ਉਪ ਮੁੱਖ ਮੰਤਰੀ ਨੇ ਨਿਆਂ ਦਿਵਾਉਣ ਦਾ ਕੀਤਾ ਵਾਅਦਾ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਸਿੰਘੂ ਹੱਤਿਆ ਕਾਂਡ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਦੀ ਇੱਕ ਡੂੰਘੀ ਸਾਜ਼ਿਸ਼ ਜਾਪਦੀ ਹੈ। ਤਰਨਤਾਰਨ ਦੇ ਇੱਕ ਅਨੁਸੂਚਿਤ ਜਾਤੀ ਨਾਲ ਸਬੰਧਤ ਮਜ਼ਦੂਰ ਦੇ ਕਤਲ ਦੀ ਮੌਜੂਦਾ ਘਟਨਾ ਅਤੇ ਮੀਡੀਆ ਵਿੱਚ ਹੋਏ ਤਾਜਾ ਖੁਲਾਸਿਆਂ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ, ਜਿਨਾਂ ਕੋਲ ਗ੍ਰਹਿ ਵਿਭਾਗ ਹੈ, ਨੇ ਪੂਰਨ ਨਿਆਂ ਦਾ ਵਾਅਦਾ ਕਰਦਿਆਂ ਕਿਹਾ ਕਿ ਸਰਕਾਰ ਮਾਮਲੇ ਦੀ ਡੂੰਘਾਈ ਤੱਕ ਪਹੁੰਚੇਗੀ ਅਤੇ ਇਸ ਘਟਨਾ ਦੇ ਅਸਲ ਸਾਜਸ਼ਿਕਰਤਾਵਾਂ ਨੂੰ ਬੇਨਕਾਬ ਕਰੇਗੀ।
ਨਿਹੰਗ ਆਗੂਆਂ ਵਿੱਚੋਂ ਇੱਕ ਨਿਹੰਗ ਆਗੂ ਦੇ ਭਾਰਤ ਸਰਕਾਰ, ਖਾਸ ਕਰਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਸਬੰਧ ਹੋਣ ਬਾਰੇ ਹਾਲ ਹੀ ਵਿੱਚ ਹੋਏ ਖੁਲਾਸਿਆਂ ਦੇ ਮੱਦੇਨਜ਼ਰ, ਉਨਾਂ ਕਿਹਾ ਕਿ ਇਸ ਹੱਤਿਆਕਾਂਡ ਨੇ ਹੁਣ ਬਿਲਕੁਲ ਵੱਖਰਾ ਮੋੜ ਲੈ ਲਿਆ ਹੈ। ਉਹੀ ਨਿਹੰਗ ਆਗੂ ਹੁਣ ਲਖਬੀਰ ਸਿੰਘ ਦੀ ਹੱਤਿਆ ਦੇ ਮੁੱਖ ਦੋਸ਼ੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਲਖਬੀਰ ਸਿੰਘ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ ਅਤੇ ਬਹੁਤ ਗਰੀਬ ਸੀ। ਉਨਾਂ ਅੱਗੇ ਕਿਹਾ ਕਿ ਸਾਨੂੰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਉਸਨੂੰ ਸਿੰਘੂ ਸਰਹੱਦ ‘ਤੇ ਕੌਣ ਲੈ ਕੇ ਗਿਆ ਸੀ ਅਤੇ ਕਿਸਨੇ ਦਿਲੀ ਤੱਕ ਉਸਦੀ ਯਾਤਰਾ ਦਾ ਖਰਚ ਕੀਤਾ ਸੀ ਕਿਉਂਕਿ ਉਸ ਕੋਲ ਆਪਣੀ ਰੋਟੀ ਲਈ ਵੀ ਪੈਸੇ ਨਹੀਂ ਸਨ। ਉਨਾਂ ਨੇ ਸਥਾਨਕ ਪਸ਼ਾਸਨ ਨੂੰ ਉਨਾਂ ਕਾਰਨਾਂ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਜਿਨਾਂ ਕਾਰਨਾਂ ਕਰਕੇ ਲਖਵੀਰ ਚੀਮਾ ਕਲਾਂ ਪਿੰਡ ਤੋਂ ਸਿੰਘੂ ਬਾਰਡਰ ਗਿਆ ਸੀ।
ਹਾਲ ਹੀ ਵਿੱਚ ਸਾਹਮਣੇ ਆਈਆਂ ਤਾਜ਼ਾ ਤਸਵੀਰਾਂ ਦੇ ਮੱਦੇਨਜ਼ਰ ਰੰਧਾਵਾ ਨੇ ਕਿਹਾ ਕਿ ਨਿਹੰਗ ਆਗੂ ਨੂੰ ਕੇਂਦਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਆਪਣੀ ਮੁਲਾਕਾਤ ਦਾ ਕਾਰਨ ਦੱਸਣ ਦੀ ਜ਼ਰੂਰਤ ਹੋਵੇਗੀ ਅਤੇ ਇਹ ਵੀ ਦੱਸਣਾ ਹੋਵੇਗਾ ਕਿ ਕੀ ਉਨਾਂ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਵਿਰੁੱਧ ਮੁਹਿੰਮ ਦੀ ਅਗਵਾਈ ਕਰ ਰਹੇ ਕਿਸਾਨ ਯੂਨੀਅਨਾਂ ਵੱਲੋਂ ਅਜਿਹਾ ਕਰਨ ਦਾ ਆਦੇਸ ਦਿੱਤਾ ਗਿਆ ਸੀ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਨਿਹੰਗ ਆਗੂਆਂ ਵੱਲੋਂ ਸਿੰਘੂ ਬਾਰਡਰ ‘ਤੇ ਡੇਰੇ ਅਤੇ ਧਰਨੇ ਵਾਲੇ ਸਥਾਨ ਦੀ ਮਹੱਤਤਾ ਨੂੰ ਵੇਖਦਿਆਂ ਨਿਹੰਗ ਆਗੂਆਂ ਲਈ ਕਿਸਾਨ ਯੂਨੀਅਨਾਂ ਨੂੰ ਸੂਚਿਤ ਕਰਨਾ ਅਤੇ ਕੇਂਦਰੀ ਮੰਤਰੀ ਨਾਲ ਉਨਾਂ ਦੀਆਂ ਮੀਟਿੰਗਾਂ ਬਾਰੇ ਅਪਡੇਟ ਦੇਣਾ ਲਾਜ਼ਮੀ ਸੀ। ਉਨਾਂ ਕਿਹਾ ਕਿ ਇਸ ਨਾਲ ਲੋਕਾਂ ਦੇ ਮਨਾਂ ਵਿੱਚ ਸੰਕੇ ਅਤੇ ਸੱਕ ਪੈਦਾ ਹੋਏ ਹਨ ਜਿਨਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਅਤੇ ਪੰਜਾਬ ਸਰਕਾਰ ਸਾਜ਼ਿਸ਼ ਦੀ ਜੜ ਤੱਕ ਪਹੁੰਚਣ ਅਤੇ ਦੋਸ਼ੀਆਂ ਨੂੰ ਬੇਨਕਾਬ ਕਰਨ ਅਤੇ ਸਜਾ ਦੇਣ ਲਈ ਹਰ ਸੰਭਵ ਯਤਨ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ