Bathinda News: ਤਿੰਨ ਸਾਲਾਂ ਤੋਂ ਬੰਦ ਪਏ ਗੋਦਾਮ ’ਚ ਚੌਲ ਲੈ ਕੇ ਆਏ ਟਰਾਲੇ ਲੋਕਾਂ ਨੇ ਰੋਕੇ

Bathinda News
Bathinda News: ਤਿੰਨ ਸਾਲਾਂ ਤੋਂ ਬੰਦ ਪਏ ਗੋਦਾਮ ’ਚ ਚੌਲ ਲੈ ਕੇ ਆਏ ਟਰਾਲੇ ਲੋਕਾਂ ਨੇ ਰੋਕੇ

ਪਿੰਡ ਵਾਸੀਆਂ ਨੇ ਗੋਦਾਮ ਨੂੰ ਪੱਕੇ ਤੌਰ ’ਤੇ ਬੰਦ ਕਰਨ ਦੀ ਕੀਤੀ ਮੰਗ

ਬਠਿੰਡਾ (ਅਸ਼ੋਕ ਗਰਗ)। Bathinda News: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਮਹਿਤਾ ਵਿਖੇ ਤਿੰਨ ਸਾਲਾਂ ਤੋਂ ਬੰਦ ਪਏ ਗੋਦਾਮ ਨੂੰ ਦੁਬਾਰਾ ਚਾਲੂ ਕਰਨ ’ਤੇ ਪਿੰਡ ਵਾਸੀਆਂ ਦਾ ਗੁੱਸਾ ਇੱਕ ਵਾਰ ਫਿਰ ਫੁੱਟ ਪਿਆ। ਇਸ ਤੋਂ ਪਹਿਲਾਂ ਵੀ ਪਿੰਡ ਵਾਸੀਆਂ ਨੇ ਧਰਨੇ ਮੁਜਾਹਰੇ ਕਰਕੇ ਤੇ ਉਚ ਅਧਿਕਾਰੀਆਂ ਨੂੰ ਲਿਖਤੀ ਤੌਰ ਦਰਖਾਸਤਾਂ ਦੇ ਕੇ ਗੋਦਾਮ ਨੂੰ ਬੰਦ ਕਰਵਾ ਦਿੱਤਾ ਸੀ। ਅੱਜ ਐਤਵਾਰ ਨੂੰ ਜਦੋਂ ਫਿਰ ਚੌਲਾਂ ਦੇ ਭਰੇ ਤਿੰਨ ਟਰਾਲੇ ਗੋਦਾਮ ’ਚ ਪਹੁੰਚ ਗਏ ਤਾਂ ਪਿੰਡ ਵਾਸੀਆਂ ਨੂੰ ਪਤਾ ਲੱਗਣ ਤੇ ਵੱਡੀ ਗਿਣਤੀ ਪਿੰਡ ਵਾਸੀ ਇੱਕਠੇ ਹੋ ਕੇ ਗੋਦਾਮ ਵਿੱਚ ਪਹੁੰਚ ਗਏ। ਹਾਸਲ ਹੋਏ ਵੇਰਵਿਆਂ ਮੁਤਾਬਕ ਪਿੰਡ ਮਹਿਤਾ ਵਿਖੇ ਗਹਿਰੀਭਾਗੀ ਸੜਕ ’ਤੇ ਇੱਕ ਗੋਦਾਮ ਬਣਿਆ ਹੈ।

ਇਹ ਖਬਰ ਵੀ ਪੜ੍ਹੋ : Voter List Update India: ਵੋਟਰ ਸੂਚੀਆਂ ਦੀ ਸਹੀ ਸੋਧ ਲੋਕਤੰਤਰ ਨੂੰ ਕਰੇਗੀ ਮਜ਼ਬੂਤ

ਇਸ ਗੋਦਾਮ ’ਚ ਕਣਕ ਤੇ ਚੌਲਾਂ ਦਾ ਭੰਡਾਰ ਹੋਣ ਕਾਰਨ ਬਹੁਤ ਜਿਆਦਾ ਸੁਸਰੀ ਪੈਦਾ ਹੋ ਗਈ ਸੀ ਇਸ ਤੋਂ ਇਲਾਵਾ ਵੱਡੇ ਟਰਾਲੇ ਆਉਣ ਕਾਰਨ ਪਿੰਡ ਦੀ ਲਿੰਕ ਸੜਕ ਬੁਰ੍ਹੀ ਤਰ੍ਹਾਂ ਟੁੱਟ ਚੁੱਕੀ ਸੀ ਜਿਸ ਦੀ ਹਾਲਤ ਅੱਜ ਵੀ ਜਿਉਂ ਦੀ ਤਿਉਂ ਹੈ। ਇਨ੍ਹਾਂ ਮੁਸ਼ਕਲਾਂ ਨੂੰ ਵੇਖਦੇ ਹੋਏ ਪਿੰਡ ਵਾਸੀਆਂ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਗਿਆ। ਇਸ ਤੋਂ ਬਾਅਦ ਪ੍ਰਸਾਸਨ ਨੇ ਗੋਦਾਮ ਨੂੰ ਇੱਕ ਵਾਰ ਬੰਦ ਕਰ ਦਿੱਤਾ ਸੀ। ਤਿੰਨ ਸਾਲਾਂ ਬਾਅਦ ਅੱਜ ਐਤਵਾਰ ਨੂੰ ਫਿਰ ਇਸ ਗੋਦਾਮ ਨੂੰ ਚਾਲੂ ਕਰਨ ਲਈ ਚੌਲਾਂ ਦੇ ਭਰੇ ਤਿੰਨ ਟਰਾਲੇ ਪਹੁੰਚ ਗਏ। ਜਦੋਂ ਪਿੰਡ ਵਾਸੀਆਂ ਨੂੰ ਇਸ ਦਾ ਪਤਾ ਲੱਗਿਆ ਤਾਂ ਲੋਕਾਂ ਨੇ ਇੱਕਠੇ ਹੋ ਕੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। Bathinda News

ਰੌਲੇ ਦਾ ਪਤਾ ’ਤੇ ਥਾਣਾ ਸੰਗਤ ਪੁਲਿਸ ਦੇ ਮੁੱਖ ਅਫਸਰ ਇੰਸਪੈਕਟਰ ਪਰਮ ਪਾਰਸ ਸਿੰਘ ਚਾਹਲ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਤੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਮੌਕੇ ਅਨਾਜ ਭੰਡਾਰ ਦੀਆਂ ਵੱਖ-ਵੱਖ ਇੰਜੇਸੀਆਂ ਦੇ ਅਧਿਕਾਰੀ ਵੀ ਪਹੁੰਚ ਗਏ ਸਨ। ਪਿੰਡ ਵਾਸੀ ਮੰਗ ਕਰ ਰਹੇ ਸਨ ਕਿ ਇਨ੍ਹਾਂ ਟਰਾਲਿਆਂ ਨੂੰ ਵਾਪਸ ਭੇਜਿਆ ਜਾਵੇ ਜਦੋਂ ਕਿ ਪੁਲਿਸ ਪ੍ਰਸ਼ਾਸਨ ਤੇ ਫੂਡ ਸਪਲਾਈ ਦੇ ਅਫਸਰ ਉਚ ਅਧਿਕਾਰੀਆਂ ਨਾਲ ਪਿੰਡ ਵਾਸੀਆਂ ਦੀ ਮੀਟਿੰਗ ਕਰਵਾਉਣ ਦੀ ਗੱਲ ਕਹਿ ਰਹੇ ਸਨ ਪਰ ਖਬਰ ਲਿਖੇ ਜਾਣ ਤੱਕ ਸ਼ਾਮ ਦੇਰ ਤੱਕ ਕੋਈ ਸਿੱਟਾ ਨਾ ਨਿਕਲ ਸਕਿਆ ਅਤੇ ਪਿੰਡ ਵਾਸੀ ਆਪਣੀ ਮੰਗ ’ਤੇ ਅੜੇ ਹੋਏ ਸਨ। Bathinda News

ਕਿ ਟਰਾਲੇ ਵਾਪਸ ਭੇਜ ਕੇ ਇਸ ਗੋਦਾਮ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ ਤਾਂ ਕਿ ਇਸ ਗੋਦਾਮ ਨਾਲ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਓਧਰ ਇੰਸਪੈਕਟਰ ਪਰਮ ਪਾਰਸ ਸਿੰਘ ਚਹਿਲ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਲਦੀ ਹੀ ਇਸ ਦਾ ਕੋਈ ਹੱਲ ਕੱਢ ਲਿਆ ਜਾਵੇਗਾ। ਇਸ ਮਾਮਲੇ ਸਬੰਧੀ ਫੂਡ ਸਪਲਾਈ ਅਫਸਰ ਮੈਡਮ ਰਵਿੰਦਰ ਕੌਰ ਦਾ ਕਹਿਣਾ ਸੀ। Bathinda News

ਕਿ ਗੋਦਾਮ ਦੇ ਮਾਮਲੇ ਸਬੰਧੀ ਪਿੰਡ ਵਾਸੀਆਂ ਦੀ ਭਲਕੇ ਮੀਟਿੰਗ ਬੁਲਾਈ ਹੈ ਤੇ ਗੱਲਬਾਤ ਕਰਕੇ ਕੋਈ ਹੱਲ ਕੱਢਿਆ ਜਾਵੇਗਾ। ਪਹਿਲਾਂ ਬੰਦ ਪਏ ਗੋਦਾਮ ਬਾਰੇ ਮੈਡਮ ਰਵਿੰਦਰ ਕੌਰ ਨੇ ਆਖਿਆ ਕਿ ਇਹ ਗੋਦਾਮ ਬੰਦ ਨਹੀਂ ਸੀ ਬਲਕਿ ਇਸ ਦਾ ਠੇਕਾ ਖਤਮ ਹੋ ਗਿਆ ਸੀ ਤੇ ਹੁਣ ਦੁਬਾਰਾ ਇਸ ਨੂੰ ਚਾਲੂ ਕਰਨ ਲਈ ਇੱਕ ਕੰਪਨੀ ਨੇ ਇਸ ਦਾ ਠੇਕਾ ਲੈ ਲਿਆ ਹੈ। ਜਿਕਰਯੋਗ ਹੈ ਕਿ ਜੇਕਰ ਇਹ ਗੋਦਾਮ ਚਾਲੂ ਹੋ ਜਾਂਦਾ ਹੈ ਤਾਂ ਇਸ ’ਚ ਕਰੀਬ 25 ਹਜਾਰ ਟਨ ਮਾਲ ਭੰਡਾਰ ਕੀਤਾ ਜਾਵੇਗਾ।