ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਨੂੰ ਫੁੱਟਪਾਥ ’ਤੇ ਪੜ੍ਹਾ ਰਿਹੈ ਅਧਿਆਪਕ ਸੁਖਪਾਲ ਸਿੰਘ

techer 2, Education

ਪਤਨੀ ਵੀ ਕਰ ਰਹੀ ਹੈ ਅਧਿਆਪਕ ਪਤੀ ਦੀ ਮੱਦਦ

(ਸੁਖਜੀਤ ਮਾਨ) ਬਠਿੰਡਾ। ਕਿਸੇ ਕੰਮ ਨੂੰ ਕਰਨ ਲਈ ਦਿਲ ’ਚ ਜਜ਼ਬਾ ਹੋਵੇ ਤਾਂ ਮੰਜਿਲ ਦੂਰ ਨਹੀਂ ਹੁੰਦੀ। ਬਠਿੰਡਾ ਦੇ ਇੱਕ ਅਧਿਆਪਕ ਨੇ ਅਜਿਹਾ ਜਜ਼ਬਾ ਦਿਖਾਇਆ ਹੈ ਕਿ ਉਹ ਸਕੂਲੋਂ ਛੁੱਟੀ ਮਿਲਣ ਤੋਂ ਬਾਅਦ ਸ਼ਾਮ ਨੂੰ ਕੋਈ ਫਿਲਮ ਦੇਖਣ ਜਾਂ ਪਾਰਕਾਂ ’ਚ ਨਹੀਂ ਜਾਂਦੇ, ਸਗੋਂ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣ (Education) ਲਈ ਤੁਰ ਪੈਂਦੇ ਹਨ, ਜੋ ਕਿਸੇ ਕਾਰਨ ਸਕੂਲਾਂ ’ਚ ਨਹੀਂ ਆਉਂਦੇ। ਅਜਿਹੇ ਵਿਦਿਆਰਥੀਆਂ ਦੀ ਕਲਾਸ ਵੀ ਉਹ ਫੁੱਟਪਾਥ ’ਤੇ ਲਾਉਂਦੇ ਹਨ। ਅਧਿਆਪਕ ਦੇ ਨਾਲ ਉਸਦੀ ਪਤਨੀ ਵੀ ਇਸ ਚੰਗੇ ਕਾਰਜ ’ਚ ਪੂਰਾ ਸਹਿਯੋਗ ਦੇ ਰਹੀ ਹੈ। ਉਨ੍ਹਾਂ ਵੱਲੋਂ ਗਰੀਬਾਂ ਦੇ ਬੱਚਿਆਂ ਨੂੰ ਸਾਖਰ ਕਰਨ ਦੀ ਕੋਸ਼ਿਸ਼ ਦੀ ਕਾਫੀ ਸ਼ਲਾਘਾ ਹੋ ਰਹੀ ਹੈ। ਵੇਰਵਿਆਂ ਮੁਤਾਬਿਕ ਸਰਕਾਰੀ ਅਧਿਆਪਕ ਸੁਖਪਾਲ ਸਿੰਘ ਸਿੱਧੂ ਬਠਿੰਡਾ ਦੇ ਪਾਵਰ ਹਾਊਸ ਰੋਡ ’ਤੇ ਸ਼ਾਮ ਨੂੰ ਝੁੱਗੀਆਂ-ਝੌਂਪੜੀਆਂ ’ਚ ਰਹਿਣ ਵਾਲੇ ਬੱਚਿਆਂ ਨੂੰ ਫੁੱਟਪਾਥ ’ਤੇ ਪੜ੍ਹਾਉਂਦੇ ਹਨ। (Education)

ਬੱਚਿਆਂ ਨੂੰ ਪੜ੍ਹਨ ਲਈ ਕਿਤਾਬਾਂ ਆਦਿ ਸਮੇਤ ਪੂਰੀ ਸਟੇਸ਼ਨਰੀ ਵੀ ਉਹ ਆਪਣੇ ਕੋਲੋਂ ਵੰਡਦੇ ਹਨ। ਸੁਖਪਾਲ ਸਿੰਘ ਸਿੱਧੂ ਆਪਣੇ ਸਕੂਲ ’ਚ ਸਖਤ ਮਿਹਨਤ ਕਰਦੇ ਹਨ। ਉਨ੍ਹਾਂ ਨੇ ਆਪਣੇ ਨਿੱਜੀ ਯਤਨਾਂ ਸਦਕਾ ਅਤੇ ਰਿਸ਼ਤੇਦਾਰ ਮਿੱਤਰਾਂ ਦੇ ਸਹਿਯੋਗ ਨਾਲ ਨਥਾਣਾ ਦੇ ਪ੍ਰਾਇਮਰੀ ਸਕੂਲ ਨੂੰ ਫੁੱਲੀ ਏਸੀ ਵੀ ਬਣਾਇਆ ਹੋਇਆ ਹੈ, ਜੋ ਜ਼ਿਲ੍ਹੇ ਦਾ ਪਹਿਲਾ ਏਸੀ ਸਕੂਲ ਹੈ। ਫੁੱਟਪਾਥ ’ਤੇ ਬੱਚਿਆਂ ਨੂੰ ਪੜ੍ਹਾਉਣ ਸਬੰਧੀ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਅਧਿਆਪਨ ਦੇ ਨਾਲ-ਨਾਲ ਸਮਾਜ ਸੇਵਾ ’ਚ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਅਕਸਰ ਪਾਵਰ ਹਾਊਸ ਰੋਡ ਦੇ ਚੌਂਕ ’ਚੋਂ ਲੰਘਦੇ ਤਾਂ ਭੀਖ ਮੰਗ ਰਹੇ ਬੱਚਿਆਂ ਨੂੰ ਦੇਖਕੇ ਮਨ ’ਚ ਖਿਆਲ ਆਇਆ ਕਿ ਕਿਉਂ ਨਾ ਉਕਤ ਬੱਚਿਆਂ ਨੂੰ ਪੜ੍ਹਾਇਆ ਜਾਵੇ ।

ਬਠਿੰਡਾ : ਫੁੱਟਪਾਥ ’ਤੇ ਬੱਚਿਆਂ ਨੂੰ ਪੜ੍ਹਾ ਰਹੇ ਅਧਿਆਪਕ ਸੁਖਪਾਲ ਸਿੰਘ ਸਿੱਧੂ। ਤਸਵੀਰ: ਸੱਚ ਕਹੂੰ ਨਿਊਜ਼


1 ਜੁਲਾਈ ਤੋਂ ਸ਼ੁਰੂ ਹੋਏ ਇਸ ਫੁੱਟਪਾਥ ਵਾਲੇ ਸਕੂਲ ਨੂੰ 1 ਮਹੀਨਾ ਪੂਰਾ ਹੋ ਗਿਆ  ਹੈ

ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਮੀਟਿੰਗ ’ਚ ਉਪਰੋਕਤ ਬੱਚਿਆਂ ਬਾਰੇ ਚਰਚਾ ਛਿੜੀ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਸਵੈ ਇੱਛਾ ਨਾਲ ਅੱਗੇ ਆਵੇ ਤਾਂ ਉਹ ਝੱਟ ਤਿਆਰ ਹੋ ਗਏ ਕਿਉਂਕਿ ਅਜਿਹਾ ਕਰਨ ਦਾ ਉਹ ਤਾਂ ਪਹਿਲਾਂ ਹੀ ਸੋਚ ਰਹੇ ਸਨ। 1 ਜੁਲਾਈ ਤੋਂ ਸ਼ੁਰੂ ਹੋਏ ਇਸ ਫੁੱਟਪਾਥ ਵਾਲੇ ਸਕੂਲ ਨੂੰ 1 ਮਹੀਨਾ ਪੂਰਾ ਹੋ ਗਿਆ ਜੋ ਸਫਲਤਾਪੂਰਵਕ ਚੱਲ ਰਿਹਾ ਹੈ । ਸੁਖਪਾਲ ਸਿੰਘ ਸਿੱਧੂ ਦੀ ਪਤਨੀ ਸ਼ਿੰਦਰਪਾਲ ਕੌਰ ਜੋ ਈਟੀਟੀ, ਬੀਐੱਡ ਟੈੱਟ ਪਾਸ ਹਨ, ਉਨ੍ਹਾਂ ਨੂੰ ਭਾਵੇਂ ਸਰਕਾਰੀ ਨੌਕਰੀ ਨਹੀਂ ਮਿਲੀ ਪਰ ਪੜ੍ਹਾਉਣ ਦਾ ਸ਼ੌਂਕ ਰੱਖਦੇ ਹਨ। ਫੁੱਟਪਾਥ ’ਤੇ ਬੱਚਿਆਂ ਨੂੰ ਪੜ੍ਹਾਉਣ ਲਈ ਉਹ ਵੀ ਪੂਰੀ ਮਿਹਨਤ ਕਰ ਰਹੇ ਹਨ। ਦੱਸਣਯੋਗ ਹੈ ਕਿ ਅਧਿਆਪਕ ਸੁਖਪਾਲ ਸਿੰਘ ਸਿੱਧੂ ਵੱਲੋਂ ਕੋਰੋਨਾ ਕਾਲ ’ਚ ਵੀ ਲੋੜਵੰਦਾਂ ਦੀ ਮੱਦਦ ਕੀਤੀ ਗਈ ਅਤੇ ਕੋਰੋਨਾ ਤੋਂ ਬਚਾਅ ਲਈ ਕਾੜ੍ਹਾ ਵੀ ਵੰਡਿਆ ਗਿਆ ਅਤੇ ਸਮੇਂ-ਸਮੇਂ ਸਿਰ ਲੰਗਰ ਵੀ ਲਾਇਆ ਗਿਆ।

ਬਹੁਤ ਵਧੀਆ ਕੰਮ ਕੀਤਾ ਜਾ ਰਿਹੈ : ਡੀਸੀ

ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਵੱਲੋਂ ਸ਼ਾਮ ਵੇਲੇ ਬੱਚਿਆਂ ਨੂੰ ਪੜ੍ਹਾਉਣ ਦਾ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਅਧਿਆਪਕਾਂ ਨੂੰ ਵੀ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਅਜਿਹੇ ਬੱਚਿਆਂ ਨੂੰ ਪੜ੍ਹਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਅਜਿਹੇ ਬੱਚਿਆਂ ਦੀ ਪੜ੍ਹਾਉਣ ਲਈ ਯਤਨ ਕੀਤੇ ਜਾ ਰਹੇ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ