ਦਲਿਤ ਜਥੇਬੰਦੀਆਂ ਵੱਲੋਂ ਕਾਲਜ ਪ੍ਰਸ਼ਾਸਨ ਨੂੰ ਇੱਕ ਹਫਤੇ ਦਾ ਅਲਟੀਮੇਟਮ
ਨਰਿੰਦਰ ਸਿੰਘ ਚੌਹਾਨ/ਪਟਿਆਲਾ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਫਿਜੌਲਜ਼ੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਇਕਬਾਲ ਸਿੰਘ ਤੋਂ ਪਿਛਲੇ 13 ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਵਿਸ਼ਾ ਵਾਪਿਸ ਲੈਣ ਨਾਲ ਇਹ ਮਾਮਲਾ ਗਰਮਾ ਗਿਆ ਹੈ। ਇਸ ਸਬੰਧੀ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਐਸ. ਸੀ. ਪਾਵਰ ਇੰਜੀਨੀਅਰ ਆਫ਼ੀਸਰ ਐਸੋਸੀਏਸ਼ਨ ਪੰਜਾਬ, ਵਾਲਮੀਕਿ ਸਮਾਜ ਦੀ ਸਿਰਮੌਰ ਧਾਰਮਿਕ ਜਥੇਬੰਦੀ ਆਦਿ ਧਰਮ ਸਮਾਜ ਆਧਸ (ਭਾਰਤ), ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਪੰਜਾਬ ਆਦਿ ਦਲਿਤ ਜਥੇਬੰਦੀਆਂ ਦੇ ਇੱਕ ਵਫਦ ਨੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨਾਲ ਮੁਲਾਕਾਤ ਕਰਕੇ ਉਕਤ ਅਧਿਆਪਕ ਨਾਲ ਹੋ ਰਿਹਾ ਜਾਤੀ ਵਿਤਕਰਾ ਬੰਦ ਕਰਨ ਦੀ ਅਪੀਲ ਕੀਤੀ ਹੈ।
ਦਲਿਤ ਜਥੇਬੰਦੀਆਂ ਵੱਲੋਂ ਕਾਲਜ ਪ੍ਰਸ਼ਾਸਨ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਜੇਕਰ ਉਕਤ ਅਧਿਆਪਕ ਵੱਲੋਂ ਐਮ. ਬੀ. ਬੀ. ਐਸ. ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਵਿਸ਼ਾ ਵਾਪਿਸ ਨਾ ਦਿੱਤਾ ਗਿਆ ਅਤੇ ਪ੍ਰੋਫੈਸਰ ਦੀ ਬਣਦੀ ਤਰੱਕੀ ਲਈ ਪ੍ਰਕਿਰਿਆ ਸ਼ੁਰੂ ਨਾ ਕੀਤੀ ਗਈ ਤਾਂ ਸਮੁੱਚੀਆਂ ਦਲਿਤ ਜਥੇਬੰਦੀਆਂ ਸਰਕਾਰੀ ਮੈਡੀਕਲ ਕਾਲਜ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਨਗੀਆਂ। ਇਸ ਸਬੰਧੀ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਦੀਆਂ 1991 ਅਤੇ 2003 ਦੀਆਂ ਨੋਟੀਫਿਕੇਸ਼ਨਾਂ ਨੂੰ ਨਜ਼ਰਅੰਦਾਜ਼ ਕਰਕੇ ਅਨੁਸੂਚਿਤ ਜਾਤੀ ਦੇ ਉਕਤ ਅਧਿਆਪਕ ਦੀ ਤਰੱਕੀ ਨਹੀਂ ਕੀਤੀ ਗਈ।
ਪਿਛਲੇ 13 ਸਾਲਾਂ ਤੋਂ ਉਕਤ ਅਧਿਆਪਕ ਆਪਣੇ ਹੱਕ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਤਰਲੇ-ਮਿੰਨਤਾਂ ਕਰਦਾ ਆ ਰਿਹਾ ਹੈ, ਹੁਣ ਮੈਡੀਕਲ ਕਾਲਜ ਪ੍ਰਸ਼ਾਸਨ ਵੱਲੋਂ ਅਕਤੂਬਰ ਮਹੀਨੇ ਉਕਤ ਅਧਿਆਪਕ ਵੱਲੋਂ ਪਿਛਲੇ 13 ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਵਿਸ਼ਾ ਸੀ. ਐਨ. ਐਸ. (ਸੈਂਟਰਲ ਨਰਵਸ ਸਿਸਟਮ) ਬਿਨਾ ਪ੍ਰੋਫੈਸਰ ਦੀ ਸਹਿਮਤੀ ਤੋਂ ਹੀ ਵਾਪਿਸ ਲੈ ਕੇ ਕਿਸੇ ਹੋਰ ਅਧਿਆਪਕ ਨੂੰ ਦੇ ਦਿੱਤਾ ਹੈ। ਡਾ. ਇਕਬਾਲ ਸਿੰਘ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸੀਨੀਅਰ ਫੈਕਲਟੀ ਮੈਂਬਰ ਹਨ, ਜਿਹੜਾ ਵਿਸ਼ਾ ਡਾ. ਇਕਬਾਲ ਸਿੰਘ ਤੋਂ ਵਾਪਿਸ ਲਿਆ ਗਿਆ ਹੈ।
ਉਹ ਵਿਸ਼ਾ ਇੱਕ ਸੀਨੀਅਰ ਫੈਕਲਟੀ ਮੈਂਬਰ ਹੀ ਪੜ੍ਹਾ ਸਕਦਾ ਹੈ। ਬਾਵਜੂਦ ਇਸਦੇ ਡਾ. ਇਕਬਾਲ ਸਿੰਘ ਪਾਸੋਂ ਐਮ. ਬੀ. ਬੀ. ਐਸ. ਥਿਊਰੀ ਅਧਿਆਪਨ ਦਾ ਕੰਮ ਵਾਪਿਸ ਲਿਆ ਜਾਣਾ ਸਿੱਧਾ ਜਾਤੀ ਵਿਤਕਰਾ ਹੈ, ਜਾਤੀ ਸੋਸ਼ਣ ਅਤੇ ਧੱਕੇਸ਼ਾਹੀ ਹੈ, ਜਿਸਨੂੰ ਦਲਿਤ ਸਮਾਜ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਦਲਿਤ ਜਥੇਬੰਦੀਆਂ ਦੇ ਆਗੂਆਂ ਵਿੱਚ ਐਸ. ਸੀ. ਪਾਵਰ ਇੰਜਨੀਅਰ ਆਫ਼ੀਸਰ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਐਫ. ਸੀ. ਜੱਸਲ, ਅਮਰ ਚੰਦ, ਆਦਿ ਧਰਮ ਸਮਾਜ ਤੋਂ ਵੀਰ ਲਵਲੀ ਅਛੂਤ, ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਜਿਲ੍ਹਾ ਪ੍ਰਧਾਨ ਵੀਰ ਜੀਵਨਦਾਸ ਗਿੱਲ ਅਤੇ ਪੀੜਤ ਪ੍ਰੋਫੈਸਰ ਡਾ. ਇਕਬਾਲ ਸਿੰਘ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।