ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home ਵਿਚਾਰ ਲੇਖ ਖ਼ਤਮ ਹੁੰਦਾ ਜਾ ...

    ਖ਼ਤਮ ਹੁੰਦਾ ਜਾ ਰਿਹੈ ਉਸਤਾਦ-ਸ਼ਾਗਿਰਦ ਵਾਲਾ ਰਿਸ਼ਤਾ

    Teacher and Student

    ਖ਼ਤਮ ਹੁੰਦਾ ਜਾ ਰਿਹੈ ਉਸਤਾਦ-ਸ਼ਾਗਿਰਦ ਵਾਲਾ ਰਿਸ਼ਤਾ

    ਖੇਤਰ ਭਾਵੇਂ ਕੋਈ ਵੀ ਹੋਵੇ, ਹੁਣ ਉਸਤਾਦ-ਸ਼ਾਗਿਰਦ ਦਾ ਰਿਸ਼ਤਾ ਖ਼ਤਮ ਹੁੰਦਾ ਜਾ ਰਿਹਾ ਹੈ। ਅੱਜ-ਕੱਲ੍ਹ ਕੁਝ ਵੀ ਪੈਸੇ ਲੈ ਕੇ ਤੇ ਦੇ ਕੇ ਸਿੱਖਿਆ ਅਤੇ ਸਿਖਾਇਆ ਜਾਂਦਾ ਹੈ। ਪਰ ਕੋਈ ਵੇਲਾ ਹੁੰਦਾ ਸੀ, ਜਦੋਂ ਕਿਸੇ ਨੇ ਕਿਸੇ ਤੋਂ ਕੁਝ ਸਿੱਖਣਾ ਹੁੰਦਾ ਸੀ ਤਾਂ ਸਿਖਾਉਣ ਵਾਲੇ ਨੂੰ ਬਾਕਾਇਦਾ ਸ਼ਾਗਿਰਦੀ ਦੀਆਂ ਰਸਮਾਂ ਨਿਭਾਅ ਕੇ ਭਾਵ ਕਿ ਪੱਗ ਦੇ ਕੇ ਸ਼ਾਗਿਰਦ ਬਣਦੇ ਸਨ। ਉਸਤਾਦ-ਸ਼ਾਗਿਰਦ ਦਾ ਰਿਸ਼ਤਾ ਅਗਿਆਨਤਾ ਦੇ ਹਨ੍ਹੇਰੇ ਵਿਚ ਗਿਆਨ ਦੇ ਚਾਨਣ ਦੀ ਬੁਨਿਆਦ ਰੱਖਣ ਯੋਗ ਮਨਾਂ ਦੀ ਕਸਕ ਦਾ ਅਹਿਸਾਸ ਅਤੇ ਪਵਿੱਤਰ ਭਾਵਨਾਵਾਂ ਦੇ ਦਾਇਰੇ ਵਿੱਚੋਂ ਹੀ ਅਪਣੱਤ ਅਤੇ ਇੱਜਤ ਕਰਨ ਅਤੇ ਕਰਵਾਉਣ ਦਾ ਇੱਕ ਅਨਮੋਲ ਰਿਸ਼ਤਾ ਹੁੰਦਾ ਹੈ।

    ਕਬੀਰ ਜੀ ਦੇ ਇੱਕ ਦੋਹੇ ਦੇ ਭਾਵਅਰਥ ਅਨੁਸਾਰ:-‘‘ਸੱਚਾ ਗਿਆਨ ਪ੍ਰਾਪਤ ਕਰਨ ਲਈ ਇੱਕ ਵਿਅਕਤੀ ਆਪਣੇ ਗੁਰੂ ਅੱਗੇ ਸੱਚੇ ਮਨ ਨਾਲ ਸਿਰ ਅਰਪਣ ਕਰ ਦੇਵੇ ਭਾਵ ਸ਼ਰਧਾ ਨਾਲ ਆਪਣਾ ਸਿਰ ਗੁਰੂ ਦੇ ਚਰਨਾਂ ’ਤੇ ਟਿਕਾਅ ਦੇਵੇ ਤਾਂ ਉਸ ਵਿਅਕਤੀ ਨੂੰ ਸੱਚਾ ਗਿਆਨ ਪ੍ਰਾਪਤ ਹੋ ਜਾਵੇਗਾ। ਕੋਈ ਵੀ ਵਿਅਕਤੀ ਆਪਣੇ ਗੁਰੂ ਤੋਂ ਬਹੁਤ ਕੁਝ ਸਿੱਖ ਕੇ ਇੱਕ ਹੁਨਰਮੰਦ ਇਨਸਾਨ ਬਣ ਸਕਦਾ ਹੈ।’’

    ਹੁਣ ਇਹ ਰਿਸ਼ਤਾ ਖ਼ਤਮ ਹੁੰਦਾ ਜਾ ਰਿਹਾ ਹੈ

    ਹੁਣ ਗੱਲ ਕਰਦੇ ਹਾਂ ਪੰਜਾਬੀ ਸੰਗੀਤ ਦੇ ਖੇਤਰ ਦੀ ਕਿਉਂਕਿ ਇਸ ਖੇਤਰ ਵਿੱਚ ਸਭ ਤੋਂ ਵੱਧ ਉਸਤਾਦ-ਸ਼ਾਗਿਰਦ ਦਾ ਰਿਸ਼ਤਾ ਰਿਹਾ ਹੈ ਅਤੇ ਹੁਣ ਇਹ ਰਿਸ਼ਤਾ ਖ਼ਤਮ ਹੁੰਦਾ ਜਾ ਰਿਹਾ ਹੈ, ਕਿਉਂਕਿ ਹੁਣ ਸੰਗੀਤਕ ਅਕੈਡਮੀਆਂ ਬਣ ਗਈਆਂ ਹਨ, ਜਿੱਥੇ ਪੈਸੇ ਲੈ ਕੇ ਸੰਗੀਤ ਸਿਖਾਇਆ ਜਾਂਦਾ ਹੈ। ਗਾਉਣਾ ਇੱਕ ਬਹੁਤ ਹੀ ਉੱਤਮ ਕਲਾ ਹੈ ਅਤੇ ਇਹ ਕਲਾ ਭਾਵੇਂ ਕਿ ਕੁਦਰਤ ਦੀ ਦੇਣ ਹੁੰਦੀ ਹੈ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਗਾਇਕੀ ਲਈ ਸਭ ਤੋਂ ਪਹਿਲਾਂ ਮਿੱਠੀ ਅਤੇ ਢੁੱਕਵੀਂ ਆਵਾਜ ਹੋਣਾ ਜ਼ਰੂਰੀ ਹੈ ਪਰ ਇਸ ਨੂੰ ਸੁਰਾਂ ਦੇ ਸਾਂਚੇ ਵਿੱਚ ਢਾਲ ਕੇ ਜੇਕਰ ਪੇਸ਼ ਕੀਤਾ ਜਾਵੇ ਤਾਂ ਹੀ ਉਹ ਅਸਲ ਗਾਇਕੀ ਅਖਵਾਉਂਦੀ ਹੈ।

    ਸੁਰਾਂ ਦੇ ਸਾਂਚੇ ਵਿੱਚ ਢਾਲਣ ਲਈ ਸੰਗੀਤਕ ਗਿਆਨ ਹੋਣਾ ਵੀ ਜ਼ਰੂਰੀ ਹੈ, ਭਾਵੇਂ ਕਿ ਅੱਜ ਬਹੁਤ ਸਾਰੇ ਅਜਿਹੇ ਗਾਇਕ ਵੀ ਹਨ ਜਿਨ੍ਹਾਂ ਨੇ ਗਾਇਕੀ ਵਿੱਚ ਕੋਈ ਉਸਤਾਦ ਨਹੀਂ ਧਾਰਿਆ ਅਤੇ ਉਹ ਅੱਜ ਸਥਾਪਿਤ ਗਾਇਕ ਹਨ ਪਰ ਸਾਰੇ ਹੀ ਅਜਿਹੇ ਗਾਇਕ ਨਹੀਂ ਹਨ, ਜਿਨ੍ਹਾਂ ਨੇ ਸੰਗੀਤਕ ਗਿਆਨ ਨਾ ਲਿਆ ਹੋਵੇ ਅਤੇ ਉਹ ਸਥਾਪਿਤ ਗਾਇਕ ਹੋਣ, ਹਾਂ ਕੁਝ ਕੁ ਨੂੰ ਕੁਦਰਤ ਵੱਲੋਂ ਅਜਿਹੀ ਦਾਤ (ਗੌਡ ਗਿਫਟ) ਮਿਲੀ ਹੁੰਦੀ ਹੈ ਕਿ ਉਹ ਬਗੈਰ ਸਿੱਖੇ ਵੀ ਗਾਇਕੀ ਵਿੱਚ ਉੱਚਾ ਮੁਕਾਮ ਹਾਸਲ ਕਰ ਲੈਂਦੇ ਹਨ।

    ਹਥਲੇ ਲੇਖ ਦਾ ਸਿਰਲੇਖ ਹੈ ‘ਖ਼ਤਮ ਹੁੰਦਾ ਜਾ ਰਿਹੈ ਉਸਤਾਦ-ਸ਼ਾਗਿਰਦ ਦਾ ਰਿਸ਼ਤਾ’ ਇਸ ਸਬੰਧੀ ਜੇਕਰ ਸੰਗੀਤਕ ਖੇਤਰ ਦੀ ਗੱਲ ਕਰੀਏ ਤਾਂ ਇਹ ਸ਼ਾਇਦ ਇਸ ਲਈ ਦਿਨੋ-ਦਿਨ ਖ਼ਤਮ ਹੁੰਦਾ ਜਾ ਰਿਹਾ ਹੈ, ਕਿ ਕਈ ਨਵੇਂ ਗਾਇਕ ਸ਼ੋਹਰਤ ਹਾਸਲ ਕਰਨ ਅਤੇ ਰਾਤੋ-ਰਾਤ ਸਟਾਰ ਬਣਨ ਦੀ ਲਾਲਸਾ ਵਿੱਚ ਬਿਨਾਂ ਕੋਈ ਉਸਤਾਦ ਧਾਰਿਆਂ ਅਤੇ ਬਿਨਾਂ ਕੋਈ ਸੰਗੀਤਕ ਗਿਆਨ ਲਿਆਂ ਹੀ ਗਾਇਕੀ ਦੇ ਮੈਦਾਨ ਵਿੱਚ ਕੁੱਦ ਪੈਂਦੇ ਹਨ, ਪਰ ਅਜਿਹੇ ਗਾਇਕਾਂ ਵਿਚ ਇਹ ਖੁਮਾਰੀ ਥੋੜ੍ਹਾ ਚਿਰ ਹੀ ਰਹਿੰਦੀ ਹੈ, ਜਦੋਂ ਉਹ ਇਸ ਖੁਮਾਰੀ ਵਿੱਚੋਂ ਘਰ ਫੂਕ ਤਮਾਸ਼ਾ ਦੇਖ ਲੈਂਦੇ ਹਨ ਤਾਂ ਉਨ੍ਹਾਂ ਦੀ ਅਕਲ ਟਿਕਾਣੇ ਆਉਂਦੀ ਹੈ। ਇਸ ਪ੍ਰਵਿਰਤੀ ਨੂੰ ਉਕਸਾਉਣ ਲਈ ਮੇਰੇ ਖਿਆਲ ਵਿਚ ਜ਼ਿਆਦਾਤਰ ਦੋਸ਼ੀ ਸਾਡੀਆਂ ਸੰਗੀਤਕ ਕੰਪਨੀਆਂ ਵੀ ਹਨ, ਉਹ ਨਵੇਂ ਗਾਇਕਾਂ ਨੂੰ ਅਜਿਹੇ ਸਬਜ਼ਬਾਗ ਦਿਖਾਉਂਦੀਆਂ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਰਹਿੰਦਾ ਕਿ ਕਿਸੇ ਨੂੰ ਉਸਤਾਦ ਧਾਰ ਕੇ ਸਿੱਖਿਆ ਜਾਵੇ।

    ਲਾਲਸਾ ਨੇ ਉਸਤਾਦੀ-ਸ਼ਾਗਿਰਦੀ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ

    ਸੰਗੀਤਕ ਕੰਪਨੀਆਂ ਦੀ ਪੈਸਾ ਕਮਾਉਣ ਦੀ ਲਾਲਸਾ ਨੇ ਉਸਤਾਦੀ-ਸ਼ਾਗਿਰਦੀ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ ਅਤੇ ਬੇਸੁਰੇ ਬੇਤਾਲੇ ਗਾਇਕਾਂ ਦੀਆਂ ਲਾਈਨਾਂ ਲਾ ਦਿੱਤੀਆਂ ਹਨ। ਕੰਪਨੀ ਵਾਲੇ ਨਵੇਂ ਗਾਇਕ ਲਈ ਇਸ ਤਰ੍ਹਾਂ ਦੀ ਪ੍ਰਭਾਵਸ਼ਾਲੀ ਸ਼ਬਦਾਵਲੀ ਵਰਤ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਉਕਸਾਉਂਦੇ ਹਨ ਕਿ ਗਾਇਕ ਉਨ੍ਹਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਜਿਵੇਂ ਕਿ ‘ਬੱਸ ਭਾਅ ਜੀ ਤੁਹਾਨੂੰ ਸਟਾਰ ਬਣਾ ਦੇਣੈ ਆਪਾਂ ਹੁਣ’ ਕੰਪਨੀ ਵਾਲਿਆਂ ਦੇ ਕਹੇ ਉਪਰੋਕਤ ਬੋਲ ਉਸ ਗਾਇਕ ਵੀਰ ਦੇ ਕੰਨੀਂ ਰਸ ਘੋਲਦੇ ਰਹਿੰਦੇ ਹਨ ਅਤੇ ਉਸ ਨੂੰ ਇਹ ਲੋੜ ਹੀ ਮਹਿਸੂਸ ਨਹੀਂ ਹੁੰਦੀ ਕਿ ਕਿਸੇ ਉਸਤਾਦ ਤੋਂ ਸਿੱਖਿਆ ਜਾਵੇ। ਇੱਕ ਪ੍ਰਸਿੱਧ ਪਾਕਿਸਤਾਨੀ ਗਾਇਕ ਨੇ ਸਾਡੇ ਇੱਕ ਗਾਇਕ ਨੂੰ ਇੱਕ ਵਾਰੀ ਵਿਦੇਸ਼ੀ ਦੌਰੇ ਦੌਰਾਨ ਕਿਹਾ ਸੀ ਕਿ ਸਾਡੇ ਪੰਜਾਬੀ ਗਾਇਕ ਪਹਿਲਾਂ ਗਾਉਣਾ ਸਿੱਖਦੇ ਹਨ ਤੇ ਫਿਰ ਗਾਇਕ ਅਖਵਾਉਂਦੇ ਹਨ, ਪਰ ਤੁਹਾਡੇ ਪਹਿਲਾਂ ਗਾਇਕ ਅਖਵਾਉਂਦੇ ਹਨ ਅਤੇ ਫਿਰ ਸਿੱਖਣ ਲੱਗਦੇ ਹਨ।

    ਪਰ ਅੱਜ ਤਾਂ ਸਾਡੀ ਪੰਜਾਬੀ ਗਾਇਕੀ ਦਾ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਕਿ ਸਾਡੇ ਗਾਇਕ, ਗਾਇਕ ਵੀ ਪਹਿਲਾਂ ਹੀ ਅਖਵਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਸਿੱਖਣ ਦੀ ਲੋੜ ਵੀ ਮਹਿਸੂਸ ਨਹੀਂ ਕਰਦੇ। ਮੈਂ ਤੁਹਾਨੂੰ ਅੱਜ ਕਈ ਅਜਿਹੇ ਗਾਇਕਾਂ ਦੀਆਂ ਉਦਾਹਰਨਾਂ ਦੇ ਸਕਦਾ ਹਾਂ, ਜਿਹੜੇ ਕਿ ਚਰਚਿਤ ਵੀ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਹਰਮੋਨੀਅਮ ਵੀ ਵਜਾਉਣਾ ਨਹੀਂ ਆਉਂਦਾ। ਇਸ ਦਾ ਇੱਕ ਕਾਰਨ ਸਾਡਾ ਇਲੈਕਟ੍ਰਾਨਿਕ ਮੀਡੀਆ ਵੀ ਹੈ ਜਿਵੇਂ ਅਸੀਂ ਆਮ ਹੀ ਪੜ੍ਹਦੇ-ਸੁਣਦੇ ਹਾਂ ਕਿ ਗਾਇਕੀ ਹੁਣ ਸੁਣਨ ਦੀ ਨਹੀਂ, ਦੇਖਣ ਦੀ ਹੀ ਰਹਿ ਗਈ ਹੈ, ਹਾਂ ਇਹ ਬਿਲਕੁਲ ਸੱਚ ਹੈ। ਕਿਉਂਕਿ ਜਿਹੜੇ ਗਾਇਕਾਂ ਨੂੰ ਹਰਮੋਨੀਅਮ ਵੀ ਵਜਾਉਣਾ ਨਹੀਂ ਆਉਂਦਾ, ਉਹ ਆਪਣੀ ਗਾਇਕੀ ਸੁਣਾ ਕੇ ਨਹੀਂ ਸਗੋਂ ਦਿਖਾ ਕੇ ਜ਼ਿਆਦਾ ਚਰਚਿਤ ਹੋਏ ਹਨ।

    ਪਹਿਲਾਂ ਸ਼ਾਗਿਰਦ ਬਕਾਇਦਾ ਉਸਤਾਦ ਨੂੰ ਪੱਗ ਦੇ ਕੇ ਉਸਤਾਦੀ-ਸ਼ਾਗਿਰਦੀ ਦੀ ਰਸਮ ਕਰਦੇ ਸਨ

    ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਦੇ ਉਸਤਾਦ ਵੀ ਅੱਜ ਦੇ ਗਾਇਕਾਂ ਵਾਂਗ ਹੀ ਹੋ ਗਏ ਹਨ। ਕਈ ਤਾਂ ਸਿਰਫ਼ ਨਾਂਅ ਦੇ ਹੀ ਉਸਤਾਦ ਹਨ ਜਿਵੇਂ ਇੱਕ ਵਾਕ ਹੈ ਕਿ ਇੱਕ ਦੀਵਾ ਉਦੋਂ ਤੱਕ ਦੂਸਰਾ ਦੀਵਾ ਨਹੀਂ ਜਗਾ ਸਕਦਾ, ਜਦੋਂ ਤੱਕ ਉਹ ਆਪ ਨਾ ਜਾਗ ਰਿਹਾ ਹੋਵੇ ਅੱਜ ਦੇ ਜ਼ਿਆਦਾਤਰ ਉਸਤਾਦ ਵੀ ਲਾਲਚ ਪਿੱਛੇ ਹੀ ਕਿਸੇ ਨੂੰ ਕੁਝ ਨਹੀਂ ਸਿਖਾਉਂਦੇ। ਪਹਿਲਾਂ ਸ਼ਾਗਿਰਦ ਬਕਾਇਦਾ ਉਸਤਾਦ ਨੂੰ ਪੱਗ ਦੇ ਕੇ ਉਸਤਾਦੀ-ਸ਼ਾਗਿਰਦੀ ਦੀ ਰਸਮ ਕਰਦੇ ਸਨ, ਕਈ-ਕਈ ਸਾਲ ਉਸਤਾਦ ਦੇ ਘਰ ਰਹਿੰਦੇ ਸਨ। ਉਸਤਾਦ ਦੀਆਂ ਝਿੜਕਾਂ ਵੀ ਸਹਿੰਦੇ ਸਨ, ਪਰ ਅੱਜ ਦੀ ਇਸ ਜ਼ਲਦਬਾਜ਼ੀ ਦੀ ਦੌੜ ਵਿੱਚ ਕਿਸੇ ਕੋਲ ਇੰਨਾ ਸਮਾਂ ਨਹੀਂ ਹੈ।

    ਅੱਜ ਜ਼ਿਆਦਾਤਰ ਗਾਇਕ, ਜਿਹੜੇ ਪੁਰਾਣੇ ਸਥਾਪਿਤ ਗਾਇਕਾਂ ਦੇ ਸ਼ਗਿਰਦਾਂ ਅਖਵਾਉਂਦੇ ਹਨ, ਉਨ੍ਹਾਂ ਵਿੱਚੋਂ ਕਈ ਤਾਂ ਉਸ, ਉਸਤਾਦ ਨੂੰ ਮਿਲੇ ਵੀ ਨਹੀਂ ਹੁੰਦੇ। ਸਿਰਫ਼ ਨਾਂਅ ਦੇ ਹੀ ਉਸਤਾਦ ਬਣਾਏ ਹੁੰਦੇ ਹਨ। ਕਈ ਉਸਤਾਦਾਂ ਨੇ ਆਪਣੀ ਇੰਟਰਵਿਊ ਵਿਚ ਕਿਹਾ ਵੀ ਹੈ ਕਿ ਫਲਾਣਾ ਗਾਇਕ ਜੋ ਮੇਰਾ ਸ਼ਾਗਿਰਦ ਅਖਵਾਉਂਦਾ ਹੈ, ਉਹ ਮੇਰਾ ਸ਼ਾਗਿਰਦ ਨਹੀਂ ਹੈ। ਕਈ ਗਾਇਕ ਕਿਸੇ ਸਥਾਪਿਤ ਗਾਇਕ ਦੇ ਮਰਨ ਪਿੱਛੋਂ ਉਸ ਦੇ ਸ਼ਾਗਿਰਦ ਅਖਵਾਉਣਾ ਸ਼ੁਰੂ ਕਰ ਦਿੰਦੇ ਹਨ।

    ਜਿਵੇਂ ਕਿਹਾ ਜਾਂਦਾ ਹੈ ਕਿ ਜਿਸ ਮਕਾਨ ਦੀ ਨੀਂਹ ਮਜ਼ਬੂਤ ਹੋਵੇਗੀ, ਉਹ ਹੀ ਜ਼ਿਆਦਾ ਦੇਰ ਟਿਕ ਸਕੇਗਾ, ਨਹੀਂ ਤਾਂ ਰੇਤ ਦੀਆਂ ਕੰਧਾਂ ਹੋ ਕੇ ਰਹਿ ਜਾਵੇਗਾ। ਸੋ ਇਸ ਲਈ ਅੱਜ ਲੋੜ ਹੈ ਬਾਕਾਇਦਾ ਉਸਤਾਦ ਧਾਰ ਕੇ ਸਿੱਖ ਕੇ ਸੰਗੀਤ ਵਾਲੇ ਪਾਸੇ ਆਉਣ ਦੀ ਤਾਂ ਹੀ ਬੇਸੁਰੇ, ਬੇਤਾਲੇ ਗਾਇਕਾਂ ਦੀ ਭੀੜ ਨੂੰ ਠੱਲ੍ਹ ਪਵੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਸਤਾਦੀ-ਸ਼ਾਗਿਰਦੀ ਸਿਰਫ ਗਾਇਕੀ ਦੇ ਖੇਤਰ ਵਿੱਚ ਹੀ ਨਹੀਂ ਹੁੰਦੀ, ਬਲਕਿ ਹੋਰ ਕਾਫੀ ਸਾਰੇ ਖੇਤਰਾਂ ਵਿੱਚ ਵੀ ਹੁੰਦੀ ਹੈ, ਸੋ ਕੋਈ ਵੀ ਕੰਮ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸ ਲਈ ਪਹਿਲਾਂ ਬਾਕਾਇਦਾ ਕਿਸੇ ਨੂੰ ਉਸਤਾਦ ਧਾਰ ਕੇ, ਆਪ ਸ਼ਾਗਿਰਦ ਬਣ ਕੇ, ਉਸ ਕੰਮ ਦਾ ਪੂਰਾ ਗਿਆਨ ਲਵੋ, ਫਿਰ ਹੀ ਤੁਸੀਂ ਉਸ ਕੰਮ ਵਿੱਚ ਪੂਰੇ ਹੁਨਰਮੰਦ ਬਣ ਸਕਦੇ ਹੋ।

    ਬਠਿੰਡਾ ਮੋ. 80547-57806
    ਹਰਮੀਤ ਸਿਵੀਆਂ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here