ਚੰਡੀਗੜ ਵਿਖੇ ਸਿਆਸੀ ਪਾਰਟੀਆਂ ਨਾਲ ਮੀਟਿੰਗ ਦੌਰਾਨ ਸੁਣਾਇਆ ਗਿਆ ਸੀ ਰੋਕ ਦਾ ਫੈਸਲਾ
- ਸਿਆਸੀ ਪਾਰਟੀਆਂ ਨੂੰ ਦਿੱਤੀ ਗਈ ਸੀ ਚਿਤਾਵਨੀ, ਕਿਸਾਨ ਵਿਰੋਧੀ ਕਰਾਰ ਦੇ ਦਿੱਤੀ ਜਾਏਗੀ ਸਿਆਸੀ ਪਾਰਟੀ
(ਅਸ਼ਵਨੀ ਚਾਵਲਾ) ਚੰਡੀਗੜ। ਤਿੰਨ ਕਾਲੇ ਖੇਤੀ ਕਾਨੂੰੂਨਾਂ ਖ਼ਿਲਾਫ਼ ਲੜਾਈ ਲੜ ਰਹੇ ਕਿਸਾਨ ਜਥੇਬੰਦੀਆਂ ਵਲੋਂ ਤਿਆਰ ਕੀਤੇ ਗਏ ਕਿਸਾਨ ਜ਼ਾਬਤੇ ਦੀ ਉਲੰਘਣਾ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਸ਼ਨੀਵਾਰ ਨੂੰ ਕਰ ਦਿੱਤੀ ਗਈ ਹੈ। ਪੰਜਾਬ ਵਿੱਚ ਸਿਆਸੀ ਪਾਰਟੀ ਦੀ ਰੈਲੀਆਂ ‘ਤੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਬਸਪਾ-ਅਕਾਲੀ ਦਲ ਨੇ ਰੈਲੀ ਕੀਤੀ ਤਾਂ ਸੁਖਬੀਰ ਬਾਦਲ ਇਸ ਰੈਲੀ ਵਿੱਚ ਭਾਗ ਲੈਣ ਲਈ ਜਲੰਧਰ ਵਿਖੇ ਪੁੱਜੇ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਗੁੱਸਾ ਵੀ ਸਤਵੇਂ ਆਸਮਾਨ ’ਤੇ ਪੁੱਜ ਗਿਆ ਹੈ ਕਿ ਜਦੋਂ ਇਸ ਤਰਾਂ ਦੀ ਰੈਲੀ ਕਰਨ ’ਤੇ ਰੋਕ ਲਗਾਈ ਹੋਈ ਹੈ ਤਾਂ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਰੈਲੀ ਨਹੀਂ ਕਰਨੀ ਚਾਹੀਦੀ ਸੀ। ਹੁਣ ਇਸ ਮਾਮਲੇ ਵਿੱਚ ਜਲਦ ਹੀ ਕੋਈ ਸਖ਼ਤ ਫੈਸਲਾ ਕਰਨ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ। ਜਲੰਧਰ ਵਿਖੇ ਹੋਈ ਇਸ ਸਿਆਸੀ ਰੈਲੀ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਣਾ ਵੀ ਤੈਅ ਮੰਨਿਆ ਜਾ ਰਿਹਾ ਹੈ ਕਿਉਂਕਿ ਸ਼ੋ੍ਰਮਣੀ ਅਕਾਲੀ ਦਲ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਕਹਾਉਂਦੀ ਹੈ ਅਤੇ ਉਸ ਨੇ ਹੀ ਸਾਂਝੇ ਮੋਰਚੇ ਵਲੋਂ ਲਗਾਈ ਗਈ ਇਸ ਪਾਬੰਦੀ ਨੂੰ ਸਾਰੀਆਂ ਤੋਂ ਪਹਿਲਾਂ ਤੋੜੀਆਂ ਗਿਆ ਹੈ।
ਜਲੰਧਰ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਨੇ ਰੱਖੀ ਸੀ ਸਾਂਝੀ ਰੈਲੀ, ਸੁਖਬੀਰ ਬਾਦਲ ਨੇ ਲਿਆ ਭਾਗ
ਜਾਣਕਾਰੀ ਅਨੁਸਾਰ ਦਿੱਲੀ ਬਾਰਡਰ ‘ਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚਲ ਰਹੇ ਸੰਘਰਸ਼ ਨੂੰ ਕਿਸੇ ਵੀ ਤਰਾਂ ਦੀ ਆਂਚ ਨਾ ਆਵੇ ਅਤੇ ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਦਾ ਧਿਆਨ ਨਾ ਭਟਕੇ ਇਸ ਲਈ ਸਾਂਝੇ ਮੋਰਚੇ ਵਲੋਂ 10 ਸਤੰਬਰ ਨੂੰੂ ਚੰਡੀਗੜ ਵਿਖੇ ਇੱਕ ਮੀਟਿੰਗ ਰੱਖੀ ਗਈ ਸੀ।
ਜਿਸ ਵਿੱਚ ਭਾਜਪਾ ਨੂੰ ਛੱਡ ਕੇ ਪੰਜਾਬ ਦੀ ਸਾਰੀ ਸਿਆਸੀ ਪਾਰਟੀਆਂ ਨੂੰ ਮੀਟਿੰਗ ਵਿੱਚ ਸੱਦਿਆ ਗਿਆ ਸੀ। ਇਸ ਮੀਟਿੰਗ ਵਿੱਚ ਸਾਰੀ ਸਿਆਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤੇ ਦਾ ਐਲਾਨ ਕੀਤੇ ਜਾਣ ਤੱਕ ਕੋਈ ਵੀ ਸਿਆਸੀ ਰੈਲੀ ਜਾਂ ਫਿਰ ਮੀਟਿੰਗ ਨਹੀਂ ਕਰਨ ਲਈ ਕਿਹਾ ਗਿਆ ਸੀ। ਇਥੇ ਹੀ ਇਹ ਵੀ ਕਿਹਾ ਗਿਆ ਸੀ ਕਿ ਜਿਹੜੀ ਵੀ ਸਿਆਸੀ ਪਾਰਟੀ ਕੋਈ ਰੈਲੀ ਜਾਂ ਫਿਰ ਸਿਆਸੀ ਮੀਟਿੰਗ ਕਰਦੀ ਹੈ ਤਾਂ ਉਸ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਉਸ ਸਿਆਸੀ ਪਾਰਟੀ ਦਾ ਜੰਮ ਕੇ ਵਿਰੋਧ ਕੀਤਾ ਜਾਏਗਾ। ਸਾਂਝੇ ਮੋਰਚੇ ਵਲੋਂ ਪੰਜਾਬ ਦੀ ਸਿਆਸੀ ਪਾਰਟੀਆਂ ਲਈ ਐਲਾਨ ਕੀਤੇ ਗਏ ਇਸ ਨਵੇਂ ‘ਕਿਸਾਨ ਜ਼ਾਬਤੇ’ ਤੋਂ ਬਾਅਦ ਲਗਭਗ ਸਾਰੀ ਸਿਆਸੀ ਪਾਰਟੀਆਂ ਵਲੋਂ ਚੁੱਪ ਧਾਰਦੇ ਹੋਏ ਇਸ ਤਰਾਂ ਦੇ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾਣਾ ਸ਼ੁਰੂ ਹੋ ਗਿਆ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਵੀ ‘ਗੱਲ ਪੰਜਾਬ ਦੀ’ ਪ੍ਰੋਗਰਾਮ ਨੂੰ ਟਾਲ ਦਿੱਤਾ।
ਬੀਤੇ ਇੱਕ ਮਹੀਨੇ ਤੋਂ ਇਸ ਕਿਸਾਨ ਜ਼ਾਬਤੇ ਨੂੰ ਮੰਨਣ ਵਾਲੀ ਸਿਆਸੀ ਪਾਰਟੀਆਂ ਵਿੱਚੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਨੇ ਸ਼ਨੀਵਾਰ ਨੂੰ ਰੈਲੀ ਕਰਦੇ ਹੋਏ ਇਸ ਦਾ ਉਲੰਘਣ ਕਰ ਦਿੱਤਾ ਹੈ। ਇਸ ਗਠਜੋੜ ਵਲੋਂ ਜਲੰਧਰ ਵਿਖੇ ਰੈਲੀ ਕੀਤੀ ਗਈ ਹੈ ਅਤੇ ਇਸ ਰੈਲੀ ਨੂੰ ਮੁੱਖ ਤੌਰ ’ਤੇ ਬਹੁਜਨ ਸਮਾਜ ਪਾਰਟੀ ਵਲੋਂ ਰੱਖਿਆ ਗਿਆ ਸੀ ਤਾਂ ਸੁਖਬੀਰ ਬਾਦਲ ਭਾਰੀ ਵਿਰੋਧ ਦੇ ਬਾਵਜੂਦ ਇਸ ਰੈਲੀ ਵਿੱਚ ਭਾਗ ਲੈਣ ਲਈ ਪੁੱਜੇ ਸਨ। ਇਸ ਰੈਲੀ ਦੇ ਹੋਣ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਮੰਨ ਬਣਾ ਲਿਆ ਹੈ। ਇਸ ਲਈ ਜਲਦ ਹੀ ਕਿਸਾਨ ਜਥੇਬੰਦੀਆਂ ਵਲੋਂ ਫੈਸਲਾ ਕੀਤਾ ਜਾਏਗਾ।
ਸੁਖਬੀਰ ਬਾਦਲ ਨੇ ਰੈਲੀ ਕਰਕੇ ਠੀਕ ਨਹੀਂ ਕੀਤਾ : ਭਾਕਿਊ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਇਸ ਰੈਲੀ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਗਿਆ ਹੈ ਕਿ ਸੁਖਬੀਰ ਬਾਦਲ ਨੇ ਇਸ ਰੈਲੀ ਨੂੰ ਕਰਕੇ ਹੀ ਠੀਕ ਨਹੀਂ ਕੀਤਾ ਹੈ। ਯੂਨੀਅਨ ਦੇ ਬੁਲਾਰੇ ਕਸ਼ਮੀਰ ਸਿੰਘ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਸਿਆਸੀ ਪਾਰਟੀਆਂ ਨੂੰ ਰੈਲੀ ਕਰਨ ’ਤੇ ਰੋਕ ਹੈ ਤਾਂ ਸੁਖਬੀਰ ਬਾਦਲ ਇਸ ਤਰਾਂ ਦੀ ਬੇਤੁਕੀ ਜਿੱਦ ਕਿਉਂ ਕਰ ਰਹੇ ਹਨ ਕਿ ਉਹ ਰੈਲੀਆਂ ਕਰਨਗੇ। ਉਨਾਂ ਕਿਹਾ ਕਿ ਜਲਦ ਹੀ ਕਿਸਾਨ ਜਥੇਬੰਦੀਆਂ ਸੁਖਬੀਰ ਬਾਦਲ ਦੀ ਇਸ ਜਿੱਦ ਸਬੰਧੀ ਫੈਸਲਾ ਕਰਨਗੀਆਂ।
ਲਖੀਮਪੂਰ ਖੀਰੀ ਹਾਦਸੇ ਦੇ ਬਾਵਜੂਦ ਹੋਈ ਰੈਲੀ
ਉੱਤਰ ਪ੍ਰਦੇਸ਼ ਦੇ ਲਖੀਮਪੂਰ ਖੀਰੀ ਵਿਖੇ ਹੋਏ ਹਾਦਸੇ ’ਚ ਮੌਤ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਪਰਿਵਾਰਾਂ ਦੀਆਂ ਦਰਦ ਵੀ ਅਜੇ ਘੱਟ ਨਹੀਂ ਸੀ ਕਿ ਸੁਖਬੀਰ ਬਾਦਲ ਵਲੋਂ ਜਲੰਧਰ ਵਿਖੇ ਇਸ ਤਰਾਂ ਦੀ ਰੈਲੀ ਵਿੱਚ ਭਾਗ ਲਿਆ ਗਿਆ। ਜਿਸ ਕਾਰਨ ਹੀ ਕਿਸਾਨਾਂ ਵਿੱਚ ਗੁੱਸਾ ਕਾਫ਼ੀ ਜਿਆਦਾ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਸ਼ੋ੍ਰਮਣੀ ਅਕਾਲੀ ਦਲ ਤੋਂ ਕੋਈ ਉਮੀਦ ਨਹੀਂ ਸੀ ਕਿ ਇਸ ਅਤਿ ਦੁਖਦਾਈ ਹਾਦਸੇ ਦੇ ਬਾਵਜੂਦ ਸੁਖਬੀਰ ਬਾਦਲ ਰੈਲੀਆਂ ਵਿੱਚ ਸੰਬੋਧਨ ਕਰਦੇ ਨਜ਼ਰ ਆਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ