‘ਬਾਦਲ ਪਿਓ-ਪੁੱਤਰਾਂ ਤੇ ਸੁਮੇਧ ਸੈਣੀ ਦਾ ਪਾਸਪੋਰਟ ਜ਼ਬਤ ਹੋਵੇ’
ਸੰਗਰੂਰ (ਗੁਰਪ੍ਰੀਤ ਸਿੰਘ) | ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ‘ਤੇ ਸ਼ਿਕੰਜਾ ਪੂਰੀ ਤਰ੍ਹਾਂ ਕਸਿਆ ਜਾ ਚੁੱਕਿਆ ਹੈ। ਹੁਣ ਸੁਖਬੀਰ ਬਾਦਲ ਦੇਸ਼ ਛੱਡ ਕੇ ਭੱਜਣ ਦੀ ਫ਼ਿਰਾਕ ਵਿੱਚ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਆਪਣੇ ਦਫ਼ਤਰ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਮਾਨ ਨੇ ਮੰਗ ਕੀਤੀ ਕਿ ਬਾਦਲ ਪਿਓ ਪੁੱਤਰਾਂ ਤੇ ਸੁਮੇਧ ਸੈਣੀ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਤਾਂ ਜੋ ਇਹ ਦੇਸ਼ ਛੱਡ ਕੇ ਭੱਜ ਨਾ ਸਕਣ। ਮਾਨ ਨੇ ਇਹ ਵੀ ਕਿਹਾ ਕਿ ਜੇਕਰ ਬਾਹਰ ਚਲੇ ਗਏ ਤਾਂ ਇਨ੍ਹਾਂ ਨੂੰ ਵਿਜੈ ਮਾਲਿਆ ਵਾਂਗ ਫੜਨਾ ਔਖਾ ਹੋ ਜਾਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਬਹਿਬਲ ਕਲਾਂ ਕੇਸ ਵਿੱਚ ਬਾਦਲਾਂ ਦਾ ਪੱਖ ਪੂਰਨ ਦਾ ਦੋਸ਼ ਲਾਇਆ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਵਿੱਚ ਫਸ ਕੇ ਹੀ ਸੁਖਬੀਰ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਆਪਣੇ ਆਪ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਬਾਦਲ ਨੂੰ ਸਵਾਲ ਕਰਦਿਆਂ ਇਹ ਵੀ ਕਿਹਾ ਕਿ ਹੁਣ 80ਵੇਂ ਦਹਾਕੇ ਵਾਲਾ ਸਮਾਂ ਨਹੀਂ ਰਿਹਾ ਜਦੋਂ ਉਹ ਜਥੇਦਾਰਾਂ ਨੂੰ ਗੱਲਾਂ ਵਿੱਚ ਲਾ ਕੇ ਜੇਲ੍ਹਾਂ ਵਿੱਚ ਬਹਿ ਜਾਂਦੇ ਸਨ। ਬਾਦਲ ਵੱਲੋਂ ਜੇਲ੍ਹ ਜਾਣ ਲਈ ਆਪਣੇ ਕੱਪੜੇ ਤਿਆਰ ਕਰਨ ਦੇ ਦਿੱਤੇ ਬਿਆਨ ਦੇ ਜਵਾਬ ਵਿੱਚ ਵੀ ਉਨ੍ਹਾਂ ਵਿਅੰਗ ਨਾਲ ਕਿਹਾ ਕਿ ਸ: ਬਾਦਲ ਇਸ ਗੱਲ ਦਾ ਫ਼ਿਕਰ ਨਾ ਕਰਨ ਕਿਉਂਕਿ ਜ਼ੇਲ੍ਹ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਵਰਦੀ ਮਿਲੇਗੀ।
ਉਨ੍ਹਾਂ ਕਿਹਾ ਕਿ ਹੁਣ ਵੀ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਇੱਥੇ ਆ ਕੇ ਰੁਕੀ ਹੋਈ ਹੈ ਕਿ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਉਦੋਂ ਮੁੱਖ ਮੰਤਰੀ ਅਤੇ ਸੁਖਬੀਰ ਬਾਦਲ ਗ੍ਰਹਿ ਮੰਤਰੀ ਸਨ, ਇਸ ਕਾਰਨ ਇਹ ਜ਼ਿੰਮੇਵਾਰੀ ਸਿੱਧੀ ਇਨ੍ਹਾਂ ਦੀ ਹੀ ਬਣਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ