸ਼ਨ ਅਦਾਲਤ ਨੂੰ ਸੌਂਪ ਦਿੱਤਾ ਹੈ, ਜਿੱਥੇ 22 ਦਸੰਬਰ ਨੂੰ ਪੇਸ਼ੀ ਹੋਵੇਗੀ। (Praduman Murder Case)
ਮੁਲਜ਼ਮ ਵੀ ਉਸੇ ਸਕੂਲ ਦਾ ਵਿਦਿਆਰਥੀ ਹੈ, ਜਿੱਥੇ ਪ੍ਰਦੁਮਣ ਪੜ੍ਹਦਾ ਸੀ। ਸੀਬੀਆਈ ਦਾ ਦਾਅਵਾ ਹੈ ਕਿ ਮੁਲਜ਼ਮ ਨੇ ਪ੍ਰਦੁਮਣ ਦਾ ਕਤਲ ਪ੍ਰੀਖਿਆਵਾਂ ਟਲਵਾਉਣ ਲਈ ਕੀਤਾ ਸੀ। ਜੁਵੇਨਾਈਲ ਜਸਟਿਸ ਕਾਨੂੰਨ ਵਿੱਚ ਬਦਲਾਅ ਤੋਂ ਬਾਅਦ ਇਹ ਪਹਿਲਾ ਮਾਮਲਾ ਹੈ, ਜਿਸ ਵਿੱਚ ਕਿਸੇ ਨਾਬਾਲਗ ਨੂੰ ਘਿਨੌਣੇ ਅਪਰਾਧ ਕਾਰਨ ਬਾਲਗ ਮੰਨ ਕੇ ਮੁਕੱਦਮਾ ਚਲਾਇਆ ਜਾਵੇ। ਜ਼ਿਕਰਯੋਗ ਹੈ ਕਿ ਦਸੰਬਰ 2012 ਵਿੱਚ ਹੋਏ ਨਿਰਭੈਆ ਕਤਲ ਕਾਂਡ ਤੋਂ ਬਾਅਦ ਜੁਵੇਨਾਈਲ ਜਸਟਿਸ ਕਾਨੂੰਨ ਨੂੰ ਸਖ਼ਤ ਕੀਤਾ ਗਿਆ ਸੀ। ਨਵਾਂ ਕਾਨੂੰਨ ਜਨਵਰੀ 2016 ਵਿੱਚ ਲਾਗੂ ਹੋਇਆ। (Praduman Murder Case)