19ਵੇਂ ਦਿਨ ਅਧਿਆਪਕਾਂ ਦਾ ਮਰਨ ਵਰਤ ਖਤਮ, ਪੱਕਾ ਮੋਰਚਾ ਜਾਰੀ

Teachers, Ended, Their Fast, Eve 19th day

ਜ਼ੇਲ੍ਹ ਭਰੋ ਅੰਦੋਲਨ ਦੀ ਲਹਿਰ ਨੂੰ ਪ੍ਰਫੁੱਲਤ ਕਰਨ ਲਈ ਵਿੱਢਾਂਗੇ ਸੰਘਰਸ਼

ਤਨਖਾਹ ਕਟੌਤੀ ਕਿਸੇ ਵੀ ਤਰ੍ਹਾਂ ਨਹੀਂ ਹੋਵੇਗੀ ਮਨਜ਼ੂਰ : ਡਾ. ਅੰਮ੍ਰਿਤਪਾਲ ਸਿੰਘ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣੀ ਤਨਖਾਹ ਕਟੌਤੀ ਸਬੰਧੀ ਪਿਛਲੇ 19 ਦਿਨਾਂ ਤੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਅਚਾਨਕ ਖਤਮ ਕਰ ਦਿੱਤਾ ਗਿਆ, ਉਂਜ ਪੱਕਾ ਮੋਰਚਾ ਇਸੇ ਤਰ੍ਹਾਂ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਇਸ ਮਰਨ ਵਰਤ ‘ਤੇ ਐਸਐਸਏ ਰਮਸਾ ਟੀਚਰ ਯੂਨੀਅਨ ਪੰਜਾਬ ਅਤੇ ਮਾਡਲ ਆਦਰਸ਼ ਸਕੂਲ ਕਰਮਚਾਰੀ ਐਸੋਸੀਏਸ਼ਨ ਦੇ 16 ਅਧਿਆਪਕ ਮਰਨ ਵਰਤ ਤੇ ਡਟੇ ਹੋਏ ਸਨ, ਜਿਨ੍ਹਾਂ ਨੂੰ ਇਨ੍ਹਾਂ ਦੇ ਮਾਤਾ-ਪਿਤਾ ਵੱਲੋਂ ਜੂਸ ਪਿਆ ਕੇ ਮਰਨ ਵਰਤ ਤੋਂ ਉਠਾਇਆ ਗਿਆ। ਇੱਧਰ ਹੁਣ ਇਨ੍ਹਾਂ ਦੋਹਾਂ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਹੁਣ ਉਹ ਆਪਣੇ ਸੰਘਰਸ਼ ਨੂੰ ਜੇਲ੍ਹ ਭਰੋ ਅੰਦੋਲਨ ਨੂੰ ਸਫਲ ਕਰਨ ਲਈ ਵਿੱਢਣਗੇ।

ਜਾਣਕਾਰੀ ਅਨੁਸਾਰ ਸਾਂਝਾ ਅਧਿਆਪਕ ਮੋਰਚਾ ਵਿੱਚ 26 ਜਥੇਬੰਦੀਆਂ ਸ਼ਾਮਲ ਹਨ। ਇਨ੍ਹਾਂ ਜਥੇਬੰਦੀਆਂ ਵੱਲੋਂ ਪਟਿਆਲਾ ਵਿਖੇ ਆਪਣਾ ਸੰਘਰਸ਼ ਸ਼ੁਰੂ ਕਰਨ ਮੌਕੇ ਸਿਰਫ਼ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ ਸੀ। ਪਰ ਇਸੇ ਦੌਰਾਨ ਐਸਐਸਏ ਰਮਸਾ ਟੀਚਰ ਯੂਨੀਅਨ ਪੰਜਾਬ ਦੇ ਆਗੂ ਦੀਦਾਰ ਸਿੰਘ ਮੁੱਦਕੀ ਅਤੇ ਮਾਡਲ ਆਦਰਸ਼ ਸਕੂਲ ਕਰਮਚਾਰੀ ਐਸੋਸੀਏਸ਼ਨ ਦੇ ਆਗੂ ਡਾ. ਅਮ੍ਰਿਤਪਾਲ ਸਿੰਘ ਵੱਲੋਂ ਆਪਣੇ ਜਥੇਬੰਦੀਆਂ ਦੇ ਅਧਿਆਪਕਾਂ ਦਾ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ।

ਜਦਕਿ ਸਾਂਝਾ ਅਧਿਆਪਕ ਮੋਰਚਾਂ ਮਰਨ ਵਰਤ ਦੇ ਹੱਕ ਵਿੱਚ ਨਹੀਂ ਸੀ। ਅੱਜ ਇਨ੍ਹਾਂ ਦੋਵਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਅਚਾਨਕ ਹੀ ਇਸ ਮਰਨ ਵਰਤ ‘ਤੇ ਬੈਠੇ 16 ਅਧਿਆਪਕਾਂ ਦਾ ਮਰਨ ਵਰਤ ਖਤਮ ਕਰਵਾ ਦਿੱਤਾ ਗਿਆ ਹੈ। ਅਚਾਨਕ ਕੀਤੇ ਇਸ ਫੈਸਲੇ ਤੋਂ ਬਾਅਦ ਇਹ ਗੱਲ ਫੈਲ ਗਈ ਸਾਂਝਾ ਅਧਿਆਪਕ ਮੋਰਚਾ ਦੋਫਾੜ ਹੋਂ ਗਿਆ ਹੈ, ਪਰ ਸਾਂਝੇ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਦੋਹਾਂ ਯੂਨੀਅਨਾਂ ਦਾ ਸੀ। ਮਰਨ ਵਰਤ ਖਤਮ ਕਰਨ ਵਾਲੀਆਂ ਦੋਵਾਂ ਯੂਨੀਅਨਾਂ ਦੇ ਆਗੂਆਂ ਦੀਦਾਰ ਸਿੰਘ ਮੁੱਦਕੀ ਅਤੇ ਡਾ. ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਲੋਕ ਲਹਿਰ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਕਿਉਂਕਿ ਜੇਕਰ 5 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਮੰਗਾਂ ਪ੍ਰਵਾਨ ਨਾ ਚੜ੍ਹੀਆਂ ਤਾਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ

ਅਸੀਂ ਮਰਨ ਵਰਤ ‘ਤੇ ਬੈਠੇ ਆਪਣੇ ਭੈਣਾਂ ਭਰਾਵਾਂ ਨੂੰ ਸਰਕਾਰ ਦੀ ਅਧਿਆਪਕ ਵਿਰੋਧੀ ਜਾਲਮ ਬਿਰਤੀ ਦਾ ਖਾਜਾ ਨਹੀਂ ਬਣਨ ਦੇਵਾਂਗੇ ਅਸੀਂ ਆਪਣੇ ਇਹਨਾਂ ਸਾਥੀਆਂ ਤੋਂ ਪ੍ਰੇਰਣਾ ਜੋਸ਼ ਅਤੇ ਉਤਸ਼ਾਹ ਲੈ ਕੇ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ ਕਰਾਂਗੇ। ਉਨ੍ਹਾਂ  ਕਿਹਾ ਕਿ ਇਸ ਸਰਕਾਰ ਨੂੰ ਸਰਕਾਰ ਦੇ ਮੁਖੀ ਦੇ ਸ਼ਹਿਰ ਅੰਦਰ ਸੰਘਰਸ਼ ਦੇ ਅਖਾੜੇ ਭਖਾਈ ਰੱਖਾਂਗੇ ਉੱਥੇ ਅਸੀਂ ਆਪਣੇ ਪਿੰਡਾਂ ਅੰਦਰ ਆਪਣਿਆਂ ਮਾਪਿਆਂ ਅਤੇ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਮੁਲਾਜ਼ਮ ਜੱਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਖਿਲਾਫ ਲਾਮਬੰਦੀ ਕਰ ਘੇਰਾਂਗੇ।

ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਭਾਵੇਂ ਸਾਂਝੇ ਅਧਿਆਪਕ ਮੋਰਚੇ ਦੇ ਮੰਗ ਪੱਤਰ ਵਿੱਚ ਦਰਜ਼ ਮੰਗਾਂ ਦੀ ਸੁਣਵਾਈ ਹੋਈ ਹੈ, ਤਨਖਾਹ ਕਟੌਤੀ ਦੇ ਫੈਸਲੇ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਵਿਸ਼ੇਸ਼ ਰੂਪ ਵਿੱਚ ਸੁਣਿਆ ਗਿਆ ਹੈ ਪਰ ਸਰਕਾਰ ਦੇ ਮੀਟਿੰਗਾਂ ਤੋਂ ਮੁਕਰਨ ਦੇ ਪਿਛਲੇ ਅਮਲ ਨੂੰ ਦੇਖਦਿਆਂ ਉਸ ‘ਤੇ ਭਰੋਸਾ ਕਰਨਾ ਮੁਸ਼ਕਿਲ ਕੰਮ ਹੈ। ਉਨ੍ਹਾਂ ਦੱਸਿਆ ਕਿ  28 ਅਕਤੂਬਰ ਨੂੰ ਪੰਜਾਬ ਭਰ ਦੀ ਲੀਡਰਸ਼ਿਪ ਤਿਆਰੀ ਕੰਨਵੈਨਸ਼ਨ ਸੱਦੀ ਗਈ ਹੈ ਅਤੇ 4 ਨਵੰਬਰ ਨੂੰ ਪੰਜਾਬ ਦੇ ਜ਼ਿਲ੍ਹਾ ਮੁਕਾਮਾਂ ਉੱਤੇ ਆਪਣੀ ਮੰਗ ਉਭਾਰਨ ਵਾਸਤੇ ਅਤੇ ਸਰਕਾਰ ਤੋਂ ਤਨਖਾਹ ਕਟੌਤੀ ਦਾ ਫੈਸਲਾ ਰੱਦ ਕਰਵਾਉਣ ਲਈ ਵੱਡੀਆ ਇਕੱਤਰਤਾਵਾਂ ਕੀਤੀਆਂ ਜਾਣਗੀਆਂ।

ਅੱਜ ਤੋਂ 24-24 ਘੰਟਿਆਂ ਦੀ ਭੁੱਖ ਹੜ੍ਹਤਾਲ ਹੋਵੇਗੀ ਸ਼ੁਰੂ : ਹਰਦੀਪ ਟੋਡਰਪੁਰ

ਇੱਧਰ ਐਸਐਸਏ ਰਮਸਾ ਅਧਿਆਪਕ ਯੂਨੀਅਨ ਦੇ ਦੂਜੇ ਗਰੁੱਪ ਦੇ ਆਗੂ ਹਰਦੀਪ ਸਿੰਘ ਟੋਡਰਪੁਰ ਦਾ ਕਹਿਣਾ ਹੈ ਕਿ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੱਕਾ ਮੋਰਚਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਕੱਲ੍ਹ ਤੋਂ ਉਨ੍ਹਾਂ ਦੇ ਸਾਥੀ 24-24 ਘੰਟਿਆਂ ਦੀ ਭੁੱਖ ਹੜਤਾਲ ‘ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਮਰਨ ਵਰਤ ਤੋੜਨ ਦਾ ਫੈਸਲਾ ਇਨ੍ਹਾਂ ਦੋਵਾਂ ਜਥੇਬੰਦੀਆਂ ਦਾ ਹੈ, ਕਿਉਂਕਿ ਇਨ੍ਹਾਂ ਜਥੇਬੰਦੀਆਂ ਦੇ ਅਧਿਆਪਕ ਹੀ ਮਰਨ ਵਰਤ ‘ਤੇ ਬੈਠੇ ਸਨ। ਉਨ੍ਹਾਂ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਤਨਖਾਹ ਕਟੌਤੀ ਦੇ ਮਾਮਲੇ ਸਬੰਧੀ 5 ਨਵੰਬਰ ਦੀ ਮੀਟਿੰਗ ਦੇ ਇੰਤਜਾਰ ਵਿੱਚ ਹੈ, ਜੇਕਰ ਇਸ ਮੀਟਿੰਗ ਵਿੱਚ ਕੋਈ ਹੱਲ ਨਾ ਹੋਇਆ ਤਾ ਜੇਲ੍ਹ ਭਰੋ ਅੰਦੋਲਨ ਹਰ ਹੀਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੱਕੇ ਮੋਰਚੇ ‘ਤੇ ਅਧਿਆਪਕ ਪੂਰੀ ਤਰ੍ਹਾਂ ਡਟੇ ਰਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।