ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤਾ ਫੈਸਲਾ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੀ ਆਨਲਾਈਨ ਮੀਟਿੰਗ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਵਿਚਾਰ ਪੇਸ਼ ਕਰਦਿਆਂ ਜੱਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ , ਜਨਰਲ ਸਕੱਤਰ ਬਲਕਾਰ ਵਲਟੋਹਾ , ਵਿੱਤ ਸਕੱਤਰ ਨਵੀਨ ਸੱਚਦੇਵਾ , ਐਡੀਸ਼ਨਲ ਜਨਰਲ ਸਕੱਤਰ ਬਾਜ ਸਿੰਘ ਭੁੱਲਰ ਅਤੇ ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਸ. ਚਰਨਜੀਤ ਸਿੰਘ ਚੰਨੀ ਨੇ 3 ਅਕਤੂਬਰ ਨੂੰ ਪੰਜਾਬ ਯੂ. ਟੀ .ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਆਗੂਆਂ ਨਾਲ ਕੀਤੇ ਗਏ ਅਪਮਾਨਜਨਕ ਤੇ ਨਿੰਦਣਯੋਗ ਵਿਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ।
ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਗਏ ਅਪਮਾਨਜਨਕ ਵਿਹਾਰ ਦਾ ਢੁੱਕਵਾਂ ਉੱਤਰ ਦੇਣ ਲਈ 16 ਅਕਤੂਬਰ ਨੂੰ ਮੋਰਿੰਡਾ ਵਿਖੇ ਵਿਸ਼ਾਲ ਸੂਬਾਈ ਰੈਲੀ ਕੀਤੀ ਜਾ ਰਹੀ ਹੈ ਅਤੇ ਮੋਰਿੰਡਾ ਸ਼ਹਿਰ ਵਿੱਚ ਪੱਕਾ ਮੋਰਚਾ ਲਾਉਣ ਦੇ ਕੀਤੇ ਗਏ ਫੈਸਲੇ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ । ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨਾਲ ਜੁੜੇ ਅਧਿਆਪਕ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ 16 ਅਕਤੂਬਰ ਨੂੰ ਮੋਰਿੰਡਾ ਰੈਲੀ ਅਤੇ ਇਸ ਉਪਰੰਤ ਲਗਾਏ ਜਾ ਰਹੇ ਪੱਕੇ ਮੋਰਚੇ ਵਿੱਚ ਭਰਵੀਂ ਸ਼ਮੂਲੀਅਤ ਕਰਨਗੇ ।
16 ਅਕਤੂਬਰ ਨੂੰ ਮੋਰਿੰਡਾ ਵਿਖੇ ਵਿਸ਼ਾਲ ਸੂਬਾਈ ਰੈਲੀ
ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਵੱਲੋੰ ਪੈਦਾ ਕੀਤੀਆਂ ਗਈਆਂ ਤਰੁਟੀਆਂ ਤਰੁੰਤ ਦੂਰ ਕੀਤੀਆਂ ਜਾਣ , ਅਧਿਆਪਕਾਂ ਦੇ ਵੱਖ ਵੱਖ ਵਰਗਾਂ ਨੂੰ ਮਹੀਨਾ ਅਕਤੂਬਰ 2011 ਅਤੇ ਮਹੀਨਾ ਦਸੰਬਰ 2011 ਤੋਂ ਮਿਲੇ ਲਾਭ ਬਰਕਰਾਰ ਰੱਖ ਕੇ 1 ਜਨਵਰੀ 2016 ਨੂੰ ਤਨਖ਼ਾਹ ਫਿਕਸ਼ੇਸ਼ਣ ਕੀਤੀ ਜਾਵੇ , 1 ਜਨਵਰੀ 2016 ਤੋੰ 30 ਜੂਨ 2021 ਤੱਕ ਦੇ ਸੋਧੇ ਤਨਖਾਹ ਸਕੇਲਾਂ ਅਤੇ ਮਹਿੰਗਾਈ ਭੱਤੇ ਦੀਆਂ ਸੋਧੀਆਂ ਦਰਾਂ ਅਨੁਸਾਰ ਬਣਦਾ ਸਾਰਾ ਬਕਾਇਆ ਤੁਰੰਤ ਦਿੱਤਾ ਜਾਵੇ , ਡੀ.ਏ ਦੀ ਕਿਸ਼ਤ ਕੇਂਦਰ ਸਰਕਾਰ ਦੇ ਪੈਟਰਨ ਅਨੁਸਾਰ 28 ਫੀਸਦੀ ਦੀਵਾਲੀ ਤੋਂ ਪਹਿਲਾਂ ਦਿੱਤੀ ਜਾਵੇ , ਜਨਵਰੀ 2004 ਤੂੰ ਭਰਤੀ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ ਅਤੇ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਮੰਗ ਪੱਤਰ ਵਿਚ ਦਰਜ ਸਾਰੀਆਂ ਮੰਗਾਂ ਤੁਰੰਤ ਪ੍ਰਵਾਨ ਕਰਕੇ ਲਾਗੂ ਕੀਤੀਆਂ ਜਾਣ ।
ਇਸ ਮੌਕੇ ‘ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਗੁਰਪ੍ਰੀਤ ਮਾਡ਼ੀ ਮੇਘਾ , ਪ੍ਰਵੀਨ ਕੁਮਾਰ ਲੁਧਿਆਣਾ , ਕਾਰਜ ਸਿੰਘ ਕੈਰੋਂ , ਬਲਜਿੰਦਰ ਸਿੰਘ ਵਡਾਲੀ , ਸੁਖਜਿੰਦਰ ਸਿੰਘ ਖਾਨਪੁਰ ਗਿਆ , ਸ਼ਿੰਦਰਪਾਲ ਸਿੰਘ ਢਿੱਲੋਂ , ਪਰਮਿੰਦਰ ਸਿੰਘ ਸੋਢੀ ,ਮੇਘਇੰਦਰ ਸਿੰਘ ਬਰਾੜ , ਜਸਪਾਲ ਸੰਧੂ , ਜਗਦੀਸ਼ ਰਾਏ ਰਾਹੋਂ , ਜੀਵਨ ਲਾਲ ਨਵਾਂਸ਼ਹਿਰ ,ਮਨਦੀਪ ਸਰਥਲੀ ਰੋਪੜ ਤੇ ਹਰਕਮਲ ਸਿੰਘ ਸੰਧੂ ਆਦਿ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ