ਨਵੇਂ ਬਣੇ ਸਿੱਖਿਆ ਮੰਤਰੀ ਨੂੰ ਮਾਮਲੇ ‘ਚ ਦਖਲ ਦੇਣ ਦੀ ਕੀਤੀ ਅਪੀਲ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਅਧਿਆਪਕ ਯੂਨੀਅਨ ਨੇ ਸਿੱਖਿਆ ਸਕੱਤਰ ‘ਤੇ ਨਵੇਂ ਪੱਕੇ ਹੋਏ ਅਧਿਕਆਪਕਾਂ ਨਾਲ ਧੱਕਾ ਕਰਨ ਦਾ ਦੋਸ਼ ਲਾਇਆ ਹੈ ਐੱਸਐੱਸਏ/ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ ਨੇ ਕਿਹਾ ਕਿ ਜਦੋਂ ਸਿੱਖਿਆ ਸਕੱਤਰ ਨੂੰ ਆਪਣਾ 94 ਫੀਸਦੀ ਅੰਕੜਾ ਪੂਰਾ ਕਰਨਾ ਸੀ ਤਾਂ ਉਹ ਪਹਿਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਦੇ ਸਟੇਸ਼ਨਾਂ ‘ਤੇ ਵੀ ਆਪਸ਼ਨ ਦੇਣ ਵਾਲੇ ਅਧਿਆਪਕਾਂ ਨੂੰ ਜੁਆਇਨ ਕਰਵਾ ਰਿਹਾ ਸੀ ਤੇ ਉਸ ਦੀ ਨੀਤੀ ਦਾ ਵਿਰੋਧ ਕਰਨ ਵਾਲੇ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਦਿਖਾ ਕੇ ਦੂਰ ਦੁਰਾਡੇ ਦੇ ਖੇਤਰਾਂ ‘ਚ ਇਨ੍ਹਾਂ ਤੇ ਇਹਨਾਂ ਦੇ ਸਮਰੱਥਕ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਸਨ।
ਹੁਣ ਜਦੋਂ ਸਿੱਖਿਆ ਸਕੱਤਰ ਦਾ ਹਿੱਤ ਪੂਰਾ ਹੋ ਚੁੱਕਿਆ ਹੈ ਤਾਂ ਉਹ ਖਾਲੀ ਪਏ ਸਟੇਸ਼ਨਾਂ ‘ਤੇ ਵੀ ਅਧਿਆਪਕਾਂ ਨੂੰ ਆਰਡਰ ਨਾ ਦੇ ਕੇ ਆਪਣਾ ਤੇ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਕਰ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਭਰਤ ਕੁਮਾਰ ਤੇ ਜਨਰਲ ਸਕੱਤਰ ਹਰਵਿੰਦਰ ਰੱਖੜਾ ਨੇ ਕਿਹਾ ਕਿ ਲੰਮੇ ਸੰਘਰਸ਼ ਤੋਂ ਬਾਅਦ 6 ਮਾਰਚ 2019 ਨੂੰ ਸਰਕਾਰ ਵੱਲੋਂ 8886 ਅਧਿਆਪਕਾਂ ਦਾ ਪਰਖ ਕਾਲ ਇੱਕ ਸਾਲ ਘੱਟ ਕੀਤੇ ਜਾਣ ਤੇ ਤਨਖਾਹ ਕਟੌਤੀ ਦਾ ਮੁੱਦਾ ਰੀਵਿਊ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਜਥੇਬੰਦਕ ਫ਼ੈਸਲੇ ਤਹਿਤ ਰੈਗੂਲਰ ਦੀ ਆਪਸ਼ਨ ਕਲਿੱਕ ਕਰਨ ਵਾਲੇ ਪ੍ਰਾਇਮਰੀ ਅਧਿਆਪਕਾਂ ‘ਚੋਂ ਜਿਹੜੇ ਅਧਿਆਪਕਾਂ ਨੇ ਵਿਭਾਗ ਦੀ ਨੀਤੀ ਅਨੁਸਾਰ ਮਨਪਸੰਦ ਦੇ ਸਟੇਸ਼ਨ ਭਰੇ ਸਨ ਉਨ੍ਹਾਂ ਨੂੰ ਉਹ ਸਟੇਸ਼ਨ ਨਾ ਦੇ ਕੇ ਮੌਜੂਦਾ ਸਟੇਸ਼ਨਾਂ ਦੇ ਹੀ ਆਰਡਰ ਜਾਰੀ ਕੀਤੇ
ਗਏ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਅੱਪਰ ਪ੍ਰਾਇਮਰੀ ਅਧਿਆਪਕਾਂ ਨੂੰ ਵੀ ਮਨਪਸੰਦ ਸਟੇਸ਼ਨ ਨਾ ਦੇ ਕੇ ਮੌਜੂਦਾ ਸਟੇਸ਼ਨ ਹੀ ਦਿੱਤੇ ਜਾਣਗੇ। ਉਨ੍ਹਾਂ ਨਵੇਂ ਬਣੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਧਾਰਨ ਕੀਤੇ ਅਜਿਹੇ ਦੋਗਲੇ ਰਵੱਈਏ ਨੂੰ ਨੱਥ ਪਾ ਕੇ ਅਧਿਆਪਕਾਂ ਨੂੰ ਉਹਨਾਂ ਦੁਆਰਾ ਮੰਗੇ ਗਏ ਸਟੇਸ਼ਨਾਂ ‘ਤੇ ਹੀ ਜੁਆਇਨ ਕਰਵਾਇਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਿੱਖਿਆ ਮੰਤਰੀ ਆਪਣੇ ਕਾਰਜਕਾਲ ਦੇ ਸ਼ੁਰੂ ‘ਚ ਹੀ ਅਧਿਆਪਕ ਵਰਗ ਦੇ ਰੋਹ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।