ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਇਸ ਸਮੇਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਸਿਹਤ ਦਾ ਖਿਆਲ ਰੱਖੀਏ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਪੈਸਾ ਗਿਆ ਤਾਂ ਕੁਝ ਵੀ ਨਹੀਂ ਗਿਆ, ਜੇਕਰ ਸਿਹਤ ਗਈ ਤਾਂ ਸਮਝੋ ਸਭ ਕੁਝ ਗਿਆ। ਨਕਲੀ ਮਠਿਆਈਆਂ, ਤਲੀਆਂ ਚੀਜ਼ਾਂ, ਪਟਾਕੇ, ਪ੍ਰਦੂਸ਼ਣ, ਚਿੱਟੀ ਖੰਡ, ਮੈਦੇ ਤੋਂ ਬਣੀਆਂ ਚੀਜਾਂ, ਗਲੇ-ਸੜੇ ਫਲ, ਬੇਹੀਆਂ ਸਬਜ਼ੀਆਂ ਦੀ ਵਰਤੋਂ ਬਿਲਕੁਲ ਨਾ ਕਰੋ। ਕੋਸ਼ਿਸ਼ ਕਰੋ ਆਪਣੇ ਘਰਾਂ ’ਚ ਹੀ ਮੱਠੀਆਂ, ਗੁਲਗਲੇ, ਪਕੌੜੇ, ਮਠਿਆਈਆਂ, ਮਿੱਠੀਆਂ ਰੋਟੀਆਂ, ਮਰੂੰਡੇ ਆਦਿ ਬਣਾ ਕੇ ਬੱਚਿਆਂ ਨੂੰ ਖੁਸ਼ ਰੱਖੋ। ਨਕਲੀ ਮਠਿਆਈਆਂ, ਜ਼ਹਿਰੀਲੇ ਫਲ, ਜ਼ਹਿਰੀਲੀਆਂ ਸਬਜੀਆਂ ਤੁਹਾਡੇ ਜੀਵਨ ਨੂੰ ਨਰਕ ਬਣਾ ਕੇ ਰੱਖ ਦਿੰਦੇ ਹਨ। (Festive Season)
ਇਹ ਵੀ ਪੜ੍ਹੋ : ਹਵਾ ’ਚ ਘੁਲਦਾ ਜ਼ਹਿਰ, ਜਿੰਮੇਵਾਰ ਕੌਣ
ਅੰਜ ਮਾਲਵੇ ’ਚ ਵੱਡੀ ਗਿਣਤੀ ’ਚ ਕਾਲਾ ਪੀਲੀਆ, ਕੈਂਸਰ, ਸਾਹ ਦੀਆਂ ਬਿਮਾਰੀਆਂ, ਲੀਵਰ ਦੀ ਸਮੱਸਿਆ, ਕਿਡਨੀਆਂ ਦਾ ਫੇਲ੍ਹ ਹੋ ਜਾਣਾ, ਸ਼ੂਗਰ, ਬੀਪੀ ਆਦਿ ਬਿਮਾਰੀਆਂ ਆਮ ਵੇਖਣ ਨੂੰ ਮਿਲਦੀਆਂ ਹਨ। ਇੱਕ ਵਾਰ ਜੇਕਰ ਤੁਸੀਂ ਮੰਜੇ ਉੱਪਰ ਡਿੱਗ ਗਏ ਤਾਂ ਉੱਥੋਂ ਉੱਠਣਾ ਬਹੁਤ ਔਖੀ ਗੱਲ ਹੈ। ਤਿਉਹਾਰਾਂ ਦੇ ਮੌਸਮ ਹੱਸਣ-ਖੇਡਣ, ਮਠਿਆਈਆਂ ਖਾਣ, ਪਟਾਕੇ ਚਲਾਉਣ ਆਦਿ ਨਾਲ ਭਾਵੇਂ ਸੋਭਦੇ ਹਨ ਪਰੰਤੂ ਇਨ੍ਹਾਂ ਨੂੰ ਹੋਰ ਵੀ ਵਧੀਆ ਬਣਾਇਆ ਜਾ ਸਕਦਾ ਹੈ। ਪਟਾਕਿਆਂ ਦੇ ਪ੍ਰਦੂਸ਼ਣ ਦੀ ਜਗ੍ਹਾ ’ਤੇ ਬੱਚਿਆਂ ਨੂੰ ਰੰਗੋਲੀ ਬਣਾਉਣ ਵੱਲ ਪ੍ਰੇਰਿਤ ਕਰਨਾ, ਘਰੂੰਡੀ ਨੂੰ ਸਜਾਉਣਾ, ਦੀਪਮਾਲਾ ਕਰਨੀ, ਪੇਂਟ ਕਰਨਾ, ਕਾਰਡ ਬਣਾਉਣੇ, ਦੀਵੇ ਜਗਾਉਣੇ ਆਦਿ ਵੱਲ ਵੀ ਪ੍ਰੇਰਿਤ ਕੀਤਾ।
ਸਿਹਤ ਮਨੁੱਖ ਦਾ ਗਹਿਣਾ ਹੈ ਇਸ ਗਹਿਣੇ ਨੂੰ ਸੰਭਾਲ ਕੇ ਰੱਖਣਾ ਸਾਡੀ ਸਭ ਦੀ ਜਿੰਮੇਵਾਰੀ ਹੈ। ਸਵੇਰੇ ਜਲਦੀ ਉੱਠੋ, ਗਰਮ ਪਾਣੀ ਪੀਵੋ, ਸੈਰ ਨੂੰ ਜਾਓ, ਹਲਕੀ ਅਕਸਰਸਾਈਜ, ਯੋਗਾ ਸਿਹਤ ਲਈ ਬਹੁਤ ਫਾਇਦੇਮੰਦ ਹਨ। ਦੇਸ਼ਾਂ-ਵਿਦੇਸ਼ਾਂ ’ਚ ਵੀ ਅੱਜ ਇਨਸਾਨ ਆਪਣੀ ਸਿਹਤ ਪ੍ਰਤੀ ਗੰਭੀਰ ਹੋਇਆ ਹੈ। ਪੈਸੇ ਕਮਾਉਣ ਦੀ ਹੋੜ ’ਚ ਅੱਗੇ ਨਾ ਵਧਦੇ ਹੋਏ ਆਓ! ਆਪਾਂ ਸਾਰੇ ਆਪਣੀ ਸਿਹਤ, ਆਪਣੇ ਵਾਤਾਵਰਨ ਦਾ ਖਿਆਲ ਰੱਖੀਏ ਤਾਂ ਕਿ ਅਸੀਂ ਇੱਕ ਵਧੀਆ ਤੇ ਨਰੋਆ ਸਮਾਜ ਸਿਰਜ ਸਕੀਏ। (Festive Season)














