Teachers Day 2025: ਅਧਿਆਪਕ ਜਗਦੀ ਮਸ਼ਾਲ ਵਰਗੇ ਜੋ ਸਮਾਜ ਨੂੰ ਰੌਸ਼ਨ ਕਰਦੇ

Teachers Day 2025

Teachers Day 2025: ਅੱਜ ਦਾ ਦਿਨ ਭਾਰਤ ਦੇ ਇਤਿਹਾਸ ’ਚ ਬੜਾ ਖ਼ਾਸ ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਭਾਰਤ ਦੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ ਹੋਇਆ ਸੀ। ਡਾ. ਰਾਧਾਕ੍ਰਿਸ਼ਣਨ ਮਸ਼ਹੂਰ ਨੀਤੀਵਾਨ ਤੇ ਫਿਲਾਸਫ਼ਰ ਸਨ, ਜਿਨ੍ਹਾਂ ਦਾ ਜਨਮ ਤਾਮਿਲਨਾਡੂ ਦੇ ਤੀਰੂਤਨੀ ਸ਼ਹਿਰ ’ਚ 5 ਸਤੰਬਰ ਨੂੰ ਹੋਇਆ। ਉਨ੍ਹਾਂ ਵੈਲੋਰ ਤੇ ਮਦਰਾਸ ’ਚ ਵਿੱਦਿਆ ਹਾਸਲ ਕੀਤੀ। ਉਹ ਬਹੁਤ ਹੀ ਫਰਾਖ-ਦਿਲ ਤੇ ਦੂਰਅੰਦੇਸ਼ੀ ਸਨ। ਡਾ. ਰਾਧਾਕ੍ਰਿਸ਼ਣਨ ਵੱਲੋਂ ਉਪਨਿਸ਼ਦਾਂ ਦਾ ਡੂੰਘਾ ਅਧਿਐਨ ਕੀਤਾ ਗਿਆ। ਉਨ੍ਹਾਂ ਫਿਲਾਸਫੀ ’ਚ ਐਮਏ ਕੀਤੀ ਅਤੇ ਐਥਿਕਸ ਆਫ ਵਿਦਾਂਤ ’ਤੇ ਥੀਸਸ ਲਿਖਿਆ। ਡਾ. ਰਾਧਾਕ੍ਰਿਸ਼ਣਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵਧ ਰੌਸ਼ਨ-ਦਿਮਾਗ ਇਨਸਾਨ ਹੁੰਦੇ ਹਨ। ਅਨਪੜ੍ਹਤਾ ਕਾਰਨ ਬਹੁਤ ਸਾਰੀ ਸਮਾਜਿਕ ਸ਼ਕਤੀ ਦਿਸ਼ਾਹੀਣ ਹੁੰਦੀ ਹੈ।

Body Donation: ਮਾਤਾ ਜਸਪਾਲ ਕੌਰ ਇੰਸਾਂ ਜਾਂਦੇ-ਜਾਂਦੇ ਵੀ ਮਾਨਵਤਾ ਲਈ ਕਰ ਗਏ ਵੱੱਡਾ ਕਾਰਜ

ਉਸ ਸ਼ਕਤੀ ਨੂੰ ਗਿਆਨ ਪ੍ਰਦਾਨ ਕਰਕੇ ਦਿਸ਼ਾਬੱਧ ਬਣਾਉਣਾ ਅਧਿਆਪਕ ਦਾ ਪ੍ਰਮੁੱਖ ਕਾਰਜ ਹੈ। ਭਟਕਦੇ ਮਨ ਨੂੰ ਸ਼ਾਂਤ ਕਰਨ ਦਾ ਇੱਕੋ-ਇੱਕ ਉਪਾਅ ਗਿਆਨ ਹੈ ਜੋ ਕਿ ਅਧਿਆਪਕ ਵੱਲੋਂ ਪ੍ਰਾਪਤ ਹੁੰਦਾ ਹੈ। ਡਾ. ਰਾਧਾਕ੍ਰਿਸ਼ਣਨ ਨੇ ਸਿੱਖਿਆ ਨੂੰ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤਬਦੀਲੀ ਦੇ ਮੁੱਖ ਤੱਤ ਵਜੋਂ ਪਰਿਭਾਸ਼ਿਤ ਕੀਤਾ ਹੈ। ਉਨ੍ਹਾਂ ਦਾ ਵਿਆਹ 18ਵੇਂ ਸਾਲ ’ਚ ਹੋ ਗਿਆ ਸੀ। ਉਨ੍ਹਾਂ ਦੀ ਜੀਵਨ ਸਾਥਣ ਦਾ ਨਾਂਅ ਸ਼ਿਵਾਕਾਮੂ ਰਾਧਾਕ੍ਰਿਸ਼ਣਨ ਸੀ। ਉਨ੍ਹਾਂ ਦੇ ਪੰਜ ਲੜਕੀਆਂ ਤੇ ਇੱਕ ਲੜਕਾ ਸੀ।ਸੰਨ 1909 ’ਚ ਡਾ. ਰਾਧਾਕ੍ਰਿਸ਼ਣਨ ਪ੍ਰੈਜੀਡੈਂਸੀ ਕਾਲਜ ’ਚ ਪਹਿਲਾਂ ਲੈਕਚਰਾਰ ਨਿਯੁਕਤ ਹੋਏ ਤੇ ਫੇਰ ਕੁਝ ਸਾਲਾਂ ਪਿੱਛੋਂ ਪ੍ਰੋਫੈਸਰ ਬਣ ਗਏ। Teachers Day 2025

ਇਸ ਮਗਰੋਂ 1918 ਤੋਂ 1921 ਤੱਕ ਮੈਸੂਰ ਯੂਨੀਵਰਸਿਟੀ ’ਚ ਫਿਲਾਸਫੀ ਦੇ ਪ੍ਰੋਫ਼ੈਸਰ ਰਹੇ। ਉਸ ਮਗਰੋਂ 1921 ਤੋ 1931 ਤੱਕ ਕਲਕੱਤਾ ਯੂਨੀਵਰਸਿਟੀ ’ਚ ਪ੍ਰੋਫੈਸਰ ਰਹਿਣ ਪਿੱਛੋਂ 1931 ’ਚ ਉਹ ਆਂਧਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਗਏ। ਉਸ ਮਗਰੋਂ ਇੱਕ ਵਾਰ ਫਿਰ 1937 ਤੋਂ 1947 ਕਲਕੱਤਾ ਯੂਨੀਵਰਸਿਟੀ ’ਚ ਪ੍ਰੋਫ਼ੈਸਰ ਲੱਗ ਗਏ। ਸਾਲ 1948 ’ਚ ਉਹ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ ਦੇ ਚੇਅਰਮੈਨ ਬਣ ਗਏ। ਸੰਨ 1952 ’ਚ ਪ੍ਰੈਜ਼ੀਡੈਂਟ ਆਫ ਯੂਨੈਸਕੋ ਤੋਂ ਇਲਾਵਾ 1949 ਤੋਂ 1952 ਤੱਕ ਉਹ ਰੂਸ ਵਿਚ ਭਾਰਤ ਦੇ ਰਾਜਦੂਤ ਵਜੋਂ ਵੀ ਤੈਨਾਤ ਰਹੇ। ਉਸ ਮਗਰੋਂ 1952 ’ਚ ਉਹ ਭਾਰਤ ਦੇ ਉਪ ਰਾਸ਼ਟਰਪਤੀ ਬਣੇ।1956 ਤੋਂ 1962 ਤੱਕ ਉਹ ਦੂਜੀ ਵਾਰ ਭਾਰਤ ਦੇ ਉਪ ਰਾਸ਼ਟਰਪਤੀ ਬਣੇ। ਫੇਰ 1962 ਤੋਂ 1967 ਤੱਕ ਉਹ ਭਾਰਤ ਦੇ ਰਾਸ਼ਟਰਪਤੀ ਬਣੇ।

ਜੇ ਇਹ ਕਿਹਾ ਜਾਵੇ ਕਿ ਉਨ੍ਹਾਂ ਦੀ ਕਾਬਲੀਅਤ ਮੁਤਾਬਕ ਉਨ੍ਹਾਂ ਨੂੰ ਜ਼ਿੰਦਗੀ ’ਚ ਪੂਰਾ ਮਾਣ-ਸਨਮਾਨ ਮਿਲਿਆ ਤਾਂ ਇਸ ਵਿਚ ਕੋਈ ਝੂਠ ਨਹੀਂ। ਉਨ੍ਹਾਂ ਨੂੰ ਸਾਲ 1931 ’ਚ ਨਾਈਟਹੁੱਡ, 1963 ’ਚ ਤਹਿਰਾਨ ਵੱਲੋਂ ਪੀਐੱਚਡੀ ਦੀ ਆਨਰੇਰੀ ਡਿਗਰੀ, ਤਿਰਭਵਨ ਯੂਨੀਵਰਸਿਟੀ (ਨੇਪਾਲ) ਵੱਲੋਂ ਆਨਰੇਰੀ ਡੀ ਲਿੱਟ ਦੀ ਡਿਗਰੀ, 1964 ’ਚ ਮਾਸਕੋ ਯੂਨੀਵਰਸਿਟੀ ਵੱਲੋਂ ਪੀਐੱਚਡੀ ਦੀ ਡਿਗਰੀ ਅਤੇ 1964 ’ਚ ਨੈਸ਼ਨਲ ਯੂਨੀਵਰਸਿਟੀ (ਆਇਰਲੈਂਡ) ਵੱਲੋਂ ਡਾਕਟਰ ਆਫ ਲਾਅ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਡਾ. ਰਾਧਾਕ੍ਰਿਸ਼ਣਨ ਨੂੰ ਅੰਤਰਰਾਸ਼ਟਰੀ ਖੇਤਰ ’ਚ 100 ਦੇ ਕਰੀਬ ਆਨਰੇਰੀ ਡਿਗਰੀਆਂ ਮਿਲੀਆਂ। ਉਨ੍ਹਾਂ ਅਨੇਕਾਂ ਮੁਲਕਾਂ ਦਾ ਦੌਰਾ ਕੀਤਾ। ਹਿੰਦੂ ਸਦਾਚਾਰ ਦੇ ਮਾਇਆ ਦੇ ਸਿਧਾਂਤਾਂ ਬਾਰੇ ਡਾ. ਰਾਧਾਕ੍ਰਿਸ਼ਣਨ ਵੱਲੋਂ ਰਬਿੰਦਰ ਨਾਥ ਟੈਗੋਰ ਉੱਤੇ ਫਿਲਾਸਫੀ ਆਫ ਰਬਿੰਦਰ ਨਾਥ ਟੈਗੋਰ ਵੀ ਲਿਖੀ ਗਈ।

1926-27 ’ਚ ਉਨ੍ਹਾਂ ਨੇ ਇੰਡੀਅਨ ਫਿਲਾਸਫੀ ਦੋ ਜਿਲਦਾਂ ’ਚ ਪ੍ਰਕਾਸ਼ਿਤ ਕੀਤੀ, ਜੋ ਉਨ੍ਹਾਂ ਦੀ ਸਭ ਤੋਂ ਪ੍ਰਸਿੱਧ ਤੇ ਮਹੱਤਵਪੂਰਨ ਦੇਣ ਹੈ। ਉਨ੍ਹਾਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ।1926-29 ਦੇ ਵਿਚਕਾਰ ਉਨ੍ਹਾਂ ਨੇ ਲੰਡਨ ਤੇ ਮਾਨਚੈਸਟਰ ਦੀਆਂ ਯੂਨੀਵਰਸਿਟੀਆਂ ’ਚ ਲੈਕਚਰ ਦਿੱਤੇ। ਹੁਣ ਤੱਕ ਉਹ ਇੰਨੇ ਮਸ਼ਹੂਰ ਹੋ ਗਏ ਸਨ ਕਿ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਸੱਦੇ ਆਉਣ ਲੱਗ ਪਏ ਸਨ। 1952 ’ਚ ਉਹ ਸਟਾਲਿਨ ਨੂੰ ਮਿਲਣ ਗਏ। ਉਹ ਪਹਿਲੇ ਸਫ਼ੀਰ ਸਨ ਜਿਨ੍ਹਾਂ ਨੂੰ ਸਟਾਲਿਨ ਵੱਲੋਂ ਮੁਲਾਕਾਤ ਦਾ ਸੱਦਾ ਦਿੱਤਾ ਗਿਆ। ਡਾ. ਰਾਧਾਕ੍ਰਿਸ਼ਣਨ ਦੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨਾਲ ਬੜੇ ਨੇੜੇ ਦੇ ਅਤੇ ਸੁਖਾਵੇਂ ਤਾਅਲੂਕਾਤ ਸਨ।

1967 ’ਚ ਰਾਸ਼ਟਰਪਤੀ ਰਿਟਾਇਰ ਹੋਣ ਪਿੱਛੋਂ ਉਨ੍ਹਾਂ ਆਪਣੇ ਜਨਮ ਸਥਾਨ ’ਤੇ ਰਹਿ ਕੇ ਹੀ ਜਿਆਦਾ ਵਕਤ ਗੁਜ਼ਾਰਿਆ। ਇੱਥੇ ਹੀ ਕੁਝ ਵਕਤ ਬਿਮਾਰ ਰਹਿਣ ਪਿੱਛੋਂ ਉਨ੍ਹਾਂ ਦਾ 17 ਅਪਰੈਲ 1975 ਨੂੰ 86 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਕਹਿੰਦੇ ਹਨ ਕਿ 1962 ’ਚ ਜਦੋਂ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀਆਂ ਤੇ ਦੋਸਤਾਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਇੱਛਾ ਜ਼ਾਹਿਰ ਕੀਤੀ। ਪਰ ਡਾ. ਰਾਧਾਕ੍ਰਿਸ਼ਣਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ।ਜੋ ਕਿ ਉਨ੍ਹਾਂ ਦੇ ਅਧਿਆਪਨ ਕਿੱਤੇ ਲਈ ਪਿਆਰ ਦਾ ਸਬੂਤ ਬਣੇ। ਬੱਸ ਇਸ ਤਰ੍ਹਾਂ ਸਾਲ 1967 ਤੋਂ 5 ਸਤੰਬਰ ਦਾ ਦਿਨ, ਜੋ ਡਾ. ਰਾਧਾਕ੍ਰਿਸ਼ਣਨ ਜੀ ਦਾ ਜਨਮ ਦਿਨ ਸੀ। ਅਧਿਆਪਕ ਦਿਵਸ ਦੇ ਰੂਪ ’ਚ ਮਨਾਇਆ ਜਾਣ ਲੱਗਾ।

ਭਾਰਤ ਸਰਕਾਰ ਵੱਲੋਂ ਹਰ ਵਰ੍ਹੇ ਇਸ ਦਿਨ ਸਿੱਖਿਆ ਦੇ ਖੇਤਰ ’ਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਅਧਿਆਪਿਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਅਧਿਆਪਕ ਦਿਵਸ ਉੱਤੇ ਰਾਜ ਪੱਧਰੀ ਸਮਾਗਮ ਕਰਕੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਭਾਰਤ ਵਰਗੇ ਵਿਕਾਸਸ਼ੀਲ ਮੁਲਕ ’ਚ ਲੋੜੀਂਦੇ ਟੀਚੇ ਨਾਲੋਂ ਘੱਟ ਸਿੱਖਿਆ ਦਰ ਹੋਣ ਕਾਰਨ ਇਸ ਦਿਨ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਸਾਨੂੰ ਸਭ ਨੂੰ ਅਧਿਆਪਕ ਦਿਵਸ ’ਤੇ ਸਿੱਖਿਆ ਦੇ ਵਿਸਥਾਰ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਇੱਕ ਨਰੋਏ ਤੇ ਮਜ਼ਬੂਤ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ। ਇਸ ਤਰ੍ਹਾਂ ਕਰਕੇ ਹੀ ਅਸੀਂ ਭਾਰਤ ਦੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਵੱਲੋਂ ਅਧਿਆਪਕਾਂ ਲਈ ਸੰਜੋਏ ਸੁਪਨਿਆਂ ਨੂੰ ਹਕੀਕਤ ’ਚ ਬਦਲ ਸਕਦੇ ਹਾਂ। Teachers Day 2025

ਮੋ. 76967-54669
ਲੈਕਚਰਾਰ ਅਜੀਤ ਖੰਨਾ