ਮਾਮਲਾ: ਹੋਸਟਲ ‘ਚ ਵਿਦਿਆਰਥੀਆਂ ਨੂੰ ਆਉਂਦੀਆਂ ਸਮੱਸਿਆਵਾਂ ਦਾ
ਸੱਚ ਕਹੂੰ ਨਿਊਜ਼, ਪਟਿਆਲਾ:ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੈਮੋਕ੍ਰੇਟਿਕ ਸਟੂਡੈਂਟ ਆਰਗੇਨਾਈਜੇਸ਼ਨ (ਡੀ.ਐੱਸ.ਓ) ਦੀ ਯੂਨੀਵਰਸਿਟੀ ਕਾਲਜ ਆੱਫ ਇੰਜੀਨੀਅਰਿੰਗ (ਯੂਕੋ) ਕਮੇਟੀ ਦੇ ਮੈਂਬਰਾਂ ਨੇ ਬੰਦਾ ਸਿੰਘ ਬਹਾਦਰ ਹੋਸਟਲ ‘ਚ ਵਿਦਿਆਰਥੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਵਿਰੋਧ ‘ਚ ਅੱਜ ਰੋਸ ਪ੍ਰਦਰਸ਼ਨ ਕੀਤਾ ਅੱਜ ਵਿਦਿਆਰਥੀਆਂ ਨੇ ਹੋਸਟਲ ਦਾ ਸਾਰਾ ਕੂੜਾ ਡੀਨ ਵਿਦਿਆਰਥੀ ਭਲਾਈ ਦੇ ਦਫਤਰ ਅੱਗੇ ਢੇਰ ਕਰਕੇ ਯੂਨੀਵਰਸਿਟੀ ਪ੍ਰਸ਼ਾਸ਼ਨ ਤੇ ਧਮਕੀਆਂ ਦੇਣ ਵਾਲੇ ਵਾਰਡਨ ਖਿਲਾਫ ਨਾਅਰੇਬਾਜੀ ਕੀਤੀ।
‘ਵਰਸਿਟੀ ਪ੍ਰਸ਼ਾਸਨ ਤੇ ਹੋਸਟਲ ਵਾਰਡਨ ਖਿਲਾਫ ਕੀਤੀ ਨਾਅਰੇਬਾਜ਼ੀ
ਡੀ.ਐੱਸ.ਓ ਦੇ ਬੁਲਾਰੇ ਆਕਾਸ਼ ਨੇ ਦੱਸਿਆ ਕਿ ਹੋਸਟਲ ‘ਚ ਸਮੱਸਿਆਵਾਂ ਦੀ ਭਰਮਾਰ ਹੈ ਪਰ ਪ੍ਰਸ਼ਾਸ਼ਨ ਵਲੋਂ ਇੰਨ੍ਹਾ ਉੱਪਰ ਧਿਆਨ ਦੇਣ ਦੀ ਬਜਾਏ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਡੀ.ਐੱਸ.ਓ ਵਲੋਂ ਮੰਗ ਰੱਖੀ ਗਈ ਕਿ ਹੋਸਟਲਾਂ ਦੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅਤੇ ਹੋਸਟਲਾਂ ਵਿੱਚ ਹੋ ਰਹੇ ਘਪਲਿਆਂ ਨੂੰ ਉਜਾਗਰ ਕਰਨ ਲਈ ਜਾਂਚ ਕਮੇਟੀ ਬਿਠਾਈ ਜਾਵੇ ਤਾਂ ਕਿ ਪਾਰਦਰਸ਼ਤਾ ਲਿਆਂਦੀ ਜਾ ਸਕੇ। ਡੀ.ਐੱਸ.ਓ ਦੇ ਆਗੂਆਂ ਨੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇ ਪ੍ਰਸ਼ਾਸ਼ਨ ਵਲੋਂ ਮੰਗਾਂ ਨੂੰ ਨਾ ਮੰਨੀਆਂ ਗਈਆਂ ਤਾਂ ਵੱਡਾ ਸੰਘਰਸ਼ ਆਰੰਭਿਆ ਜਾਵੇਗਾ।
ਖਸਤਾ ਹਾਲ ਹਨ ਹੋਸਟਲ: ਆਗੂ
ਆਰਗੇਨਾਈਜੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਹੋਸਟਲਾਂ ਦੀ ਹਾਲਤ ਖਸਤਾ ਹੈ। ਹੋਸਟਲਾਂ ਵਿੱਚ ਵਧੀਆ ਖਾਣਾ ਨਹੀਂ ਮਿਲਦਾ, ਸਫਾਈ ਦਾ ਕੋਈ ਪ੍ਰਬੰਧ ਨਹੀਂ,ਪੀਣ ਵਾਲਾ ਪਾਣੀ ਨਹੀਂ, ਸੀਵਰੇਜ ਬਲਾੱਕ ਹੋਣ ਕਰਕੇ ਬਾਥਰੂਮ ਵਿੱਚ ਪਾਣੀ ਖੜਾ ਰਹਿੰਦਾ ਹੈ, ਵਾਈ ਫਾਈ ਦੀ ਸੁਵਿਧਾ ਵੀ ਠੱਪ ਹੈ। ਇੰਨ੍ਹਾ ਸਮੱਸਿਆਵਾਂ ਨੂੰ ਲੈ ਕੇ ਅੱਜ ਹੋਸਟਲ ਦੀਆਂ ਸਮੱਸਿਆਵਾਂ ਸੰਬੰਧੀ ਪਹਿਲਾਂ ਵੀ ਕਈ ਵਾਰ ਵਾਰਡਨ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ ਵਾਰਡਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।