ਪਿਛਲੇ ਮਹੀਨੇ 4 ਜਨਵਰੀ ਨੂੰ ਹੋਈ ਸੀ ਨੌਜਵਾਨ ਦੀ ਮੌਤ
(ਸੁਸ਼ੀਲ ਕੁਮਾਰ) ਭਾਦਸੋਂ। ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ ’ਚ ਲੈ ਕੇ ਬਲਾਕ ਭਾਦਸੋਂ ਦੇ ਪਿੰਡ ਜੱਸੋਮਾਜਰਾ ਦਾ ਨੌਜਵਾਨ ਮਨਪ੍ਰੀਤ ਸਿੰਘ (25 ਸਾਲ) ਪੁੱਤਰ ਗੁਰਦੇਵ ਸਿੰਘ ਜੋ ਕਿ ਪਿਛਲੇ ਦਸੰਬਰ ਮਹੀਨੇ ’ਚ ਦੁਬਈ ਗਿਆ ਸੀ, ਜਿਸ ਦੀ ਉਥੇ 4 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਨਪ੍ਰੀਤ ਸਿੰਘ ਦੀ ਮਿ੍ਰਤਕ ਦੇਹ (Dead Body of Youth) ਅੱਜ ਡਾ. ਐੱਸ.ਪੀ. ਸਿੰਘ ਉਬਰਾਏ ਦੇ ਯਤਨਾਂ ਸਦਕਾ ਪਿੰਡ ਜੱਸੋਮਾਜਰਾ ਵਿਖੇ ਲਿਆਂਦੀ ਗਈ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜੋਰਾ ਸਿੰਘ ਗਿੱਲ, ਪਰਮਜੀਤ ਸਿੰਘ ਸੈਕਟਰੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਅਤੇ ਜੱਸਾ ਸਿੰਘ ਸੰਧੂ ਪ੍ਰਧਾਨ ਟਰੱਸਟ ਪਟਿਆਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੇਰੁਜਗਾਰੀ ਦੇ ਸ਼ਿਕਾਰ ਹੋਏ ਨੌਜਵਾਨ ਧੋਖੇਬਾਜ ਏਜੰਟਾਂ ਦੇ ਝਾਂਸੇ ’ਚ ਫਸਕੇ ਆਪਣੀਆ ਕੀਮਤੀ ਜਿੰਦਗੀਆਂ ਗਵਾ ਰਹੇ ਹਨ।
ਪ੍ਰਧਾਨ ਜੋਰਾ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਏਜੰਟਾਂ ਵੱਲੋਂ ਲੰਮਾਂ ਸਮਾਂ ਲਾਸ਼ ਲਿਆਉਣ ’ਚ ਪਰਿਵਾਰ ਨੂੰ ਟਾਲ ਮਟੋਲ ਤੇ ਖੱਜਲ ਖੁਆਰ ਕੀਤਾ ਗਿਆ ਅਤੇ ਮੋਟੀ ਰਕਮ ਦੀ ਮੰਗ ਕੀਤੀ ਗਈ, ਜਿਸ ਤੋਂ ਥੱਕ ਟੁੱਟ ਕੇ ਪਰਿਵਾਰ ਨੇ ਉੱਘੇ ਸਮਾਜ ਸੇਵੀ ਅਤੇ ਦੁਬਈ ਦੇ ਕਾਰੋਬਰੀ ਡਾ. ਐੱਸ.ਪੀ . ਸਿੰਘ ਉਬਰਾਏ ਵੱਲੋਂ ਚਲਾਏ ਜਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨਾਲ ਸੰਪਰਕ ਕੀਤਾ। ਉਪਰੰਤ ਦੁਬਈ ’ਚ ਸਾਰੀ ਕਾਗਜੀ ਕਾਰਵਾਈ ਕਰਵਾਉਣ ਤੋਂ ਬਾਅਦ ਮਨਪ੍ਰੀਤ ਸਿੰਘ ਦੀ ਮਿ੍ਰਤਕ ਦੇਹ ਭਾਰਤ ਲਿਆਂਦੀ ਗਈ। ਜਿਸ ਦਾ ਪਿੰਡ ਦੇ ਸਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਅਮਰੀਸ਼ ਸਿੰਘ, ਨਿਰਮਲ ਸਿੰਘ ਭੋਲਾ ਸਾ. ਸਰਪੰਚ ਨੇ ਟਰੱਸਟ ਦੇ ਸਮੂਹ ਨੁਮਾਇੰਦਿਆਂ ਦਾ ਪਰਿਵਾਰ ਦੀ ਮੱਦਦ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ ਦਾ ਪਿਤਾ ਗੁਰਦੇਵ ਸਿੰਘ, ਭਰਾ ਗੁਰਬਚਨ ਸਿੰਘ ਤੋਂ ਇਲਾਵਾ ਨਗਰ ਨਿਵਾਸੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ