(ਮੇਵਾ ਸਿੰਘ) ਖੂਈਆਂ ਸਰਵਰ/ਅਬੋਹਰ। Fire Accident: ਅਬੋਹਰ ਦੇ ਪਿੰਡ ਖੂਈਆਂ ਸਰਵਰ ’ਚ ਬੀਤੀ ਦੇਰ ਰਾਤ ਸ਼ੱਕੀ ਤੌਰ ’ਤੇ ਇੱਕ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਖੂਈਆਂ ਸਰਵਰ ਨਿਵਾਸੀ ਵਿਨੇਸ ਕੁਮਾਰ ਦਾ ਕਬਾੜ ਦਾ ਇੱਕ ਵੱਡਾ ਗੋਦਾਮ ਪਿੰਡ ਵਿੱਚ ਹੀ ਬਣਿਆ ਹੋਇਆ ਹੈ, ਬੀਤੀ ਰਾਤ ਉਹ ਕਿਸੇ ਕੰਮ ਅਬੋਹਰ ਗਿਆ ਹੋਇਆ ਸੀ ਤੇ ਰਾਤ ਦੇ ਕਰੀਬ 11 ਵਜੇ ਉਸ ਨੂੰ ਪਿੰਡ ਤੋਂ ਸੁੂਚਨਾ ਮਿਲੀ ਕਿ ਉਸ ਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ।
ਇਹ ਵੀ ਪੜ੍ਹੋ: Sunam Road Accident: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਹੁਣ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ …
ਸੂਚਨਾ ਮਿਲਦੇ ਸਾਰ ਹੀ ਉਹ ਅਬੋਹਰ ਦੇ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਨੂੰ ਨਾਲ ਲੈ ਕੇ ਆਪਣੇ ਪਿੰਡ ਪਹੁੰਚਿਆ ਤਾਂ ਦੇਖਿਆ ਕਿ ਗੋਦਾਮ ਵਿੱਚ ਕਬਾੜ ਦਾ ਸਮਾਨ ਬੁਰੀ ਤਰ੍ਹਾਂ ਨਾਲ ਸੜ ਰਿਹਾ ਸੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ ਪਰ ਗੋਦਾਮ ਵਿੱਚ ਰੱਦੀ, ਪਲਾਸਟਿਕ ਤੇ ਹੋਰ ਬਲਣਸ਼ੀਲ ਪਦਾਰਥ ਹੋਣ ਕਰਕੇ ਅੱਗ ਭਿਆਨਕ ਰੂਪ ਧਾਰਨ ਕਰ ਗਈ, ਜਿਸ ਕਰਕੇ ਸ਼ਹਿਰ ਤੋਂ ਹੋਰ ਵੀ ਗੱਡੀਆਂ ਅੱਗ ਬੁਝਾਉਣ ਲਈ ਮੰਗਵਾਉਣੀਆਂ ਪਈਆਂ ਅਤੇ ਪਿੰਡ ਦੇ ਲੋਕ ਵੀ ਅੱਗ ਨੂੰ ਬਝਾਉਣ ਲਈ ਸਾਰੀ ਰਾਤ ਜੁਟੇ ਰਹੇ।
ਅੱਗ ਲੱਗਣ ਕਾਰਨ ਉਸ ਦਾ ਕਰੀਬ 17 ਲੱਖ ਰੁਪਏ ਦਾ ਨੁਕਸਾਨ
ਸਵੇਰ ਤੱਕ ਅੱਗ ’ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਜਾ ਸਕਿਆ। ਵਿਨੇਸ ਕੁਮਾਰ ਨੇ ਦੱਸਿਆ ਕਿ ਗੋਦਾਮ ਵਿੱਚ ਅੱਗ ਲੱਗਣ ਕਾਰਨ ਉਸ ਦਾ ਕਰੀਬ 17 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਗੋਦਾਮ ਮਾਲਕ ਵਿਨੇਸ ਕੁਮਾਰ ਪੁੱਤਰ ਖਰੈਤ ਲਾਲ ਅਤੇ ਹੋਰ ਦੁਕਾਨਦਾਰਾਂ ਨੇ ਨਿਗਮ ਕਮਿਸ਼ਨਰ ਅਬੋਹਰ ਨੂੰ ਇੱਕ ਸ਼ਿਕਾਇਤ ਭੇਜਦੇ ਹੋਏ ਕਿਹਾ ਕਿ ਉਸਦੇ ਗੋਦਾਮ ਵਿੱਚ ਅੱਗ ਕਿਸੇ ਸ਼ਰਾਰਤੀ ਅਨਸਰ ਦੁਆਰਾ ਲਾਈ ਗਈ ਹੈ। ਕਿਉਂਕਿ ਆਪਣੇ-ਆਪ ਗੋਦਾਮ ਵਿੱਚ ਅੱਗ ਲੱਗਣ ਦਾ ਸੁਆਲ ਹੀ ਪੈਦਾ ਨਹੀਂ ਹੰਦਾ, ਕਿਉਂਕਿ ਦਿਨ ਦੇ ਸਮੇਂ ਪਿੰਡ ਵਿੱਚ ਕਾਫੀ ਬਾਰਸ਼ ਹੋਈ ਸੀ।
ਉਧਰ ਬਜਰੰਗ ਦਲ ਹਿੰਦੁਸਤਾਨ ਦੇ ਨੁਮਾਇੰਦੇ ਕੁਲਦੀਪ ਸੋਨੀ ਨੇ ਵੀ ਇਸ ਅੱਗ ਲੱਗਣ ਦੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਵੀ ਸ਼ਰਾਰਤੀ ਅਨਸਰ ਨੇ ਇਸ ਅੱਗ ਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਬ ਤਹਿਸੀਲ ਖੂਈਆਂ ਸਰਵਰ ਵਿੱਚ ਇੱਕ ਫਾਇਰ ਬ੍ਰਿਗੇਡ ਗੱਡੀ ਪੱਕੇ ਤੌਰ ’ਤੇ ਉਪਲੱਬਧ ਕਰਵਾਵੇ। Fire Accident