ਅਜਿਹੇ ਅਧਿਆਪਕਾਂ ਦਾ ਅਧਿਆਪਕ ਸੰਘਰਸ਼ ਕਮੇਟੀ ਨੇ ਕੀਤਾ ਤਹਿ ਦਿਲੋਂ ਧੰਨਵਾਦ
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ) ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਕਾਰਨ ਅੱਜ ਅਨੇਕਾਂ ਅਧਿਆਪਕਾਂ ਨੇ ਸਰਕਾਰੀ ਸਨਮਾਨ ਪੱਤਰ ਨਾ ਲੈ ਕੇ ਸਰਕਾਰ ਵਿਰੁੱਧ ਆਪਣਾ ਰੋਸ ਜਾਹਿਰ ਕੀਤਾ । ਸਨਮਾਨ ਨਾ ਲੈਣ ਵਾਲੇ ਅਧਿਆਪਕਾਂ ਵਿੱਚੋਂ ਜਸਵਿੰਦਰ ਝਬੇਲਵਾਲੀ, ਸਰਦੂਲ ਸਿੰਘ, ਪਵਨ ਕੁਮਾਰ ਚੌਧਰੀ, ਕੁਲਵਿੰਦਰ ਸਿੰਘ, ਮਨੋਹਰ ਲਾਲ ਸ਼ਰਮਾ, ਕੀਮਤ ਕੁਮਾਰ, ਜਸਕਰਨ ਸਿੰਘ, ਗੁਰਦਾਸ ਸਿੰਘ, ਕੁਲਵਿੰਦਰ ਸਿੰਘ ਸੇਰੇਵਾਲਾ, ਸੰਦੀਪ ਕੌਰ, ਮੇਘਇੰਦਰ ਸਿੰਘ, ਮਨਜੀਤ ਸਿੰਘ, ਗੁਰਮੀਤ ਕੌਰ, ਜਗਦੀਪ ਕੌਰ, ਵੀਨਾ, ਮਨੀਤਾ, ਨਰਿੰਦਰ ਕੌਰ ਪਰਮਜੀਤ ਕੌਰ, ਗੁਰਮੀਤ ਕੌਰ, ਕੁਲਵਿੰਦਰ ਕੌਰ, ਰਜਿੰਦਰ ਮਦਾਨ, ਹਰਜੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਹੋਰਾਂ ਅਧਿਆਪਕਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸਰਕਾਰ ਵੱਲੋਂ ਜਿਸ ਤਰ੍ਹਾਂ ਸਰਵ ਸਿੱਖਿਆ ਅਭਿਆਨ ਵਾਲੇ ਅਧਿਆਪਕਾਂ ਦੀਆਂ ਤਨਖਾਹਾਂ ਘਟਾਈਆਂ ਗਈਆਂ ਹਨ, 5178 ਵਾਲੇ ਅਧਿਆਪਕਾਂ ਨੂੰ ਸਮੇਂ ਸਿਰ ਪੱਕਾ ਨਾ ਕਰਕੇ ਉਨ੍ਹਾਂ ਦਾ ਪ੍ਰੋਬੇਸ਼ਨ ਦੋ ਸਾਲ ਹੋਰ ਵਧਾ ਦਿੱਤਾ ਗਿਆ, ਸਕੂਲ ਸਿੱਖਿਆ ਤੋਂ ਸਰਕਾਰ ਵੱਲੋਂ ਹੱਥ ਪਿੱਛੇ ਖਿੱਚਿਆ ਜਾ ਰਿਹਾ, ਜਿਸ ਤਰ੍ਹਾਂ ਅਧਿਆਪਕਾਂ ਦੀਆਂ ਮੁਅੱਤਲੀਆਂ, ਦੂਰ ਦੁਰੇਡੇ ਬਦਲੀਆਂ ਅਤੇ ਟਰਮੀਨੇਸ਼ਨਾਂ ਕੀਤੀਆਂ ਗਈਆਂ ਲੈਕਚਰਾਰਾਂ ਦੀਆਂ ਰਿਵਰਸਨਾਂ ਤੋਂ ਇਲਾਵਾ ਰੈਗੂਲਰ ਮੁਲਾਜ਼ਮਾਂ ਦੀਆਂ ਮੰਗਾਂ ਦਰਕਿਨਾਰ ਕੀਤੀਆਂ ਗਈਆਂ ਹਨ, ਅਜਿਹੀ ਹਾਲਤ ਵਿੱਚ ਸਰਕਾਰ ਵੱਲੋਂ ਅਧਿਆਪਕਾਂ ਦੇ ਮਾਣ ਸਨਮਾਨ ਵਾਲੀ ਕੋਈ ਗੱਲ ਨਹੀਂ ਹੈ। Teachers
ਜੇ ਸਰਕਾਰ ਅਧਿਆਪਕਾਂ ਦਾ ਸੱਚਮੁੱਚ ਹੀ ਸਤਿਕਾਰ ਕਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਖਾਲੀ ਪਈਆਂ ਅਸਾਮੀਆਂ ਰੈਗੂਲਰ ਤੌਰ ‘ਤੇ ਮਾਣਯੋਗ ਤਨਖਾਹ ‘ਤੇ ਭਰੇ ਨਾ ਕਿ ਅਧਿਆਪਕਾਂ ਦਾ ਸੋਸ਼ਣ ਕਰੇ, ਅਧਿਆਪਕਾਂ ਤੋਂ ਲਏ ਜਾਣ ਵਾਲੇ ਗੈਰ ਵਿੱਦਿਅਕ ਕੰਮ ਬੰਦ ਕਰੇ। ਪਿਛਲੇ ਸਮੇਂ ਵਿੱਚ ਜਿਸ ਤਰ੍ਹਾਂ ਸਿੱਖਿਆ ਸਕੱਤਰ ਵੱਲੋਂ ਪ੍ਰਿੰਸੀਪਲਾਂ ਅਤੇ ਹੋਰ ਅਧਿਆਪਕਾਂ ਦੀਆਂ ਮੀਟਿੰਗਾਂ ਵਿੱਚ ਭੱਦੀ ਸ਼ਬਦਾਵਲੀ ਵਰਤੀ ਗਈ, ਜਿਸ ਕਾਰਨ ਪਿਛਲੇ ਸਮੇਂ ਵਿੱਚ ਕੁਝ ਅਧਿਆਪਕ ਮੀਟਿੰਗਾਂ ਵਿੱਚ ਬੇਹੋਸ ਹੁੰਦੇ ਡਿੱਗਦੇ ਦੇਖੇ ਗਏ, ਸਰਕਾਰ ਵੱਲੋਂ ਅਧਿਆਪਕਾਂ ਦੇ ਕੀਤੇ ਜਾਂਦੇ ਸਨਮਾਨ ਦੀ ਅਸਲੀ ਉਦਾਹਰਣ ਹੈ ।
ਹੁਣ ਉਸੇ ਅਧਿਕਾਰੀ ਦੁਆਰਾ ਅਧਿਆਪਕਾਂ ਦੇ ਮਾਣ ਸਨਮਾਨ ਦਾ ਸਿਰਫ ਦਿਖਾਵਾ ਕੀਤਾ ਜਾ ਰਿਹਾ ਹੈ। ਅਧਿਆਪਕ ਸੰਘਰਸ਼ ਕਮੇਟੀ ਦੇ ਕਨਵੀਨਰਾਂ ਪਵਨ ਕੁਮਾਰ, ਕੁਲਵਿੰਦਰ ਸਿੰਘ, ਪਰਗਟ ਜੰਬਰ, ਸੁਦਰਸ਼ਨ ਜੱਗਾ ਅਤੇ ਹੋਰ ਆਗੂਆਂ ਵੱਲੋਂ ਇਨ੍ਹਾਂ ਅਧਿਆਪਕਾਂ ਦੁਆਰਾ ਸਨਮਾਨ ਨਾ ਲੈਣ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਇਹਨਾਂ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨਾਂ ਕਿਹਾ ਕਿ ਇਹਨਾਂ ਅਧਿਆਪਕਾਂ ਨੇ ਅਸਲ ਵਿੱਚ ਸਨਮਾਨ ਨਾ ਲੈ ਕੇ ਅਧਿਆਪਕਾਂ ਅਤੇ ਸਰਕਾਰੀ ਸਕੂਲਾਂ ਪ੍ਰਤੀ ਸਰਕਾਰ ਦੀ ਮਾੜੀ ਨੀਤੀ ਦਾ ਵਿਰੋਧ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।