ਜੋਗਾ ਵਾਸੀ ਲਾਇਬ੍ਰੇਰੀਅਨ ਦੀ ਬਰਨਾਲਾ ਜ਼ਿਲ੍ਹੇ ‘ਚੋਂ ਤਰਨਤਾਰਨ ਜ਼ਿਲ੍ਹੇ ‘ਚ ਕੀਤੀ ਬਦਲੀ
ਸੁਖਵੀਰ ਸਿੰਘ ਨੇ ਪਟਿਆਲਾ ਮੋਰਚੇ ‘ਚ ਅਧਿਆਪਕਾਂ ਦੇ ਪੱਖ ‘ਚ ਲਾਏ ਸੀ ਨਾਅਰੇ
ਵਿਭਾਗ ਨੇ ਆਖਿਆ ਧਰਨੇ ‘ਚ ਸ਼ਮੂਲੀਅਤ ਨਹੀਂ, ਸਟਾਫ ਮੈਂਬਰ ਦੀ ਸ਼ਿਕਾਇਤ ਕਾਰਨ ਕੀਤੀ ਹੈ ਬਦਲੀ
ਸੁਖਜੀਤ ਮਾਨ, ਮਾਨਸਾ
ਮੁੱਖ ਮੰਤਰੀ ਦੇ ਸ਼ਹਿਰ ‘ਚ ਪੱਕਾ ਮੋਰਚਾ ਲਾ ਕੇ ਬੈਠੇ ਅਧਿਆਪਕਾਂ ਦੀ ਹਮਾਇਤੀ ਵੀ ਹੁਣ ਸਿੱਖਿਆ ਵਿਭਾਗ ਨੂੰ ਰੜਕਣ ਲੱਗੀ ਹੈ ਜੇ ਕੋਈ ਅਧਿਆਪਕ ਇਸ ਮੋਰਚੇ ‘ਚ ਜਾ ਕੇ ਜਾਂ ਸੋਸ਼ਲ ਮੀਡੀਆ ਜ਼ਰੀਏ ਵੀ ਇਸ ਸੰਘਰਸ਼ ਦੇ ਹੱਕ ‘ਚ ਹਾਂ ਦਾ ਨਾਅਰਾ ਮਾਰਦਾ ਹੈ ਤਾਂ ਵਿਭਾਗ ਉਸ ਨੂੰ ਬਦਲੀ ਦੀ ‘ਸਜ਼ਾ’ ਦੇਣ ‘ਚ ਦੇਰੀ ਨਹੀਂ ਕਰਦਾ ਆਮ ਤੌਰ ‘ਤੇ ਇੱਕ ਜ਼ਿਲ੍ਹੇ ‘ਚੋਂ ਦੂਜੇ ਜ਼ਿਲ੍ਹੇ ‘ਚ ਬਦਲੀ ਕਰਵਾਉਣ ਲਈ ਅਧਿਆਪਕ ਦਫ਼ਤਰਾਂ ਦੀਆਂ ਪੌੜੀਆਂ ਚੜ੍ਹਦੇ ਥੱਕ ਜਾਂਦੇ ਨੇ ਪਰ ਸਜ਼ਾ ਵਾਲੀ ਬਦਲੀ ਝੱਟ ਹੋ ਜਾਂਦੀ ਹੈ
ਜ਼ਿਲ੍ਹਾ ਮਾਨਸਾ ਦੇ ਕਸਬਾ ਜੋਗਾ ਦਾ ਵਾਸੀ ਸੁਖਵੀਰ ਸਿੰਘ ਬਰਨਾਲਾ ਜ਼ਿਲ੍ਹੇ ‘ਚ ਹੰਢਿਆਇਆ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਲਾਇਬ੍ਰੇਰੀਅਨ (ਰੈਗੂਲਰ) ਦੀ ਅਸਾਮੀ ‘ਤੇ ਸੇਵਾਵਾਂ ਨਿਭਾਅ ਰਿਹਾ ਹੈ, ਨੇ ਦੱਸਿਆ ਕਿ ਅਧਿਆਪਕਾਂ ਦੇ ਪਟਿਆਲਾ ਮੋਰਚੇ ‘ਚ ਜਾ ਕੇ ਸੰਘਰਸ਼ ਨੂੰ ਭਰਾਤਰੀ ਮੋਢਾ ਦਿੱਤਾ ਸੀ ਜੋ ਸਿੱਖਿਆ ਵਿਭਾਗ ਨੂੰ ਚੰਗਾ ਨਹੀਂ ਲੱਗਾ ਸਿੱਖਿਆ ਵਿਭਾਗ ਨੇ ਉਸ ਨੂੰ ਏਕੇ ਨੂੰ ਬਲ ਦੇਣ ਦੀ ਸਜ਼ਾ ਪ੍ਰਬੰਧਕੀ ਅਧਾਰ ‘ਤੇ ਬਦਲੀ ਹੰਢਿਆਇਆ ਤੋਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਘਰਿਆਲਾ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਕਰਕੇ ਦਿੱਤੀ ਹੈ
ਉਂਜ ਵਿਭਾਗ ਵੱਲੋਂ ਜ਼ਾਰੀ ਕੀਤੇ ਗਏ ਪੱਤਰ ‘ਚ ਬਦਲੀ ਦਾ ਕਾਰਨ ਸਕੂਲ ਦੇ ਇੱਕ ਸਟਾਫ ਮੈਂਬਰ ਵੱਲੋਂ ਕੀਤੀ ਗਈ ਸ਼ਿਕਾਇਤ ਦੱਸਿਆ ਹੈ ਕਿ ਸੁਖਵੀਰ ਸਿੰਘ ਨੇ ਸਟਾਫ ਮੈਂਬਰ ਨੂੰ ਗਾਲਾਂ ਕੱਢੀਆਂ ਤੇ ਵਟਸਐਪ ਗਰੁੱਪ ‘ਚ ਵੀ ਭੱਦੀ ਸ਼ਬਦਾਵਲੀ ਵਰਤੀ ਹੈ ਸੁਖਵੀਰ ਜੋਗਾ ਨੇ ਇਸ ਬਦਲੀ ਸਬੰਧੀ ਸੋਸ਼ਲ ਮੀਡੀਆ ‘ਤੇ ਵੀ ਇੱਕ ਪੋਸਟ ਪਾ ਕੇ ਦੱਸਿਆ ਹੈ ਕਿ ਉਸਦੀ ਬਦਲੀ ਵਾਲਾ ਨਵਾਂ ਸਕੂਲ ਉਸਦੀ ਰਿਹਾਇਸ਼ ਪਿੰਡ ਜੋਗਾ (ਮਾਨਸਾ) ਤੋਂ 170 ਕਿੱਲੋਮੀਟਰ ਦੀ ਦੂਰੀ ਉੱਪਰ ਹੈ ਤੇ ਉਹ ਵਿਭਾਗ ਦੇ ਇਸ ਨਾਦਰਸ਼ਾਹੀ ਫ਼ਰਮਾਨ ਦਾ ਵਿਰੋਧ ਕਰਦਾ ਹੈ ਸੁਖਵੀਰ ਜੋਗਾ ਨੇ ਆਖਿਆ ਕਿ ਉਹ ਇਸ ਨੂੰ ਸਿੱਖਿਆ ਵਿਭਾਗ ਪੰਜਾਬ ਦੇ ਜ਼ਿੰਮੇਵਾਰ ਅਹੁਦੇਦਾਰਾਂ ਦੀ ਇਖ਼ਲਾਕੀ ਹਾਰ ਮੰਨਦਾ ਹੈ
ਉਨ੍ਹਾਂ ਆਖਿਆ ਕਿ ਉਸਦਾ ਕਸੂਰ ਇਹ ਹੈ ਕਿ ਉਸਨੇ ਐਸਐਸਏ/ਰਮਸਾ, ਆਦਰਸ਼ ਮਾਡਲ ਸਕੂਲਾਂ ਦੇ ਅਤੇ 5178 ਆਦਿ ਸਕੀਮਾਂ ਅਧੀਨ ਭਰਤੀ ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਇਆ ਹੈ ਕਿਉਂਕਿ ਉਹ ਅਧਿਆਪਕਾਂ ਦੇ ਸੰਘਰਸ਼ ਨੂੰ ਤਨਖ਼ਾਹਾਂ ਵਧਾਉਣ ਦਾ ਮਸਲਾ ਨਾ ਮੰਨ ਕੇ ਪੰਜਾਬ ਦੀ ਸਕੂਲੀ ਸਿੱਖਿਆ ਪ੍ਰਤੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪਾਬੰਦ ਕਰਨ ਦੀ ਲੜਾਈ ਮੰਨਦਾ ਹੈ
ਸੁਖਵੀਰ ਜੋਗਾ ਨੇ ਦੱਸਿਆ ਕਿ ਵਿਭਾਗ ਵੱਲੋਂ ਬਦਲੀ ਪੱਤਰ ‘ਚ ਜੋ ਗੱਲ ਆਖੀ ਹੈ ਉਹ ਸੱਚਾਈ ਤੋਂ ਦੂਰ ਹੈ ਉਨ੍ਹਾਂ ਇਹ ਵੀ ਆਖਿਆ ਕਿ ਵਿਭਾਗ ਨੇ ਉਸਨੂੰ ਇਸ ਸਬੰਧੀ ਪਹਿਲਾਂ ਕੋਈ ਦੋਸ਼ ਪੱਤਰ ਜ਼ਾਰੀ ਨਹੀਂ ਕੀਤਾ ਤੇ ਨਾ ਹੀ ਕੋਈ ਇਸ ਸਬੰਧੀ ਪੜਤਾਲ ਕੀਤੀ ਹੈ ਉਨ੍ਹਾਂ ਦੱਸਿਆ ਕਿ ਉਹ ਘਰਿਆਲਾ ਸਕੂਲ ‘ਚ ਹਾਜ਼ਰ ਹੋ ਗਿਆ ਹੈ ਪਰ ਸੰਘਰਸ਼ਸ਼ੀਲ ਸਾਥੀਆਂ ਦਾ ਸਾਥ ਕਦੇ ਵੀ ਨਹੀਂ ਛੱਡੇਗਾ ਸੁਖਵੀਰ ਸਿੰਘ ਨੇ ਦੱਸਿਆ ਕਿ ਉਹ ਤਾਂ ਸਕੂਲ ਸਮੇਂ ਤੋਂ ਇਲਾਵਾ ਵੀ ਹੰਢਿਆਇਆ ਦੀ ਸ੍ਰ. ਕਰਮ ਸਿੰਘ ਮੈਮੋਰੀਅਲ ਲਾਇਬ੍ਰੇਰੀ ‘ਚ ਵਿਦਿਆਰਥੀਆਂ ਨੂੰ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਪੜ੍ਹਾਉਂਦਾ ਰਿਹਾ ਹੈ, ਜਿਸਦੇ ਸਿੱਟੇ ਵਜੋਂ ਸੈਸ਼ਨ 2017-18 ‘ਚ 20 ਤੇ 2018-19 ਵਿੱਚ ਕਰੀਬ 33 ਵਿਦਿਆਰਥੀਆਂ ਦੀ ਚੋਣ ਮੈਰੀਟੋਰੀਅਸ ਸਕੂਲਾਂ ਲਈ ਹੋਈ ਹੈ
ਸ਼ਿਕਾਇਤ ਦੇ ਅਧਾਰ ‘ਤੇ ਹੀ ਕੀਤੀ ਹੈ ਬਦਲੀ : ਬੁਲਾਰਾ
ਸਿੱਖਿਆ ਵਿਭਾਗ ਦੇ ਬੁਲਾਰੇ ਰਜਿੰਦਰ ਚੰਨੀ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਦੀ ਬਦਲੀ ਉਨ੍ਹਾਂ ਦੇ ਹੀ ਸਕੂਲ ਦੇ ਅਧਿਆਪਕ ਵੱਲੋਂ ਕੀਤੀ ਗਈ ਇੱਕ ਸ਼ਿਕਾਇਤ ਦੇ ਅਧਾਰ ‘ਤੇ ਹੀ ਹੋਈ ਹੈ ਪੜਤਾਲ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ (ਸੁਖਵੀਰ ਸਿੰਘ) ਅਰਜ਼ੀ ਦੇਣ ਤਾਂ ਪੜਤਾਲ ਕਰਵਾਈ ਜਾਵੇਗੀ ਬਿਨਾਂ ਪੜਤਾਲ ਤੋਂ ਬਦਲੀ ਸਬੰਧੀ ਬੁਲਾਰੇ ਨੇ ਆਖਿਆ ਕਿ ਸ਼ਿਕਾਇਤ ਕਰਤਾ ਵੱਲੋਂ ਦਿੱਤੇ ਤੱਥਾਂ ਦੇ ਅਧਾਰ ‘ਤੇ ਹੀ ਹੋਈ ਹੈ ਉਨ੍ਹਾਂ ਆਖਿਆ ਕਿ ਇਸ ਬਦਲੀ ਦਾ ਕਾਰਨ ਪਟਿਆਲਾ ਮੋਰਚੇ ‘ਚ ਜਾਣਾ ਨਹੀਂ ਹੈ s
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।