ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੀ ਸ਼ੰਕਾ, ਉਮੀਦਵਾਰ ਖ਼ੁਦ ਕੰਟਰੋਲ ਰੂਮ ਅੱਗੇ ਦੇ ਰਹੇ ਹਨ ਪਹਿਰਾ

ਡਰ ਹੈ ਕਿ ਕਾਗਜ ਦਰੁਸਤ ਕਰਨ ਮੌਕੇ ਕੀਤਾ ਗਿਆ ਧੱਕਾ, ਅੱਗੇ ਵੀ ਹੋ ਸਕਦੈ : ਸ਼ਰਮਾ ਤੇ ਬਾਂਸਲ

ਤਪਾ, (ਸੁਰਿੰਦਰ ਮਿੱਤਲ਼ (ਸੱਚ ਕਹੂੰ)) ਤਪਾ ਵਿਖੇ ਨਗਰ ਕੌਂਸਲ ਚੋਣਾਂ ਇੱਕਾ ਦੁੱਕਾ ਥਾਵਾਂ ’ਤੇ ਮਾਮੂਲੀ ਤਕਰਾਰਬਾਜ਼ੀ ਨੂੰ ਛੱਡ ਕੇ ਸ਼ਾਂਤੀ ਪੂਰਵਕ ਨੇਪਰੇ ਚੜੀਆਂ। ਪਰ ਚੋਣਾਂ ਦੇ ਨਤੀਜਿਆਂ ਤੱਕ ਆਜ਼ਾਦ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਉਮੀਦਵਾਰਾਂ ਨੇ ਸੱਤਾਧਾਰੀ ਧਿਰ ’ਤੇ ਨਿਰਪੱਖ ਨਤੀਜੇ ਨਾ ਦੇਣ ਦੀ ਸ਼ੰਕਾ ਜਤਾਉਂਦਿਆਂ ਬਕਸਿਆਂ ਦੀ ਰਾਖੀ ਖੁਦ ਕਰਨ ਦਾ ਫੈਸਲਾ ਲਿਆ ਹੈ। ਉਮੀਦਵਾਰਾਂ ਵੱਲੋਂ ਡਰ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਸਰਕਾਰੀ ਜ਼ੋਰ ਕਾਰਨ ਵੋਟਿੰਗ ਮਸ਼ੀਨਾਂ ਨਾਲ ਛੇੜ ਛਾੜ ਕਰਕੇ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ।

ਤਹਿਸੀਲ ਕੰਪਲੈਕਸ ਤਪਾ ਵਿਖੇ ਵਾਰਡ ਨੰਬਰ 4 ਦੇ ਆਜ਼ਾਦ ਉਮੀਦਵਾਰ ਧਰਮ ਪਾਲ ਸ਼ਰਮਾਂ, ਵਾਰਡ ਨੰਬਰ 9 ਤੋਂ ਰੀਸ਼ੂ ਰੰਗੀ ਦੇ ਪਤੀ ਅਰਵਿੰਦ ਰੰਗੀ, ਵਾਰਡ ਨੰਬਰ 12 ਦੇ ਹਰਦੀਪ ਸਿੰਘ ਪੋਪਲ, ਵਾਰਡ ਨੰਬਰ 7 ਦੇ ਸੁਨੀਤਾ ਬਾਂਸਲ ਦੇ ਪਤੀ ਅਤੇ ਵਾਰਡ ਨੰਬਰ 8 ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤਰਲੋਚਨ ਬਾਂਸਲ ਭਗਵੰਤ ਚੱਠਾ, ਦੀਪਕ ਆਦਿ ਨੇ ਕਿਹਾ ਕਿ ਤਹਿਸੀਲ ਕੰਪਲੈਕਸ ਵਿਖੇ ਰੱਖੀਆਂ ਵੋਟਿੰਗ ਮਸ਼ੀਨਾਂ ਵਾਲੇ ਕੰਟਰੋਲ ਰੂਮ ਵਿਖੇ ਸਰਕਾਰੀ ਸੁਰੱਖਿਆ ਦੇ ਨਾਲ-ਨਾਲ ਆਪਣੇ ਵੱਲੋਂ ਨਿੱਜੀ ਸੁਰੱਖਿਆ ਕਰਨ ਦੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱÎਸਿਆ ਕਿ ਉਨ੍ਹਾਂ ਵੱਲੋਂ ਕੰਟਰੋਲ ਰੂਮ ਦੇ ਲੱਗੇ ਜਿੰਦਰੇ ਉੱਪਰ ਇੱਕ ਹੋਰ ਜਿੰਦਰਾ ਜੜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਟਰੋਲ ਰੂਮ ਦੇ ਆਸੇ ਪਾਸੇ ਸਖਤ ਪਹਿਰਾ ਦੇਣ ਲਈ ਪ੍ਰਬੰਧ ਵੀ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨਾਲ ਜਿਵੇਂ ਕਾਗਜ਼ ਦਰੁਸਤ ਕਰਨ ਵੇਲੇ ਧੱਕਾ ਕੀਤਾ ਗਿਆ ਹੈ ਹੁਣ ਨਤੀਜੇ ਜ਼ਾਰੀ ਕਰਨ ਮੌਕੇ ਵੀ ਉਵੇਂ ਹੀ ਕੀਤਾ ਜਾ ਸਕਦਾ ਹੈ। ਇਸ ਲਈ ਉਹ ਵੋਟਿੰਗ ਮਸ਼ੀਨਾਂ ਦੀ ਪੂਰਨ ਸੁਰੱਖਿਆ ਲਈ ਆਪਣੇ ਪੱਧਰ ’ਤੇ ਵੀ ਪੁਖ਼ਤਾ ਇੰਤਜ਼ਾਮ ਕਰ ਰਹੇ ਹਨ। ਉਹਨਾਂ ਕਿਹਾ ਕਿ ਵੱਖ-ਵੱਖ ਗਰੁੱਪ ਬਣਾ ਕੇ ਨਤੀਜੇ ਜਾਰੀ ਕਰਨ ਸਮੇਂ ਤੱਕ ਕੰਟਰੋਲ ਰੂਮ ਦੇ ਬਾਹਰ ਪਹਿਰਾ ਰੱਖਿਆ ਜਾਵੇਗਾ ਪਰ ਇਸਦੇ ਬਾਵਜੂਦ ਸਰਕਾਰੀ ਧੱਕੇ ਦੀ ਸ਼ੰਕਾ ਨੂੰ ਨਕਾਰਿਆ ਨਹੀਂ ਜਾ ਸਕਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.