ਗਰਮੀ ਦੇ ਵਾਧੇ ਨਾਲ ਬਿਜਲੀ ਦੀ ਮੰਗ ‘ਚ ਇਕਦਮ ਵਾਧਾ

Sudden, Increase, Electricity, Heat

ਮੰਗ 5800 ਮੈਗਾਵਾਟ ‘ਤੇ ਪੁੱਜੀ, ਆਉਣ ਵਾਲੇ ਦਿਨਾਂ ਵਿੱਚ ਹੋਰ ‘ਤੇ ਜਾਵੇਗੀ ਮੰਗ

ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਤਾਪਮਾਨ ਵਿੱਚ ਵਾਧਾ ਹੋਣ ਦੇ ਨਾਲ ਹੀ ਬਿਜਲੀ ਦੀ ਮੰਗ ਵਿੱਚ ਵੀ ਇਕਦਮ ਵਾਧਾ ਹੋਣ ਲੱਗਾ ਹੈ। ਗਰਮੀ ਆਉਂਦਿਆਂ ਹੀ ਤਕਨੀਕੀ ਨੁਕਸ ਵੀ ਵਧਣ ਲੱਗੇ ਹਨ, ਜਿਸ ਕਾਰਨ ਬਿਜਲੀ ਕੱਟ ਲੱਗਣ ਲੱਗੇ ਹਨ। ਬਿਜਲੀ ਦੀ ਮੰਗ 5800 ਮੈਗਾਵਾਟ ਤੇ ਪੁੱਜ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵਾਧੇ ਦੇ ਸੰਕੇਤ ਹਨ। ਪਿਛਲੇ ਇੱਕ ਹਫ਼ਤੇ ਵਿੱਚ ਵੀ ਇੱਕ ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਦੀ ਮੰਗ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਲੰਘੇ ਦੋਂ ਦਿਨਾਂ ਵਿੱਚ ਹੀ ਤਾਪਮਾਨ ਵਿੱਚ ਕਾਫੀ ਇਜਾਫ਼ਾ ਹੋਇਆ ਹੈ, ਜਿਸ ਨਾਲ ਬਿਜਲੀ ਦੀ ਮੰਗ ਵਿੱਚ ਇਕਦਮ ਵਾਧਾ ਹੋ ਗਿਆ ਹੈ। ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਬਿਜਲੀ ਦੀ ਮੰਗ 5800 ਮੈਗਾਵਾਟ ਨੂੰ ਪਾਰ ਕਰ ਗਈ ਹੈ, ਜੋ ਕਿ ਪਿਛਲੇ ਹਫ਼ਤੇ ਲਗਭਗ 4500 ਮੈਗਾਵਾਟ ਸੀ। ਇਸ ਹਫ਼ਤੇ ਵਿੱਚ ਵੀ ਬਿਜਲੀ ਦੀ ਮੰਗ ‘ਚ 1300 ਮੈਗਾਵਾਟ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਪਾਵਰਕੌਮ ਦੇ ਸਰਕਾਰੀ ਥਰਮਲਾਂ ਵਿੱਚੋਂ ਸਿਰਫ਼ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਸਿਰਫ਼ ਇੱਕ ਯੂਨਿਟ ਹੀ ਚਾਲੂ ਹੈ, ਜਿਸ ਤੋਂ 173 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਜਦਕਿ ਬਾਕੀ ਥਰਮਲਾਂ ਦੇ ਯੂਨਿਟ ਬੰਦ ਕੀਤੇ ਹੋਏ ਹਨ।
ਇਸ ਤੋਂ ਇਲਾਵਾ ਤਿੰਨੇ ਪ੍ਰਾਈਵੇਟ ਥਰਮਲ ਗਤੀਸੀਲ ਹਨ। ਰਾਜਪੁਰਾ ਥਰਮਲ ਪਲਾਂਟ ਤੋਂ 660 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ, ਜਦਕਿ ਤਲਵੰਡੀ ਸਾਬੋ ਥਰਮਲ ਪਲਾਟ ਦੇ ਤਿੰਨੇ ਯੂਨਿਟ ਚਾਲੂ ਹਨ, ਇੱਥੋਂ 1687 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਗੋਇਦਵਾਲ ਸਾਹਿਬ ਥਰਮਲ ਪਲਾਟ ਤੋਂ 292 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ।
ਪਾਵਰਕੌਮ ਵੱਲੋਂ ਕੇਂਦਰੀ ਪੂਲ ਤੋਂ ਸ਼ਡਿਊਲ ਅਨੁਸਾਰ 2230 ਮੈਗਾਵਾਟ ਬਿਜਲੀ ਪ੍ਰਾਪਤ ਕਰਨੀ ਸੀ ਪਰ ਇੱਥੋਂ 24 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਵਰਕੌਮ ਵੱਲੋਂ ਹੋਰ ਸ੍ਰੋਤਾਂ ਤੋਂ ਵੀ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਉਂਜ ਗਰਮੀ ਦੇ ਵਧਣ ਨਾਲ ਤਕਨੀਕੀ ਨੁਕਸ ਵੀ ਪੈਣ ਲੱਗੇ ਹਨ, ਜਿਸ ਕਾਰਨ ਅੱਜ ਪਟਿਆਲਾ ਸ਼ਹਿਰ ਅੰਦਰ ਕਈ ਘੰਟੇ ਬਿਜਲੀ ਬੰਦ ਰਹੀ। ਇਸ ਤੋਂ ਇਲਾਵਾ ਦਿਹਾਤੀ ਖੇਤਰਾਂ ‘ਚ ਰਾਤ-ਬਰਾਤੇ ਬਿਜਲੀ ਭੱਜਣ ਲੱਗੀ ਹੈ।  ਪਾਵਰਕੌਮ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਵਾਰ ਗਰਮੀ ਤੇ ਝੋਨੇ ਦੇ ਸੀਜ਼ਨ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਤੇ ਬਿਜਲੀ ਦੀ ਕਿੱਲਤ ਪੈਦਾ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਬਿਜਲੀ ਗੁੱਲ ਹੋ ਰਹੀ ਹੈ, ਉਹ ਸਿਰਫ਼ ਤਕਨੀਕੀ ਨੁਕਸ ਕਾਰਨ ਹੀ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਕੋਲ ਬਿਜਲੀ ਵਾਧੂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here