ਚੱਢਾ ਸ਼ੂਗਰ ਮਿੱਲ ਖ਼ਿਲਾਫ਼ ਕਾਰਵਾਈ ਕਰਨ ਤੋਂ ਡਰ ਰਹੇ ਨੇ ਅਧਿਕਾਰੀ

Chadha, Afraid, Action, Against, Sugar, Mill, Officials, Afraid

ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਹੋ ਰਿਹਾ ਐ ਇੰਤਜ਼ਾਰ | Sugar Mill

  • 23 ਮਈ ਨੂੰ ਮੁੱਖ ਮੰਤਰੀ ਦੀ ਵਾਪਸੀ ਤੋਂ ਬਾਅਦ ਹੀ ਕੀਤੀ ਜਾਏਗੀ ਕੋਈ ਕਾਰਵਾਈ | Sugar Mill
  • ਮੁੱਖ ਮੰਤਰੀ ਦੇ ਸਲਾਹਕਾਰ ਪਰਮਜੀਤ ਸਰਨਾ ਦੀ ਭਤੀਜੀ ਹੈ ਫੈਕਟਰੀ ਦੀ ਮਾਲਕਣ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਿਆਸ ਦਰਿਆ ਨੂੰ ਜ਼ਹਿਰੀਲਾ ਬਣਾਉਣ ਵਾਲੀ ਚੱਢਾ ਸ਼ੂਗਰ ਮਿੱਲ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀ ਡਰ ਰਹੇ ਹਨ, ਕਿਉਂਕਿ ਚੱਢਾ ਸ਼ੂਗਰ ਮਿੱਲ ਦੀ ਮਾਲਕਣ ਜਸਦੀਪ ਕੌਰ ਚੱਢਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਲਾਹਕਾਰ ਪਰਮਜੀਤ ਸਰਨਾ ਦੀ ਭਤੀਜੀ ਹੈ। ਬੀਤੇ 4 ਦਿਨਾਂ ਤੋਂ ਇਸ ਮਾਮਲੇ ‘ਚ ਕੋਈ ਵੀ ਕਾਰਵਾਈ ਕਰਨ ਦੀ ਬਜਾਇ ਸਿਰਫ਼ ਜਾਂਚ ਹੀ ਚੱਲ ਰਹੀ ਹੈ। ਸੋਮਵਾਰ ਨੂੰ ਵੀ ਵਾਤਾਵਰਨ ਵਿਭਾਗ, ਪੰਜਾਬ ਰਾਜ ਪ੍ਰਦੂਸ਼ਣ ਬੋਰਡ, ਸਿੰਚਾਈ ਵਿਭਾਗ ਤੇ ਜੰਗਲਾਤ ਵਿਭਾਗ ਵੱਲੋਂ ਕੋਈ ਕਾਰਵਾਈ ਹੀ ਨਹੀਂ ਕੀਤੀ ਗਈ ਹੈ। ਸਿਰਫ਼ ਜੰਗਲਾਤ ਵਿਭਾਗ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੀ ਅਦਾਲਤ ‘ਚ ਇਸਤਗਾਸਾ ਪਾਉਂਦੇ ਹੋਏ ਐੱਫਆਈਆਰ ਦਰਜ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਸ਼ਾਰਾ ਨਹੀਂ ਆਉਣ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਏਗੀ, ਕਿਉਂਕਿ ਪਰਮਜੀਤ ਸਰਨਾ ਵੱਲੋਂ ਕਾਫ਼ੀ ਜਿਆਦਾ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਹੋਵੇ। ਅਮਰਿੰਦਰ ਸਿੰਘ ਇਸ ਵੇਲੇ ਛੁੱਟੀ ਬਿਤਾਉਣ ਲਈ ਮਨਾਲੀ ਵਿਖੇ ਗਏ ਹੋਏ ਹਨ ਤੇ ਉਹ 23 ਮਈ ਨੂੰ ਵਾਪਸੀ ਕਰਨਗੇ, ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਏਗੀ।

ਪੀਣ ਯੋਗ ਪਾਣੀ ਨੂੰ ਲੈ ਕੇ ਚਿੰਤਤ ਸਰਕਾਰ | Sugar Mill

ਬਿਆਸ ਦਰਿਆ ਤੋਂ ਪੰਜਾਬ ਦੇ ਤਿੰਨੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ ਦੇ ਪਿੰਡਾਂ ਤੇ ਸ਼ਹਿਰ ‘ਚ ਪੀਣ ਲਈ ਪਾਣੀ ਦੀ ਸਪਲਾਈ ਹੁੰਦੀ ਹੈ। ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ ਸਰਕਾਰ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕਿਤੇ ਇਸ ਨਾਲ ਕੋਈ ਬਿਮਾਰੀ ਜਾਂ ਫਿਰ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਏ। ਬਿਆਸ ਦਰਿਆ ਤੋਂ ਆ ਰਹੇ ਪਾਣੀ ਦੀ ਸਫ਼ਾਈ ਕੀਤੀ ਜਾ ਰਹੀ ਹੈ ਇਸ ਨਾਲ ਹੀ ਰੋਜ਼ਾਨਾ ਸਵੇਰੇ ਸ਼ਾਮ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਇਨ੍ਹਾਂ ਤਿੰਨੇ ਜ਼ਿਲ੍ਹਿਆਂ ਦੇ ਪਾਣੀ ਦੇ ਸੈਂਪਲ ਲੈਂਦੇ ਹੋਏ ਜਾਂਚ ਕੀਤੀ ਜਾ ਰਹੀ ਹੈ।