ਤਾਲਾਬੰਦੀ ਕਾਰਨ ਨਾਂਦੇੜ ‘ਚ ਫਸੇ ਪੰਜਾਬ ਦੇ 2 ਹਜ਼ਾਰ ਸ਼ਰਧਾਲੂਆਂ ਦੀ ਵਾਪਸੀ ਲਈ ਅਪੀਲ

Sports University

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਅਤੇ ਉਧਵ ਠਾਕਰੇ ਨੂੰ ਪੱਤਰ ਲਿਖ ਕੇ ਮੰਗੀ ਮਦਦ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਨੂੰ ਸ੍ਰੀ ਨਾਂਦੇੜ ਸਾਹਿਬ ਤੋਂ ਪੰਜਾਬ ਦੇ 2000 ਸ਼ਰਧਾਲੂਆਂ ਦੀ ਵਾਪਸੀ ਲਈ ਫੌਰੀ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ ਜੋ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੀਤੀ ਤਾਲਾਬੰਦੀ ਕਾਰਨ ਉਥੇ ਫਸੇ ਹੋਏ ਹਨ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਪੱਤਰ ਲਿਖੇ ਹਨ। ਬੁਲਾਰੇ ਨੇ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਨੇ ਜਵਾਬ ਵਿੱਚ ਭਰੋਸਾ ਦਿੱਤਾ ਹੈ ਕਿ ਉਥੇ ਫਸੇ ਸ਼ਰਧਾਲੂਆਂ ਦੀ ਮਦਦ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਬੁਲਾਰੇ ਮੁਤਾਬਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫ਼ਤਰ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਇਸ ਸਬੰਧ ਵਿੱਚ ਬਣਦੇ ਕਦਮ ਚੁੱਕੇ ਜਾ ਰਹੇ ਹਨ। ਇਸੇ ਦੌਰਾਨ ਮਹਾਰਾਸ਼ਟਰ ਦੇ ਸੈਰ ਸਪਾਟਾ, ਵਾਤਾਵਰਣ ਅਤੇ ਪ੍ਰੋਟੋਕੋਲ ਮੰਤਰੀ ਅਦਿੱਤਿਆ ਠਾਕਰੇ ਨੇ ਇਸ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ,”ਧੰਨਵਾਦ ਸਰ, ਇਸ ਮਾਮਲੇ ਨੂੰ ਦੇਖਾਂਗੇ ਅਤੇ ਲੋੜੀਂਦੀ ਮਦਦ ਕਰਾਂਗੇ।” ਮੁੱਖ ਮੰਤਰੀ ਨੇ ਟਵੀਟ ਕੀਤਾ ਸੀ,”ਗੁਰਦੁਆਰਾ ਸ੍ਰੀ ਨਾਂਦੇੜ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਪੱਤਰ ਲਿਖੇ ਹਨ। ਸ਼ਰਧਾਲੂ ਲੰਮੇ ਸਮੇਂ ਤੋਂ ਇੱਥੇ ਫਸੇ ਹੋਏ ਹਨ ਅਤੇ ਇਨ੍ਹਾਂ ਨੂੰ ਆਪਣੇ ਘਰਾਂ ਅਤੇ ਪਰਿਵਾਰਾਂ ਕੋਲ ਸੁਰੱਖਿਅਤ ਲਿਆਉਣਾ ਸਾਡਾ ਫਰਜ਼ ਹੈ।”

ਕੇਂਦਰੀ ਗ੍ਰਹਿ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੋਂ ਇਹ ਸ਼ਰਧਾਲੂ ਮਹਾਰਾਸ਼ਟਰ ਵਿੱਚ ਨਾਂਦੇੜ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਕੋਵਿਡ-19 ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਰੇਲਾਂ ਰੱਦ ਹੋਣ ਅਤੇ ਬੀਤੇ ਦਿਨ ਅੱਧੀ ਰਾਤ ਤੋਂ ਕੌਮੀ ਤਾਲਾਬੰਦੀ ਹੋਣ ਕਰਕੇ ਭਾਰਤ ਸਰਕਾਰ ਦੀ ਵਿਸ਼ੇਸ਼ ਮਨਜ਼ੂਰੀ ਤੋਂ ਬਿਨਾਂ ਇਨ੍ਹਾਂ ਦੇ ਪੰਜਾਬ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਕੇਂਦਰੀ ਰੇਲਵੇ ਮੰਤਰਾਲੇ ਕੋਲ ਪਹਿਲਾਂ ਹੀ ਇਹ ਮਸਲਾ ਉਠਾ ਕੇ ਇਨ੍ਹਾਂ ਸ਼ਰਧਾਲੂਆਂ ਨੂੰ ਉਥੋਂ ਵਾਪਸ ਲਿਆਉਣ ਲਈ ਵਿਸ਼ੇਸ਼ ਰੇਲਾਂ ਚਲਾਉਣ ਦੀ ਇਜਾਜ਼ਤ ਦੇਣ ਦੀ ਮੰਗ ਕਰ ਚੁੱਕਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਨਾਂਦੇੜ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਕਿ ਸ਼ਰਧਾਲੂਆਂ ਦੇ ਰਹਿਣ-ਸਹਿਣ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਸਕਣ।

ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਠਾਕਰੇ ਨੂੰ ਵੀ ਅਪੀਲ ਕੀਤੀ ਕਿ ਭਾਰਤ ਸਰਕਾਰ ਵੱਲੋਂ ਅੰਤਿਮ ਫੈਸਲਾ ਲਏ ਜਾਣ ਤੱਕ ਸ਼ਰਧਾਲੂਆਂ ਲਈ ਲੋੜੀਂਦੇ ਬੰਦੋਬਸਤ ਕਰਨ ਵਾਸਤੇ ਨਾਂਦੇੜ ਦੇ ਜ਼ਿਲ੍ਹਾ ਪ੍ਰ੍ਰਸ਼ਾਸਨ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।